36.1 C
Delhi
Wednesday, May 8, 2024
spot_img
spot_img

ਸੁਰਵੰਤਾ ਸੁਰਾਂਗਲਾ ਸੱਜਣ ਸੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ: ਗੁਰਭਜਨ ਗਿੱਲ

ਦੋ ਅਪ੍ਰੈੱਲ ਭਾਵੇਂ ਰਾਮਨੌਮੀ ਸੀ ਪਰ ਮੇਰੇ ਲਈ ਦਿਨ ਕਾਲ ਕਲੂਟਾ ਚੜ੍ਹਿਆ। ਸਵੇਰੇ 6 ਵਜੇ ਅੱਖ ਖੁੱਲ੍ਹੀ ਤਾਂ ਫੋਨ ਤੇ ਪਰਮਜੀਤ ਸਿੰਘ ਖਾਲਸਾ ਜੀ ਦਾ ਸੁਨੇਹਾ ਸੀ, ਨਿਰਮਲ ਸਿੰਘ ਖਾਲਸਾ ਜੀ ਸਵੇਰੇ ਤੜਕ ਸਾਰ 4.30 ਵਜੇ ਸਦੀਵੀ ਅਲਵਿਦਾ ਕਹਿ ਗਏ ਹਨ। ਇਸੇ ਵਕਤ ਕਦੇ ਮੈਂ ਦਰਬਾਰ ਸਾਹਿਬ ਤੋਂ ਉਨ੍ਹਾਂ ਦੀ ਗਾਈ ਆਸਾ ਦੀ ਵਾਰ ਸੁਣਨ ਲਈ ਉੱਠ ਬਹਿੰਦਾ ਸਾਂ। ਜਿੰਨੇ ਵਜਦ ਤੇ ਵਿਸਮਾਦ ਦੇ ਸੁਮੇਲ ਨਾਲ ਉਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨਾਲ ਸਾਨੂੰ ਜੋੜਦੇ ਸਨ, ਉਹ ਕਮਾਲ ਸੀ। ਹੁਣ ਉਹ ਪ੍ਰਭਾਤ ਵੇਲਾ ਸਾਥੋਂ ਨਿਰਮਲ ਸਿੰਘ ਖਾਲਸਾ ਜਿਹਾ ਟੀਸੀ ਦਾ ਬੇਰ ਖੋਹ ਕੇ ਲੈ ਗਿਆ ਹੈ।

ਮੈਨੂੰ ਯਾਦ ਹੈ ਉਨ੍ਹਾਂ ਨਾਲ ਮੇਰੀ ਪਹਿਲੀ ਮੁਲਾਕਾਤ 1991 ਚ ਉਸਤਾਦ ਜਸਵੰਤ ਸਿੰਘ ਭੰਵਰਾ ਜੀ ਨੇ ਜਵੱਦੀ ਕਲਾਂ ਸਥਿਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਵਿਖੇ ਕਰਵਾਈ ਸੀ। ਇਕੱਤੀ ਰਾਗਾਂ ਤੇ ਆਧਾਰਤ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਕਿਸੇ ਔਖੀ ਬੰਦਸ਼ ਦਾ ਜ਼ਿੰਮਾ ਭਾਈ ਨਿਰਮਲ ਸਿੰਘ ਖਾਲਸਾ ਹਵਾਲੇ ਸੀ। ਪੂਰਾ ਜਬ੍ਹੇ ਵਾਲਾ ਜਣਾ ਸੀ ਨਿਰਮਲ ਸਿੰਘ। ਕਾਲੀ ਸਿਆਹ ਦਾੜ੍ਹੀ। ਭਰਵੇਂ ਮੁਛਹਿਰੇ।

ਗੱਲਾਂ ਗੱਲਾਂ ‘ਚ ਉਨ੍ਹਾਂ ਦੱਸਿਆ ਕਿ ਉਹ ਮੈਥੋਂ ਇੱਕ ਸਾਲ ਇੱਕ ਮਹੀਨਾ ਵੱਡੇ ਹਨ। ਉਨ੍ਹਾਂ ਦਾ ਜਨਮ 12 ਅਪ੍ਰੈਲ 1952 ਦਾ ਸੀ ਤੇ ਮੇਰਾ 2 ਮਈ 1953 ਦਾ ।

