ਯੈੱਸ ਪੰਜਾਬ
ਹੁਸ਼ਿਆਰਪੁਰ, 20 ਅਗਸਤ, 2021 –
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਚ ਸੋਨਾਲੀਕਾ ਟਰੈਕਟਰਜ਼ ਲਿਮਟਡ ਵਿਚ ਕੰਟਰੈਕਟਰ ਰਾਹੀਂ ਭਰਤੀ ਸਬੰਧੀ ਮੈਗਾ ਰੋਜ਼ਗਾਰ ਮੇਲਾ ਕਰਵਾਇਆ ਗਿਆ। ਇਸ ਰੋਜ਼ਗਾਰ ਮੇਲੇ ਵਿਚ 650 ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ 311 ਦੀ ਮੌਕੇ ’ਤੇ ਹੀ ਚੋਣ ਕੀਤੀ ਗਈ ਜਦਕਿ ਕਿ 199 ਨੂੰ ਸ਼ਾਰਟਲਿਸਟ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਅਗਵਾਈ ਵਿਚ ਇਸ ਰੋਜ਼ਗਾਰ ਮੇਲੇ ਪ੍ਰਤੀ ਨੌਜਵਾਨਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਪ੍ਰਸਿੱਧ ਇੰਡਸਟਰੀ ਇੰਟਰਨੈਸ਼ਨਲ ਸੋਨਾਲਿਕਾ ਵਲੋਂ ਵੱਡੀ ਪੱਧਰ ’ਤੇ ਜ਼ਿਲ੍ਹਾ ਰੋਜਗਾਰ ਬਿਊਰੋ ਰਾਹੀਂ ਨੌਜਵਾਨਾਂ ਨੂੰ ਵੱਖ-ਵੱਖ ਟਰੇਡਾਂ ਲਈ ਚੁਣਿਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਰੋਜ਼ਗਾਰ ਮੇਲੇ ਦਾ ਦੌਰਾ ਕਰਦੇ ਹੋਏ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ 10ਵੀਂ, 12ਵੀਂ ਅਤੇ ਆਈ.ਟੀ.ਆਈ. ਪਾਸ 18 ਸਾਲ ਤੋਂ 45 ਸਾਲ ਉਮਰ ਵਰਗ ਦੇ ਨੌਜਵਾਨਾਂ ਦਾ ਸੋਨਾਲਿਕਾ ਵਿਚ ਬਤੌਰ ਹੈਲਪਰ, ਮਸ਼ੀਨ ਓਪਰੇਟਰ ਅਤੇ ਟਰੇਨੀਜ਼ ਦੇ ਤੌਰ ’ਤੇ ਚੋਣ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਚਲਾਏ ਜਾ ਰਹੇ ਮਿਸ਼ਨ ਰੈਡ ਸਕਾਈ ਤਹਿਤ ਵੀ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੇ ਪੁਨਰਵਾਸ ਵੱਲ ਕਦਮ ਵਧਾਉਂਦੇ ਹੋਏ ਅੱਜ ਬੇਰੋਜ਼ਗਾਰ ਮੇਲੇ ਵਿਚ ਇਸ ਤਰ੍ਹਾਂ ਦੇ 60 ਨੌਜਵਾਨਾਂ ਨੇ ਭਾਗ ਲਿਆ ਜਿਨ੍ਹਾਂ ਵਿਚ 22 ਨੌਜਵਾਨਾਂ ਨੂੰ ਮੌਕੇ ’ਤੇ ਹੀ ਚੁਣ ਲਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 14 ਓ.ਓ.ਏ.ਟੀ. ਕਲੀਨਿਕਾਂ ਤੋਂ ਆਏ 14 ਕੌਂਸਲਰਾਂ ਵਲੋਂ ਇਸ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਮਿਸ਼ਨ ਰੈਡ ਸਕਾਈ ਤਹਿਤ ਇਲਾਜ ਕਰਵਾ ਕੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਪੁਨਰਵਾਸ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਅਦਿਤਿਆ ਰਾਣਾ ਅਤੇ ਜੀ.ਓ.ਜੀ. ਵੀ ਮੌਜੂਦ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