ਅੱਜ-ਨਾਮਾ
ਹਨੀਪ੍ਰੀਤ ਦੀ ਮਿਲੀ ਕੁਝ ਖਬਰ ਫਿਰ ਤੋਂ,
ਮਿਲੀ ਥੋੜ੍ਹੀ ਜਿਹੀ ਕੇਸ ਦੀ ਢਿੱਲ ਮੀਆਂ।
ਦੇਸ਼ ਧ੍ਰੋਹ ਦੀ ਲਾਈ ਗਈ ਦਫਾ ਜਿਹੜੀ,
ਦਿੱਤੀ ਗਈ ਉਹ ਦਫਾ ਈ ਛਿੱਲ ਮੀਆਂ।
ਮਿਲਿਆ ਰਾਹਤ ਦਾ ਹੋਰ ਨਾ ਸਾਹ ਭੋਰਾ,
ਲਾ-ਲਾ ਵੇਖਿਆ ਸਾਰਾ ਹੀ ਟਿੱਲ ਮੀਆਂ।
ਓਦਾਂ ਦਿੱਤੀ ਜ਼ਮਾਨਤ ਦੀ ਜਦੋਂ ਅਰਜ਼ੀ,
ਸਿੱਟਾ ਨਿਕਲਦਾ ਰਿਹਾ ਸੀ ਨਿੱਲ ਮੀਆਂ।
ਓਧਰ ਬਾਬੇ ਦੀ ਜਾਂਦੀ ਨਹੀਂ ਪੇਸ਼ ਕੋਈ,
ਜਾਵੇ ਕਰੀ ਉਹ ਨਿੱਤ ਅਰਜ਼ੋਈ ਮੀਆਂ।
ਤਰਲੇ ਕੱਢਣ ਤੋਂ ਫੇਰ ਨਹੀਂ ਹਟੇ ਬਾਬਾ,
ਮੰਨਦੇ ਜੱਜ ਵੀ ਅਰਜ਼ ਨਾ ਕੋਈ ਮੀਆਂ।
-ਤੀਸ ਮਾਰ ਖਾਂ
ਨਵੰਬਰ 03, 2019