ਉਨ੍ਹਾਂ ਦੱਸਿਆ ਕਿ 1947 ਚ ਉਨ੍ਹਾਂ ਦੇ ਵਡਿੱਕੇ ਵੀ ਮੇਰੇ ਮਾਪਿਆਂ ਵਾਂਗ ਰਾਵੀ ਪਾਰੋਂ ਉੱਜੜ ਕੇ ਆਏ ਸਨ। ਰੁਲਣ ਦੀ ਕਹਾਣੀ ਲਗਪਗ ਇੱਕੋ ਜਹੀ ਸੀ ਸਾਡੀ।

ਭਾਈ ਨਿਰਮਲ ਸਿੰਘ ਖਾਲਸਾ ਦਾ ਜਨਮ ਆਪਣੇ ਨਾਨਕੇ ਪਿੰਡ ਜੰਡ ਵਾਲਾ ਭੀਮੇਸ਼ਾਹ(ਫੀਰੋਜ਼ਪੁਰ) ਵਿਖੇ ਪਿਤਾ ਗਿਆਨੀ ਚੰਨਣ ਸਿੰਘ ਦੇ ਘਰ ਹੋਇਆ। ਨਕੋਦਰ ਤਹਿਸੀਲ ਦੇ ਲੋਹੀਆਂ ਖ਼ਾਸ ਇਲਾਕੇ ਚ ਪਿੰਡ ਮੰਡ ਚ ਇਨ੍ਹਾਂ ਨੂੰ ਦਰਿਆ ਸਤਿਲੁਜ ਕੰਢੇ ਜ਼ਮੀਨ ਅਲਾਟ ਹੋਈ ਸੀ।

ਭਾਈ ਨਿਰਮਲ ਸਿੰਘ ਖਾਲਸਾ ਬਚਪਨ ਚ ਪਿੰਡ ਦੇ ਪੰਚਾਇਤੀ ਰੇਡੀਓ ਤੋਂ ਹੀ ਪਾਕਿਸਤਾਨ ਦੇ ਰੇਡੀਉ ਲਾਹੌਰ ਤੋਂ ਪ੍ਰਸਾਰਤ ਹੁੰਦਾ ਪੰਜਾਬੀ ਦਰਬਾਰ ਪ੍ਰੋਗਰਾਮ ਸੁਣਦੇ ਜਿਸ ਚ ਚੰਗੇ ਰਾਗੀਆਂ ਭਾਈ ਸਮੁੰਦ ਸਿੰਘ, ਭਾਈ ਸੰਤਾ ਸਿੰਘ, ਭਾਈ ਲਾਲ ਤੇ ਭਾਈ ਚਾਂਦ ਦੇ ਸ਼ਬਦ ਪ੍ਰਸਾਰਤ ਹੁੰਦੇ। ਮਗਰੇ ਮਗਰ ਪ੍ਰੋਗਰਾਮ ਸ਼ਾਮ ਏ ਗ਼ਜ਼ਲ ਆਉਂਦਾ ਜਿਸ ਚ ਮਹਿਦੀ ਹਸਨ, ਨੂਰ ਜਹਾਂ, ਰੇਸ਼ਮਾਂ, ਪਰਵੇਜ਼ ਮਹਿਦੀ ਤੇ ਗੁਲਾਮ ਅਲੀ ਸਾਹਿਬ ਦੀਆਂ ਗ਼ਜ਼ਲਾਂ ਸੁਣਦਿਆਂ ਸੰਗੀਤ ਚ ਰੁਚੀ ਪੈਦਾ ਹੋ ਗਈ।

ਮਿਰਜ਼ਾ ਗਾਲਿਬ ਦੀ ਉਰਦੂ ਗ਼ਜ਼ਲ ਦਾ ਸੂਫੀ ਤਬੱਸਮ ਵੱਲੋਂ ਕੀਤਾ ਅਨੁਵਾਦ ਗੁਲਾਮ ਅਲੀ ਸਾਹਿਬ ਨੇ ਕਾਹਦਾ ਗਾਇਆ ਕਿ ਨਿਰਮਲ ਸਿੰਘ ਇਸ ਗ਼ਜ਼ਲ ਤੇ ਕੁਰਬਾਨ ਹੋ ਗਏ। ਗ਼ਜ਼ਲ ਸੀ

ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ
ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ।

ਇਸ ਗ਼ਜ਼ਲ ਨੇ ਭਾਈ ਨਿਰਮਲ ਸਿੰਘ ਜੀ ਨੂੰ ਸੁਰ ਸ਼ਬਦ ਸਾਧਨਾ ਦਾ ਸਿਰੜੀ ਸੁਰਵੰਤਾ ਸਪੁੱਤਰ ਬਣਾਇਆ।

ਬਾਪ ਦੀ ਇੱਛਾ ਸੀ ਕਿ ਨਿਰਮਲ ਵਾਹੀ ਜੋਤੀ ਚ ਹੱਥ ਵਟਾਵੇ, ਪਰ ਉਸ ਦਾ ਮਨ ਕਿਤੇ ਹੋਰ ਅਟਕਿਆ ਸੀ। ਚਾਚਾ ਭਾਵੇਂ ਸੰਤ ਫ਼ਤਹਿ ਸਿੰਘ ਜੀ ਨਾਲ ਡਰਾਈਵਰ ਤੇ ਸਹਿ ਕੀਰਤਨੀਆ ਸੀ ਪਰ ਭਤੀਜੇ ਨੂੰ ਇਸ ਮਾਰਗ ਤੇ ਤੁਰਨੋਂ ਮੋੜਦਾ ਸੀ। ਸਿਰਫ਼ ਮਾਂ ਸੀ ਜਿਹੜੀ ਸ਼ੌਕ ਦੇ ਘੋੜੇ ਭਜਾਉਣ ਲਈ ਪੁੱਤਰ ਦੀ ਧਿਰ ਬਣੀ।

ਸ਼ਹੀਦ ਸਿੱਖ ਮਿਸ਼ਨਰੀ ਕਾਲਿਜ ਚ ਦਾਖ਼ਲੇ ਦੀ ਇੰਟਰਵਿਊ ਵੇਲੇ ਤੀਕ ਉਸ ਨੂੰ ਗੁਰਬਾਣੀ ਦਾ ਇੱਕ ਵੀ ਸ਼ਬਦ ਨਹੀਂ ਸੀ ਆਉਂਦਾ। ਮਾਹਿਰ ਕਮੇਟੀ ਮੈਂਬਰਾਂ ਨੇ ਜਦ ਸ਼ਬਦ ਸੁਣਾਉਣ ਲਈ ਕਿਹਾ ਤਾਂ ਉਹ ਨਰਿੰਦਰ ਬੀਬਾ ਦੇ ਗੀਤ ਸੁਣਾਉਣ ਲੱਗ ਪਿਆ।

ਚੰਨ ਮਾਤਾ ਗੁਜਰੀ ਦਾ,ਸੁੱਤਾ ਕੰਡਿਆਂ ਦੀ ਸੇਜ ਵਿਛਾਈ।
ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ।

ਕਮੇਟੀ ਮੈਂਬਰ ਜੋਧ ਸਿੰਘ ਰੇਡੀਓ ਵਾਲੇ ਤੇ ਗਿਆਨੀ ਚੇਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਬੋਲੇ, ਕਾਕਾ! ਇਹ ਸ਼ਬਦ ਨਹੀਂ, ਗੀਤ ਹੈ।

ਅੱਗਿਉਂ ਨਿਰਮਲ ਸਿੰਘ ਨੇ ਕਿਹਾ, ਸਾਡੇ ਪਿੰਡ ਇਹੀ ਸ਼ਬਦ ਹੁੰਦੇ ਨੇ। ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਬੋਲੇ। ਇਹ ਮੁੰਡਾ ਰੱਖ ਲਵੋ, ਆਵਾਜ਼ ਚੰਗੀ ਹੈ, ਬਣਦਾ ਬਣਦਾ ਬਣ ਜਾਵੇਗਾ। ਦਾਖ਼ਲਾ ਮਿਲ ਗਿਆ ਜਿਸ ਨੂੰ ਪ੍ਰੋ: ਅਵਤਾਰ ਸਿੰਘ ਨਾਜ਼ ਜੀ ਨੇ ਖ਼ੂਬ ਤਰਾਸ਼ਿਆ। ਇਨ੍ਹਾਂ ਕੋਲੋਂ ਹੀ ਮਗਰੋਂ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ ਤੇ ਬਹੁਤ ਸਾਰੇ ਹੋਰ ਟਕਸਾਲੀ ਕੀਰਤਨੀਏ ਪੜ੍ਹੇ।

ਦਰਬਾਰ ਸਾਹਿਬ ਗੇ ਸਾਬਕਾ ਗਰੰਥੀ ਤੇ ਪ੍ਰਸਿੱਧ ਵਿਦਵਾਨ ਗਿਆਨੀ ਜਗਤਾਰ ਸਿੰਘ ਜੀ ਦੇ ਭਾਈ ਨਿਰਮਲ ਸਿੰਘ ਖਾਲਸਾ ਸ਼ਹੀਦ ਸਿੱਖ ਮਿਸ਼ਨਰੀ ਕਾਲਿਜ ਚ ਸਹਿਪਾਠੀ ਸਨ। ਅੱਜ ਉਹੀ ਦੱਸ ਰਹੇ ਸਨ ਕਿ ਪ੍ਰਿੰਸੀਪਲ ਹਰਭਜਨ ਸਿੰਘ ਭਾਈ ਸਾਹਿਬ ਨੂੰ ਪੜ੍ਹਨ ਵੇਲੇ ਹੀ ਕਿਹਾ ਕਰਦੇ ਸਨ ਕਿ ਇਹ ਤਾਂ ਮੇਰਾ ਤਾਨਸੈਨ ਹੈ। ਸਿਰੜ ਸਿਦਕ ਤੇ ਸਮਰਪਣ ਨਾਲ ਕੀਰਤਨ ਸਿੱਖਣ ਚ ਉਹ ਆਪਣੀ ਮਿਸਾਲ ਆਪ ਸਨ।

ਭਾਈ ਨਿਰਮਲ ਸਿੰਘ ਜੀ ਨੇ 1976 ‘ਚ ਇਥੋਂ ਸਿੱਖਿਆ ਗ੍ਰਹਿਣ ਕਰਕੇ ਪ੍ਰਿੰਸੀਪਲ ਹਰਭਜਨ ਸਿੰਘ ਤੇ ਗਿਆਨੀ ਭਗਤ ਸਿੰਘ ਲੁਧਿਆਣਾ ਵਾਲਿਆਂ ਦੀ ਪ੍ਰੇਰਨਾ ਨਾਲ ਰਿਸ਼ੀਕੇਸ਼ ਸਥਿਤ ਗੁਰਮਤਿ ਮਿਸ਼ਨਰੀ ਕਾਲਿਜ ‘ਚ ਸੰਗੀਤ ਵਿਸ਼ਾ ਪੜ੍ਹਾਉਣਾ ਸ਼ੁਰੂ ਕੀਤਾ। ਦਰਬਾਰ ਸਾਹਿਬ ਦੇ ਵਰਤਮਾਨ ਅਤਿ ਸੁਰੀਲੇ ਰਾਗੀ ਭਾਈ ਰਾਏ ਸਿੰਘ ਇਥੇ ਹੀ ਆਪ ਜੀ ਦੇ ਵਿਦਿਆਰਥੀ ਰਹੇ। ਇਥੋਂ ਹੀ ਕੁਝ ਸਮਾਂ ਸ਼ਹੀਦ ਸਿੱਖ ਮਿਸ਼ਨਰੀ ਕਾਲਿਜ ਤੇ ਗੁਰਮਤਿ ਮਿਸ਼ਨਰੀ ਕਾਲਿਜ ਬੁੱਢਾ ਜੌਹੜ (ਰਾਜਿਸਥਾਨ) ‘ਚ ਪੜ੍ਹਾਇਆ।

1979 ‘ਚ ਆਪ ਨੂੰ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਮੇਜ ਸਿੰਘ ਦੇ ਸਹਾਇਕ ਰਾਗੀ ਵਜੋਂ ਨਿਯੁਕਤੀ ਮਿਲ ਗਈ,ਚਿੰਨ੍ਹਾਂ ਨੇ ਬਰੇਲ ਲਿਪੀ ਵਿੱਚ ਗੁਰੂ ਗਰੰਥ ਸਾਹਿਬ ਦਾ ਨੇਤਰਹੀਣਾਂ ਲਈ ਸਰੂਪ ਤਿਆਰ ਕੀਤਾ ਹੈ। ਓਪਰੇਸ਼ਨ ਬਲਿਊ ਸਟਾਰ ਵੇਲੇ ਵੀ ਆਪ ਰਾਗੀ ਵਜੋਂ ਦਰਬਾਰ ਸਾਹਿਬ ਵਿਖੇ ਹੀ ਡਿਊਟੀ ਤੇ ਸਨ।

ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਆਪ ਨੇ ਵਿਸ਼ਵ ਪ੍ਰਸਿੱਧੀ ਹਾਸਲ ਕੀਤੀ। ਸ਼ਾਇਦ ਆਜ਼ਾਦੀ ਮਗਰੋਂ ਲੰਮਾ ਸਮਾਂ ਹਰਿਮੰਦਰ ਸਾਹਿਬ ‘ਚ ਲਗਾਤਾਰ ਸਭ ਤੋਂ ਲੰਮਾ ਸਮਾਂ ਕੀਰਤਨ ਕਰਨ ਵਾਲਿਆਂ ‘ਚ ਉਨ੍ਹਾਂ ਦਾ ਸ਼ੁਮਾਰ ਹੋਵੇ।

ਉਹ ਸਿਰਫ਼ ਕੀਰਤਨਕਾਰ ਨਹੀਂ ਸਨ, ਚੰਗੇ ਲੇਖਕ ਵੀ ਸਨ। ਸਿੰਘ ਬਰਦਰਜ਼ ਵਾਲੇ ਸ. ਗੁਰਸਾਗਰ ਸਿੰਘ ਨੇ ਉਨ੍ਹਾਂ ਪਾਸੋਂ ਕੀਰਤਨਕਾਰ ਸਿੱਖ ਬੀਬੀਆਂ ਬਾਰੇ ਉਹ ਪੁਸਤਕ ਲਿਖਵਾ ਲਈ ਜਿਸ ਵਿਚੋਂ ਬਹੁਤਾ ਹਿੱਸਾ ਪਹਿਲਾਂ ਵਰਿੰਦਰ ਵਾਲੀਆ ਜੀ ਨੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹੁੰਦਿਆਂ ਉਨ੍ਹਾਂ ਤੋਂ ਲੜੀਵਾਰ ਲਿਖਵਾਇਆ ਸੀ। ਕਿਤਾਬ ਛਪੀ ਤਾਂ ਉਹ ਮੈਨੂੰ ਆਪ ਲੁਧਿਆਣੇ ਭੇਂਟ ਕਰਨ ਆਏ। ਕਹਿਣ ਲੱਗੇ, ਹੁਣ ਮੈਂ ਵੀ ਤੁਹਾਡੇ ਟੱਬਰ ‘ਚ ਸ਼ਾਮਲ ਹੋ ਗਿਆਂ, ਵਰਿੰਦਰ ਤੇ ਗੁਰਸਾਗਰ ਵੀਰਾਂ ਕਰਕੇ। ਪੰਜਾਬੀ ਯੂਨੀਵਰਸਿਟੀ ਨੇ ਵੀ ਉਨ੍ਹਾਂ ਦੀ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ।

ਭਾਈ ਨਿਰਮਲ ਸਿੰਘ ਖਾਲਸਾ ਦੇ ਅੰਦਰ ਇੱਕ ਮਾਸੂਮ ਪਰਿੰਦਾ ਵੱਸਦਾ ਸੀ। ਬੜੇ ਖੰਭ ਫੜਫੜਾਉਂਦਾ । ਉਹ ਮੂਲ ਰੂਪ ‘ਚ ਚਿੱਤੋਂ ਸ਼ਾਸਤਰੀ ਗਾਇਕ ਸਨ। ਗ਼ਜ਼ਲ ਸਮਰਾਟ ਗੁਲਾਮ ਅਲੀ ਸਾਹਿਬ ਨੂੰ ਉਸਤਾਦ ਧਾਰਨ ਪਿੱਛੇ ਵੀ ਇਹੀ ਭਾਵਨਾ ਸੀ। ਉਹ ਪੰਜਾਬੀ ਗ਼ਜ਼ਲ ਗਾਇਕੀ ਕਰਨਾ ਚਾਹੁੰਦੇ ਸਨ ਪਰ ਧਾਰਮਿਕ ਮਰਯਾਦਾ ਹਰ ਵਾਰ ਰਾਹ ਪੱਲ ਖਲੋਂਦੀ। ਚਿਤੋਂ ਦਿਲਦਾਰ ਸਨ।ਪੰਜ ਤਖ਼ਤਾਂ ਤੇ 75 ਮੁਲਕਾਂ ‘ਚ ਕੀਰਤਨ ਕਰਨ ਦਾ ਸੁਭਾਗ ਐਵੇਂ ਨਹੀਂ ਮਿਲਦਾ। ਮੇਰੇ ਬੇਟੇ ਪੁਨੀਤਪਾਲ ਸਿੰਘ ਦੀ ਵਿਆਹ ਵਰ੍ਹੇ ਗੰਢ ਤੇ ਉਹ ਸੱਤ ਅੱਠ ਸਾਲ ਪਹਿਲਾਂ ਸਾਡੇ ਘਰ ਨਿਸ਼ਕਾਮ ਕੀਰਤਨ ਕਰਨ ਆਏ ਤਾਂ ਕਹਿਣ ਲੱਗੇ, ਹੁਣ ਵਿਸਾਰਿਉ ਨਾ। ਮੈਂ ਹਰ ਸਾਲ ਆਵਾਂਗਾ। ਪਰ ਉਸ ਮਗਰੋਂ ਸਾਡੇ ਨਸੀਬਾਂ ‘ਚ ਉਹ ਪਲ ਪਰਤ ਕੇ ਨਾ ਆ ਸਕੇ।

ਉਨ੍ਹਾਂ ਨਾਲ ਟੈਲੀਫ਼ੋਨ ਤੇ ਘੰਟਾ ਘੰਟਾ ਗੱਲਾਂ ਹੁੰਦੀਆਂ ਰਹਿੰਦੀਆਂ, ਉਹ ਕਈ ਯੋਜਨਾਵਾਂ ਬਣਾਉਂਦੇ ਘੜਦੇ। ਟਕਸਾਲੀ ਕੀਰਤਨ ਲਈ ਉਹ ਨਿਸ਼ਕਾਮ ਸੇਵਕ ਵਜੋਂ ਵਾਲੰਟੀਅਰ ਬਣ ਜਾਂਦੇ। ਸੰਤ ਬਾਬਾ ਸੁੱਚਾ ਸਿੰਘ ਤੇ ਬੀਬੀ ਜਸਬੀਰ ਕੌਰ ਖਾਲਸਾ ਜਵੱਦੀ ਟਕਸਾਲ ਨਾਲ ਉਨ੍ਹਾਂ ਦਾ ਗੂੜ੍ਹਾ ਸਨੇਹ ਸੀ।

ਮੈਨੂੰ ਯਾਦ ਹੈ ਉਨ੍ਹਾਂ ਦੀ ਗਾਈ ਆਸਾ ਦੀ ਵਾਰ ਦਾ ਜਵੱਦੀ ਵਿਖੇ ਗਾਇਨ ਸੁਣਨ ਲਈ ਮੈਂ ਤੇ ਮੇਰਾ ਪਰਿਵਾਰ ਤੜਕ ਸਾਰ ਜਾਗ ਕੇ ਜਾਂਦੇ ਰਹੇ ਹਾਂ। ਇੱਕ ਵਾਰ ਤਾਂ ਮੇਰੇ ਨਾਲ ਸਵੇਰੇ 3.30 ਵਜੇ ਲੁਧਿਆਣੇ ਦੇ ਸਾਬਕਾ ਡਿਪਟੀ ਕਮਿਸ਼ਨਰ ਸ. ਸਰਵਣ ਸਿੰਘ ਚੰਨੀ ਵੀ ਬਿਨਾ ਸੁਰੱਖਿਆ ਕਵਚ ਤੋਂ ਗਏ ਸਨ।

ਭਾਈ ਨਿਰਮਲ ਸਿਘ ਖਾਲਸਾ ਨੂੰ 2009 ‘ਚ ਜਦ ਪਦਮ ਸ੍ਰੀ ਪੁਰਸਕਾਰ ਮਿਲਿਆ ਤਾਂ ਮੈਨੂੰ ਟੈਲੀਫ਼ੋਨ ਆਇਆ। ਕਹਿਣ ਲੱਗੇ, ਵੀਰ! ਵਧਾਈਆਂ! ਗੁਰੂ ਰਾਮ ਦਾਸ ਪਾਤਸ਼ਾਹ ਦੇ ਕੂਕਰ ਨੂੰ ਪਦਮਸ਼੍ਰੀ ਮਿਲ ਰਿਹੈ। ਸ਼ਾਇਦ ਉਹ ਪਹਿਲੇ ਰਾਗੀ ਸਨ ਜਿੰਨ੍ਹਾਂ ਨੂੰ ਇਹ ਆਦਰ ਮਿਲਿਆ ਸਰਕਾਰੇ ਦਰਬਾਰੇ।

ਪਦਮ ਸ਼੍ਰੀ ਲੈ ਕੇ ਪਰਤੇ ਤਾਂ ਮੇਰੇ ਮਿੱਤਰ ਪਰਮਜੀਤ ਸਿੰਘ ਖਾਲਸਾ ਤੇ ਸਾਥੀਆਂ ਨੇ ਲੁਧਿਆਣੇ ਸਟੇਸ਼ਨ ਤੇ ਪੁੱਜ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।

ਤਿੰਨ ਬੱਚਿਆਂ ਦੇ ਬਾਬਲ ਭਾਈ ਨਿਰਮਲ ਸਿੰਘ ਖਾਲਸਾ ਦਾ ਭਿਆਨਕ ਵਾਇਰਸ ਹੱਥੋਂ ਵਿਛੋੜਾ ਅਕਹਿ ਤੇ ਅਸਹਿ ਹੈ। ਦੁਖਦਾਈ ਇਸ ਕਰਕੇ ਵੀ ਵਧੇਰੇ ਹੈ ਕਿਉਂਕਿ ਉਨ੍ਹਾਂ ਦੀ ਜਾਣ ਦੀ ਉਮਰ ਨਹੀਂ ਸੀ।

ਮੇਰੇ ਸੁਰਵੰਤੇ, ਸਰਾਂਗਲੇ ਸੱਜਣ ਦੇ ਵਿਛੋੜੇ ਨੇ ਹਲੂਣ ਕੇ ਰੱਖ ਦਿੱਤਾ ਹੈ, ਮੈਨੂੰ ਦੁੱਖ ਹੈ ਕਿ 100 ਤੋਂ ਵੱਧ ਆਡਿਉ ਕੈਸਿਟਸ ਰੀਕਾਰਡ ਕਰਨ ਵਾਲਾ, ਰੇਡੀਉ ਤੇ ਟੈਲੀਵੀਜਨ ਦਾ ਏ. ਗਰੇਡ ਕਲਾਕਾਰ ਮੁੜ ਕਦੇ ਸਾਨੂੰ ਨਹੀਂ ਮਿਲ ਸਕੇਗਾ।

ਮੈਨੂੰ ਕਦੇ ਉਨ੍ਹਾਂ ਦਾ ਉਦਾਸ ਟੈਲੀਫ਼ੋਨ ਨਹੀਂ ਸੀ ਆਇਆ। ਸਿਰਫ਼ ਇੱਕੋ-ਵਾਰ ਉਨ੍ਹਾਂ ਮੂੰਹੋਂ ਹਾਊਕਾ ਸੁਣਿਆ। ਉਹ ਵੀ ਉਦੋਂ ਜਦ ਨਾਨਕ ਸ਼ਾਹ ਫ਼ਕੀਰ ਫਿਲਮ ‘ਚ ਸ਼ਬਦ ਤੇ ਗੀਤ ਗਾਉਣ ਬਦਲੇ ਸਾਡੇ ਚੌਧਰੀਆਂ ਨੇ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਕੀਤੀ। ਉਹ ਕਹਿਣ ਲੱਗੇ ,ਮੇਰੇ ਆਪਣੇ ਹੀ ਵੈਰੀ ਹੋ ਰਹੇ ਨੇ, ਸੱਜਣਾਂ ਦੇ ਭੇਸ ‘ਚ ਸ਼ਿਬਲੀ ਮਨਸੂਰ ਨੂੰ ਫੁੱਲ ਮਾਰ ਰਹੇ ਨੇ, ਪੱਥਰਾਂ ਜਹੇ। ਦਿਲ ਟੁੱਟ ਰਿਹੈ! ਮੈਂ ਕਿਹਾ, ਖਾਲਸਾ ਜੀ ਘਬਰਾਉ ਨਾ, ਉੱਚੇ ਬੰਦੇ ਦੀ ਦਸਤਾਰ ਹੀ ਟਾਹਣੀਆਂ ‘ਚ ਉਲਝਦੀ ਹੈ।

ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀਭਾਈ ਬਲਬੀਰ ਸਿੰਘ ਜੀ ਦੀ ਮੌਤ ਦਾ ਸੁਨੇਹਾ ਮਿਲਣ ਤੇ ਵੀ ਉਨ੍ਹਾਂ ਮੇਰੇ ਨਾਲ ਅਫ਼ਸੋਸ ਪ੍ਰਗਟਾਇਆ। ਉਹ ਜਾਣਦੇ ਸਨ ਕਿ ਮੈਂ ਵੀ ਉਨ੍ਹਾਂ ਦਾ ਕਦਰਦਾਨ ਹਾਂ। ਪੂਰਨ ਚੰਦ ਵਡਾਲੀ ਵਾਲਿਆਂ ਦਾ ਇੱਕ ਭਰਾ ਕਰਤਾਰ ਸਿੰਘ ਉਨ੍ਹਾਂ ਨਾਲ ਤਬਲਾ ਵਾਦਕ ਸੀ, ਮੈਨੂੰ ਇਹ ਔਖਾ ਲੱਗ ਰਿਹੈ ਕਿ ਜਦ ਮੈਂ ਉਸਨੂੰ ਭਾਈ ਸਾਹਿਬ ਤੋਂ ਬਾਦ ਹੁਣ ਕਿਤੇ ਮਿਲਾਂਗਾ ਤਾਂ ਦਰਦਾਂ ਦਾ ਹੜ੍ਹ ਹੰਝੂ ਬਣ ਸਾਨੂੰ ਦੋਹਾਂ ਨੂੰ ਰੋੜ੍ਹ ਦੇਵੇਗਾ। ਕਰ ਬੰਦੇ ਤੂੰ ਬੰਦਗੀ ਸ਼ਬਦ ‘ਚ ਉਨ੍ਹਾਂ ਦੇ ਸਹਾਇਕ ਰਾਗੀ ਦਰਸ਼ਨ ਸਿੰਘ ਦੀ ਆਵਾਜ਼ ਇਕੱਲੀ ਰਹਿ ਗਈ ਹੈ।

ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਰਾਗੀ ਦਾ ਪੁਰਸਕਾਰ ਮਿਲਿਆ ਤਾਂ ਉਹ ਬਹੁਤ ਪ੍ਰਸੰਨ ਹੋਏ ਕਿਉਂਕਿ ਸਰਕਾਰੀ ਪੱਧਰ ਤੇ ਉਨ੍ਹਾਂ ਦੀ ਪਹਿਲੀ ਵਾਰ ਕਦਰ ਕੀਤੀ ਗਈ ਸੀ।

ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਜਾਣ ਤੇ ਆਹ ਚਾਰ ਸਤਰਾਂ ਅਚਨਚੇਤ ਹੀ ਮੂੰਹੋਂ ਨਿਕਲ ਗਈਆਂ

ਮਹਿਕਵੰਤ ਸੁਰਸਾਗਰ ਪੂਰਾ, ਨਿਰਮਲ ਵੀਰ ਉਦਾਸ ਕਰ ਗਿਆ।
ਅੰਮ੍ਰਿਤ ਵੇਲੇ ਪਾਟੀ ਚਿੱਠੀ, ਕੌਣ ਬਨੇਰੇ ਆਣ ਧਰ ਗਿਆ।
ਸਾਰੀ ਉਮਰ ਬਿਤਾਈ ਜਿਸ ਨੇ, ਗੁਰਚਰਨਾਂ ਦੀ ਪ੍ਰੀਤੀ ਅੰਦਰ,
ਸੱਜਣ ਦੇ ਤੁਰ ਜਾਣ ਤੇ ਲੱਗਿਆ, ਸੁਰ ਦੀ ਖ਼ਾਲੀ ਧਰਤ ਕਰ ਗਿਆ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION