ਯੈੱਸ ਪੰਜਾਬ
ਚੰਡੀਗੜ੍ਹ, 12 ਜੁਲਾਈ, 2020:
ਹਰਿਆਣਾ ਸਰਕਾਰ ਵੱਲੋਂ ਪਾਬੰਦੀਸ਼ੁਦਾ ਸਿੱਖਸ ਫ਼ਾਰ ਜਸਟਿਸ ਦੇ ਅਮਰੀਕਾ ਵਿਚ ਸਥਾਪਿਤ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਦੇ ਖਿਲਾਫ਼ ਉਸ ਵੱਲੋਂ ਕੀਤੀਆਂ ਜਾਣ ਵਾਲੀਆਂ ਭੜਕਾਉੂ ਫ਼ੋਨ ਕਾਲਾਂ ਦੇ ਮੱਦੇਨਜ਼ਰ 10 ਦਿਨ ਪਹਿਲਾਂ ਦਰਜ ਕੀਤੇ ਗਏ ਇਕ ਮੁਕੱਦਮੇ ਤੋਂ ਬਾਅਦ ਹੁਣ ਇਕ ਹੋਰ ਮੁਕੱਦਮਾ ਦਰਜ ਕੀਤਾ ਗਿਆ ਹੈ।
ਹਰਿਆਣਾ ਪੁਲਿਸ ਵੱਲੋਂ ਦੇਸ਼ਧ੍ਰੋਹ ਅਤੇ ਵੱਖਵਾਦੀ ਕਾਰਵਾਈਆਂ ਸੰਬੰਧੀ ਇਹ ਮੁਕੱਦਮਾ ਕੁਰੁਕਸ਼ੇਤਰ ਵਿਖ਼ੇ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਹਰਿਆਣਾ ਪੁਲਿਸ ਦੇ ਇਥ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਹਿਲਾਂ ਹੀ ਪੰਨੂੰ ਨੂੰ ਦਹਿਸ਼ਤਗਰਦ ਐਲਾਨਿਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲਿਸ ਨੇ ਪੰਨੂੰ ਵੱਲੋਂ ਪਿਛਲੇ ਹਫ਼ਤੇ ਦੌਰਾਨ ਬਣਾਈਆਂ ਅਤੇ ਚਲਾਈਆਂ ਜਾ ਰਹੀਆਂ ਸਿੱਖਸ ਫ਼ਾਰ ਜਸਟਿਸ ਨਾਲ ਸੰਬੰਧਿਤ ਸਾਰੀਆਂ ਵੈਬਸਾਈਟਾਂ ਨੂੰ ‘ਬਲਾਕ’ ਕਰ ਦਿੱਤਾ ਗਿਆ ਹੈ।
ਬੁਲਾਰੇ ਨੇ ਦੱÎਸਿਆ ਕਿ ‘ਆਟੋਮੇਟਿਡ ਕਾਲਾਂ’ ਰਾਹੀਂ ਪੰਨੂੰ ਵੱਲੋਂ ‘ਖ਼ਾਲਿਸਤਾਨ’ ਦੇ ਨਾਂਅ ’ਤੇ ਭਾਰਤ ਦੇ ਖਿਲਾਫ਼ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਰਾਹੀਂ ਉਹ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਚੁਣੌਤੀ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਨੂੰ ਦੇ ਖਿਲਾਫ਼ ਐਫ.ਆਈ.ਆਰ. ਉਸ ਵੱਲੋਂ ਹਰਿਆਣਾਂ ਸਰਕਾਰ ਅਤੇ ਹਰਿਆਣਾ ਦੇ ਲੋਕਾਂ ਨੂੰ ਸਿੱਖਾਂ ਅਤੇ ਪੰਜਾਬੀਆਂ ਦੇ ਖਿਲਾਫ਼ ਦੱਸੇ ਜਾਣ ਦੇ ਆਧਾਰ ’ਤੇ ਦਰਜ ਕੀਤੀ ਗਈ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂੰ ਦੇ ਖਿਲਾਫ਼ ਐਫ.ਆਈ.ਆਰ. ਗੁਰੂਗ੍ਰਾਮ ਥਾਣੇ ਵਿਚ ਦਰਜ ਕੀਤੀ ਗਈ ਸੀ।
ਇੱਥੇ ਜ਼ਿਕਰਯੋਗ ਹੈ ਕਿ ਗੁਰਪਤਵੰਤ ਪੰਨੂੰ ਵੱਲੋਂ ਗੁਰੂਗ੍ਰਾਮ ਵਿਚ ਦਰਜ ਹੋਈ ਉਕਤ ਐਫ.ਆਈ.ਆਰ. ਤੋਂ ਬਾਅਦ ਵੀ ਦੁਬਾਰਾ ਕਾਲਾਂ ਕਰਕੇ ਸਿੱਖਾਂ ਨੂੰ ‘ਰਿਫ਼ਰੈਂਡਮ 2020’ ਲਈ ਕੁਰੁਕਸ਼ੇਤਰ ਦੇ ਗੁਰਦੁਆਰਾ ਸਾਹਿਬ ਵਿਚ ਇਕੱਤਰ ਹੋਣ ਦਾ ਸੱਦਾ ਦਿੱਤਾ ਗਿਆ ਸੀ।
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/