30.1 C
Delhi
Tuesday, May 7, 2024
spot_img
spot_img

ਸਾਰੀਆਂ ਸਿਆਸੀ ਪਾਰਟੀਆਂ ਮਤਭੇਦ ਭੁਲਾ ਕੇ ਕੇਂਦਰ ਦੇ ਪੰਜਾਬ ’ਤੇ ਹੱਲੇ ਖਿਲਾਫ਼ ਇਕਜੁੱਟ ਹੋ ਕੇ ਹੰਭਲਾ ਮਾਰਨ: ਪ੍ਰਕਾਸ਼ ਸਿੰਘ ਬਾਦਲ ਦੀ ਅਪੀਲ

ਯੈੱਸ ਪੰਜਾਬ
ਚੰਡੀਗੜ੍ਹ, 15 ਅਕਤੂਬਰ, 2021 –
ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੀਆਂ ਸਾਰੀਆ ਸਿਆਸੀ ਪਾਰਟੀਆਂ ਨੁੰ ਅਪੀਲ ਕੀਤੀ ਹੈ ਕਿ ਉਹ ਆਪਸੀ ਲੜਾਈ ਬੰਦ ਕਰ ਕੇ ਕੇਂਦਰ ਵੱਲੋਂ ਪੰਜਾਬ ਨੂੰ ਪਿਛਲੇ ਦਰਵਾਜ਼ੇ ਰਾਹੀਂ ਬੀ ਐਸ ਐਫ ਵਰਗੇ ਕੇਂਦਰੀ ਸੁਰੱਖਿਆ ਬਲਾਂ ਹਵਾਲੇ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਬਦਲਣ ਦੇ ਯਤਨ ਵਿਰੁੱਧ ਇਕਜੁੱਟ ਹੋ ਕੇ ਹੰਭਲਾ ਮਾਰਨ। ਕੇਂਦਰ ਦੇ ਇਸ ਕਦਮ ਨਾਲ ਪਹਿਲਾਂ ਹੀ ਖਤਰੇ ਵਿਚ ਪਿਆ ਦੇਸ਼ ਦਾ ਸੰਘੀ ਢਾਂਚਾ ਹੋਰ ਕਮਜ਼ੋਰ ਹੋ ਜਾਵੇਗਾ ਤੇ ਇਸ ਨਾਲ ਸੂਬਾ ਸਰਕਾਰ ਮਿਉਂਸਪੈਲਟੀ ਬਣ ਕੇ ਰਹਿ ਜਾਵੇਗੀ। ਇਹ ਪੰਜਾਬੀਆਂ ਦੇ ਮਾਣ ਤੇ ਸਤਿਕਾਰ ਲਈ ਵੱਡਾ ਝਟਕਾ ਹੈ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਅਸੀਂ ਸੌੜੇ ਹਿੱਤਾਂ ਲਈ ਆਪਸੀ ਲੜਾਈ ਬੰਦ ਨਾ ਕੀਤੀ ਤਾਂ ਫਿਰ ਕੇਂਦਰ ਸਰਕਾਰ ਸਾਡੀ ਕਮਜ਼ੋਰੀ ਦਾ ਲਾਹਾ ਲਵੇਗੀ। ਕੱਲ੍ਹ ਨੁੰ ਅਸੀਂ ਪਛਤਾਵਾਂਗੇ ਤੇ ਸਾਡੇ ਕੋਲ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਕੋਈ ਤਾਕਤ ਨਹੀਂ ਰਹਿ ਜਾਵੇਗੀ।

ਸਰਦਾਰ ਬਾਦਲ ਨੇ ਕਿਹਾ ਕਿ ਇਹ ਮੰਨਣ ਦਾ ਵੀ ਮਜ਼ਬੂਤ ਆਧਾਰ ਮੌਜੂਦ ਹੈ ਕਿ ਕੇਂਦਰ ਸਰਕਾਰ ਸ਼ਾਇਦ ਸੁਬੇ ਤੋਂ ਦਰਿਆਈ ਪਾਣੀਆਂ ’ਤੇ ਇਸਦਾ ਬਣਦਾ ਹੱਕ ਖੋਹਣ ਦੀ ਤਿਆਰੀ ਵਿਚ ਹੈ। ਉਹਨਾਂ ਕਿਹਾ ਕਿ ਇਹ ਵੀ ਸੰਭਵ ਹੈ ਕਿ ਉਹ ਇਸ ਨਵੇਂ ਕਦਮ ਨਾਲ ਕਿਸਾਨ ਅੰਦੋਲਨ ਨੁੰ ਕੁਚਲਣ ਦਾ ਵੀ ਯਤਨ ਕਰੇਗੀ।

ਸਾਬਕਾ ਮੁੱਖ ਮੰਤਰੀ, ਜੋ ਅਕਾਲੀ ਦਲ ਦੇ ਸਰਪ੍ਰਸਤ ਵੀ ਹਨ, ਨੇ ਕਿਹਾ ਕਿ ਉਹਨਾਂ ਦੀ ਪਾਰਟੀ ਅੜੀ ਨਹੀਂ ਰਹੇਗੀ ਤੇ ਇਸ ਲੜਾਈ ਵਿਚ ਕਿਸੇ ਵੀ ਗਠਜੋੜ ਵਿਚ ਸ਼ਾਮਲ ਹੋ ਕੇ ਇਹ ਲੜਾਈ ਲੜਨ ਨੁੰ ਤਿਆਰ ਹੈ ਕਿਉਂਕਿ ਸੰਘਰਸ਼ ਕਰਨਾ ਸਾਡਾ ਹੱਕ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸਿਆਸੀ ਲਾਹਾ ਨਹੀਂ ਚਾਹੁੰਦਾ ਤੇ ਇਹ ਹੋਰ ਪਾਰਟੀਆਂ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਸਾਂਝੀ ਲਡਾਈ ਵਿਚ ਸਹਿਯੋਗ ਲਈ ਨਿਮਾਣਾ ਹੋ ਕੇ ਅਪੀਲ ਕਰਦਾ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਦੇਸ਼ ਦੇ ਹਿੱਤਾਂ ਵਿਚ ਹੈ ਕਿਉਂਕਿ ਅਸੀਂ ਦੇਸ਼ ਦੀ ਤਲਵਾਰ ਭੁਜਾ ਹਾਂ ਯਾਨੀ ਮੁੱਖ ਹਥਿਆਰ ਹਾਂ।

ਤਕਰੀਬਨ ਅੱਧੇ ਪੰਜਾਬ ਨੁੰ ਬੀ ਐਸ ਐਫ ਅਧੀਨ ਲਿਆਉਣ ਨੁੰ ਖ਼ਤਰਨਾਕ ਕਾਰਵਾਈ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਨਾਲ ਪੰਜਾਬ ਵਿਚ ਉਹ ਦੌਰ ਸ਼ੁਰੂ ਹੋ ਜਾਵੇਗਾ ਜਦੋਂ ਪੰਜਾਬ ਨੂੰ ਗੜ੍ਹਬੜ੍ਹ ਗ੍ਰਸਤ ਇਲਾਕਾ ਐਲਾਨਿਆ ਗਿਆ ਸੀ। ਉਹਨਾਂ ਕਿਹਾ ਕਿ ਬੀ ਐਸ ਐਫ ਨੁੰ ਖੁੱਲ੍ਹੀਆਂ ਤਾਕਤਾਂ ਦੇ ਕੇ ਕੇਂਦਰ ਸਰਕਾਰ ਨੇ ਪੰਜਾਬ ਪੁਲਿਸ ਨੂੰ ਬੇਤੁਕੀ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਮੈਨੁੰ ਡਰ ਹੈ ਕਿ ਉਹ ਦੌਰ ਮੁੜ ਨਾ ਸ਼ੁਰੂ ਹੋ ਜਾਵੇ ਜਦੋਂ ਅੱਧੀ ਰਾਤ ਨੂੰ ਸੁਰੱਖਿਆ ਬਲ ਬਿਨਾਂ ਕਿਸੇ ਵਾਜਬ ਹੁਕਮਾਂ ਜਾਂ ਨੋਟਿਸ ਦੇ ਘਰਾਂ ਦੇ ਕੁੰਢੇ ਖੜਕਾਉਂਦੇ ਸਨ ਤੇ ਲੋਕਾਂ ਕੋਲ ਰਾਹਤ ਹਾਸਲ ਕਰਨ ਵਾਸਤੇ ਕੋਈ ਫੋਰਮ ਵੀ ਨਹੀਂ ਰਹਿੰਦੀ ਸੀ ਕਿਉਂਕਿ ਸਥਾਨਕ ਆਗੂ ਜਾਂ ਅਫਸਰਾਂ ਕੋਲ ਤੁਹਾਡੀਆਂ ਮੁਸ਼ਕਿਲਾਂ ਹੱਲ ਕਰਨ ਦੀ ਤਾਕਤ ਨਹੀਂ ਰਹੀ ਸੀ।

ਸਰਦਾਰ ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਕੇੀਦਰ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ, ਰਾਮ ਤੀਰਥ ਸਥਾਨ ਸਮੇਤ ਅਨੇਕਾਂ ਪਵਿੱਤਰ ਥਾਵਾਂ ਦੀ ਪਵਿੱਤਰਤਾ ਭੰਗ ਕਰ ਕੇ ਇਹਨਾਂ ਵਿਚ ਦਾਖਲ ਹੋਣ ਲਈ ਆਪ ਮੁਹਾਰੀ ਸ਼ਕਤੀਆਂ ਵੀ ਲੈ ਲਈਆਂ ਹਨ। ਉਹਨਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਅਤਿ ਸੰਵੇਦਨਸ਼ੀਲ ਮਾਮਲੇ ਦਾ ਨਤੀਜਾ ਕੀ ਹੋ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੁੰ ਇਕਜੁੱਟ ਹੋ ਕੇ ਸੰਵਿਧਾਨ ਵਿਚ ਦਿੱਤੀ ਗਰੰਟੀ ਅਨੁਸਾਰ ਆਪਣੇ ਮਾਣ ਸਤਿਕਾਰ ਤੇ ਆਜ਼ਾਦੀ ਦੀ ਸੁਰੱਖਿਆ ਲਈ ਲੜਨਾ ਚਾਹੀਦਾ ਹੈ।

ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੁੰ ਵੀ ਅਪੀਲ ਕੀਤੀ ਕਿ ਉਹ ਪੰਜਾਬੀ ਨੂ ਨੁੰ ਲੋਕਤੰਤਰੀ ਤੇ ਸੰਘੀ ਅਧਿਕਾਰਾਂ ਤਹਿਤ ਆਪਣੀ ਚੁਣੀ ਹੋਈ ਸਰਕਾਰ ਰਾਹੀਂ ਆਪਣਾ ਸ਼ਾਸਨ ਚਲਾਉਣ ਦੇ ਹੱਕ ਤੋਂ ਵਾਂਝਾ ਕਰ ਕੇ ਪੰਜਾਬੀਆਂ ਨੂੰ ਜ਼ਲੀਲ ਨਾ ਕਨ ਤੇ ਉਹਨਾਂ ਦੇ ਪਹਿਲਾਂ ਹੀ ਡੂੰਘੇ ਜ਼ਖ਼ਮਾਂ ’ਤੇ ਹੋਰ ਲੂਣ ਨਾ ਛਿੜਕਣ। ਉਹਨਾਂ ਕਿਹਾ ਕਿ ਤਕਰੀਬਨ 15 ਸਾਲਾਂ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੇਂਦਰੀ ਰਾਜ ਅਧੀਨ ਰੱਖਿਆ ਤੇ ਫੌਜ ਦੇ ਰਾਜਕਾਲ ਦੇ ਗੰਭੀਰ ਨਤੀਜੇ ਵੀ ਨਿਕਲੇ। ਉਹਨਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਦਿੱਲੀ ਦੇ ਮੌਜੂਦਾ ਸ਼ਾਸਕ ਇਤਿਹਾਸ ਤੋਂ ਸਬਕ ਸਿੱਖਣਗੇ ਅਤੇ ਬੀਤੇ ਸਮੇਂ ਦੀ ਤ੍ਰਾਸਦੀ ਵਾਲੀਆਂ ਗਲਤੀਆਂ ਨਹੀਂ ਦੁਹਰਾਉਣਗੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੁੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਪੰਜਾਬ ਤੇ ਸਾਰੇ ਦੇਸ਼ ਦੇ ਹੱਕ ਵਿਚ ਉਹ ਬੀਤੇ ਸਮੇਂ ਦੀਆਂ ਤ੍ਰਾਸਦੀਆਂ ਨੂੰ ਦੁਹਰਾਉਣ ਨਾ ਦੇਣ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION