31.1 C
Delhi
Wednesday, May 8, 2024
spot_img
spot_img

ਮਾਰਕਫ਼ੈੱਡ ਲੋਕਾਂ ਨੂੰ ਆਪਣੇ ਵਿਸ਼ਵ ਪੱਧਰੀ ਉਤਪਾਦ ਕਿਫ਼ਾਇਤੀ ਦਰਾਂ ’ਤੇ ਮੁਹੱਈਆ ਕਰਾਵੇ: ਮੁੱਖ ਮੰਤਰੀ ਭਗਵੰਤ ਮਾਨ

ਯੈੱਸ ਪੰਜਾਬ
ਚੰਡੀਗੜ੍ਹ, 6 ਸਤੰਬਰ, 2022:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਰਕਫੈੱਡ ਅਦਾਰੇ ਨੂੰ ਕਿਹਾ ਕਿ ਲੋਕਾਂ ਦੀ ਰਸੋਈ ਦਾ ਬਜਟ ਬਚਾਉਣ ਅਤੇ ਤੇਜ਼ੀ ਨਾਲ ਵਧਦੀ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਉਨ੍ਹਾਂ ਨੂੰ ਕਿਫ਼ਾਇਤੀ ਦਰਾਂ ਉਤੇ ਵਿਸ਼ਵ ਪੱਧਰੀ ਉਤਪਾਦ ਮੁਹੱਈਆ ਕਰਵਾਏ।

ਮਾਰਕਫੈੱਡ ਵੱਲੋਂ ਬਣਾਏ ਲੀਚੀ ਸ਼ਹਿਦ, ਲੀਚੀ ਜੈਮ, ਮਾਰਕਪਿਕ ਤੇ ਮਾਰਕਫਿਨਾਇਲ (ਦੋਵੇਂ ਸੈਨੇਟਰੀ ਉਤਪਾਦ) ਜਾਰੀ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਜਨਤਕ ਖੇਤਰ ਦੇ ਅਦਾਰੇ ਨੇ ਘਿਓ, ਰਿਫਾਇੰਡ ਤੇਲ, ਚਟਣੀਆਂ, ਬਾਸਮਤੀ ਚੌਲ ਤੇ ਹੋਰ ਮਿਆਰੀ ਖੁਰਾਕੀ ਵਸਤਾਂ ਨਾਲ ਬਾਜ਼ਾਰ ਵਿੱਚ ਆਪਣੀਆਂ ਅਮਿੱਟ ਪੈੜਾਂ ਪਾਈਆਂ ਹਨ।

ਉਨ੍ਹਾਂ ਆਖਿਆ ਕਿ ਲੋਕਾਂ ਨੂੰ ਇਹ ਵਸਤਾਂ ਘੱਟ ਕੀਮਤਾਂ ਉਤੇ ਮੁਹੱਈਆ ਕਰਵਾਉਣ ਉਤੇ ਧਿਆਨ ਕੇਂਦਰਤ ਕੀਤਾ ਜਾਵੇ ਤਾਂ ਜੋ ਵਧਦੀ ਮਹਿੰਗਾਈ ਦੀ ਮਾਰ ਤੋਂ ਲੋਕਾਂ ਨੂੰ ਕੁੱਝ ਹੱਦ ਤੱਕ ਬਚਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਵਡੇਰੇ ਜਨਤਕ ਹਿੱਤ ਵਿੱਚ ਇਸ ਮਹਾਨ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਬਾਗ਼ਬਾਨੀ, ਮਧੂ ਮੱਖੀ ਪਾਲਣ ਤੇ ਹੋਰ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਕਿਸਮਤ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾ ਕੇ ਆਪਣੀ ਅਮਿੱਟ ਛਾਪ ਛੱਡੀ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਜਦੋਂ ਅਨਾਜ ਉਤਪਾਦਨ ਖੜੋਤ ਦੇ ਬਿੰਦੂ `ਤੇ ਪਹੁੰਚ ਗਿਆ ਹੈ ਤਾਂ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਫਲਾਂ ਅਤੇ ਸਬਜ਼ੀਆਂ ਦਾ ਵੱਧ ਤੋਂ ਵੱਧ ਉਤਪਾਦਨ ਕੀਤਾ ਜਾਵੇ।

ਮੁੱਖ ਮੰਤਰੀ ਨੇ ਮਿਸਾਲਾਂ ਦਿੰਦਿਆਂ ਦੱਸਿਆ ਕਿ ਸੋਹਨਾ ਲੀਚੀ ਸ਼ਹਿਦ ਸੂਬੇ ਦੇ ਅੰਦਰੋਂ ਖਰੀਦਿਆ ਗਿਆ ਹੈ ਅਤੇ ਐਫ.ਐਸ.ਐਸ.ਏ.ਆਈ. ਦੇ ਮਾਪਦੰਡਾਂ ਅਨੁਸਾਰ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਲੈਬ ਤੋਂ ਅਤੇ ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ (ਐਨ.ਐਮ.ਆਰ.) ਪ੍ਰੋਫਾਈਲਿੰਗ ਲਈ ਬਰੂਕਰ ਲੈਬ, ਜਰਮਨੀ ਤੋਂ ਟੈਸਟ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੀਚੀ ਸ਼ਹਿਦ ਕਿਸੇ ਵੀ ਤਰ੍ਹਾਂ ਦੀ ਖੰਡ ਤੋਂ ਮੁਕਤ ਹੈ ਅਤੇ ਇਸ ਵਿੱਚ ਲੀਚੀ ਫਰੂਟ ਤੋਂ ਨਿਕਲਣ ਵਾਲੇ ਪਰਾਗ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਸੋਹਨਾ ਬਲੌਸਮ ਲੀਚੀ ਸ਼ਹਿਦ ਨੂੰ ਜਲੰਧਰ ਸਥਿਤ ਮਾਰਕਫੈੱਡ ਦੇ ਸ਼ਹਿਦ ਪਲਾਂਟ ਵਿੱਚ ਪ੍ਰੋਸੈੱਸ ਕੀਤਾ ਜਾਂਦਾ ਹੈ ਅਤੇ ਸ਼ਹਿਦ ਨੂੰ ਡੀਗਮਿੰਗ (ਪਾਣੀ ਰਾਹੀਂ ਸ਼ੁੱਧੀਕਰਨ) ਅਤੇ ਡੀਵੈਕਸਿੰਗ ਕਰਨ ਤੋਂ ਬਾਅਦ ਫਿਲਟਰ ਕੀਤੇ ਸ਼ਹਿਦ ਨੂੰ ਆਕਰਸ਼ਿਕ ਪੈਕ ਵਿੱਚ ਬੰਦ ਕੀਤਾ ਜਾਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਲੀਚੀ ਜੈਮ ਪੰਜਾਬ ਦੇ ਪਠਾਨਕੋਟ ਖੇਤਰ ਵਿੱਚ ਪ੍ਰਮੁੱਖ ਤੌਰ `ਤੇ ਉਗਾਈ ਜਾਣ ਵਾਲੀ ਲੀਚੀ ਕਿਸਮ (ਜਿਸ ਨੂੰ ਦੇਹਰਾਦੂਨੀ ਕਿਸਮ ਵਜੋਂ ਜਾਣਿਆ ਜਾਂਦਾ ਹੈ) ਦੀ ਪ੍ਰੋਸੈਸਿੰਗ ਕਰਕੇ ਤਿਆਰ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਵਿਲੱਖਣ ਸਵਾਦ ਵਾਲੀ ਲੀਚੀ ਜੈਮ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਤੁਰੰਤ ਆਪਣਾ ਪ੍ਰਭਾਵ ਪਾ ਲੈਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਤਪਾਦਾਂ ਲਈ ਕੱਚਾ ਮਾਲ ਰਾਜ ਦੇ ਕਿਸਾਨਾਂ ਤੋਂ ਹੀ ਖਰੀਦਿਆ ਗਿਆ ਹੈ ਅਤੇ ਮਾਰਕਫੈੱਡ ਵਰਗੀਆਂ ਸਹਿਕਾਰੀ ਸੰਸਥਾਵਾਂ ਦੇ ਮਜ਼ਬੂਤ ਮੰਡੀਕਰਨ ਢਾਂਚੇ ਨਾਲ ਕਿਸਾਨ ਬਾਗਬਾਨੀ ਅਤੇ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣੀ ਕਿਸਮਤ ਬਦਲ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਵਿੱਚ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ `ਤੇ ਉਪਰਾਲੇ ਕਰ ਰਹੀ ਹੈ।

ਇਸ ਦੌਰਾਨ ਵਿਸ਼ੇਸ਼ ਮੁੱਖ ਸਕੱਤਰ (ਸਹਿਕਾਰਤਾ) ਰਵਨੀਤ ਕੌਰ ਨੇ ਦੱਸਿਆ ਕਿ ਇਹ ਉਤਪਾਦ ਸਾਰੇ ਪ੍ਰਮੁੱਖ ਪ੍ਰਚੂਨ ਵਿਕਰੇਤਾਵਾਂ, ਮਾਰਕਫੈੱਡ ਬਜ਼ਾਰਾਂ ਅਤੇ ਮਾਰਕਫੈੱਡ ਦੇ ਵਿਕਰੀ ਕੇਂਦਰਾਂ/ਆਊਟਲੈੱਟਾਂ `ਤੇ ਉਪਲਬਧ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਮਾਰਕਫੈੱਡ ਦੁਆਰਾ ਪੇਸ਼ ਕੀਤੇ ਮਾਰਕਪਿਕ ਤੇ ਮਾਰਕਫਿਨਾਇਲ ਉਤਪਾਦ ਆਈ.ਐਸ.ਓ. 9001:2015 ਤਹਿਤ ਪ੍ਰਮਾਣਿਤ ਹਨ।

ਉਨ੍ਹਾਂ ਕਿਹਾ ਕਿ ਮਾਰਕਪਿਕ ਗੁਣਵੱਤਾ ਵਿੱਚ ਮੌਜੂਦਾ ਬ੍ਰਾਂਡਾਂ ਨਾਲੋਂ ਉੱਤਮ ਹੈ ਅਤੇ ਦੂਜੇ ਬ੍ਰਾਂਡਾਂ ਦੇ ਮੁੱਲ ਮੁਕਾਬਲੇ ਲਗਭਗ 30 ਫੀਸਦੀ ਘੱਟ ਕੀਮਤ ਉਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਾਰਕਫਿਨਾਈਲ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਅਤੇ ਇਹ ਉਤਪਾਦ ਬਿਹਤਰ ਸਫ਼ਾਈ ਗੁਣਾਂ ਕਾਰਨ ਖਪਤਕਾਰ ਪੱਖੀ ਹੈ।

ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਰਜਿਸਟਰਾਰ ਸਹਿਕਾਰੀ ਸੁਸਾਇਟੀਆਂ ਪੰਜਾਬ ਨੀਲਕੰਠ ਅਵਧ, ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਮਵੀਰ, ਮਾਰਕਫੈੱਡ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ, ਮਾਰਕਫੈੱਡ ਦੇ ਮੁੱਖ ਮੈਨੇਜਰ (ਮਾਰਕੀਟਿੰਗ) ਰਾਕੇਸ਼ ਕੁਮਾਰ ਪੋਪਲੀ ਤੇ ਹੋਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION