30.1 C
Delhi
Tuesday, May 7, 2024
spot_img
spot_img

ਮਨੀਸ਼ ਤਿਵਾੜੀ ਨੇ ਕੇਂਦਰੀ ਵਾਤਾਵਰਨ ਮੰਤਰੀ ਨਾਲ ਕੀਤੀ ਮੁਲਾਕਾਤ; ਖ਼ਤਰਨਾਕ ਬਿਮਾਰੀਆਂ ਪੈਦਾ ਕਰਨ ਵਾਲੀ ਕਾਸਮੈਟਿਕ ਫੈਕਟਰੀ ’ਤੇ ਕਾਰਵਾਈ ਦੀ ਮੰਗ

ਯੈੱਸ ਪੰਜਾਬ
ਹੁਸ਼ਿਆਰਪੁਰ/ਗੜ੍ਹਸ਼ੰਕਰ, 19 ਅਕਤੂਬਰ, 2022 –
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨਾਲ ਮੁਲਾਕਾਤ ਕਰਕੇ ਕਾਸਮੈਟਿਕ ਫੈਕਟਰੀ ਦੇ ਸਬੰਧ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਕਾਰਨ ਕਈ ਲੋਕਾਂ ਅਤੇ ਪਸ਼ੂਆਂ ਨੂੰ ਖਤਰਨਾਕ ਬਿਮਾਰੀਆਂ ਲੱਗ ਰਹੀਆਂ ਹਨ। ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਉਨ੍ਹਾਂ ਨੂੰ ਇਕ ਪੱਤਰ ਵੀ ਸੌਂਪਿਆ।

ਐਮ ਪੀ ਤਿਵਾੜੀ ਨੇ ਵਾਤਾਵਰਣ ਮੰਤਰੀ ਨੂੰ ਕਿਹਾ ਕਿ ਉਕਤ ਫੈਕਟਰੀ ਸਬੰਧੀ ਉਨ੍ਹਾਂ ਨੂੰ 23 ਸਤੰਬਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਪੈਂਦੀ ਮਾਡਲਸ ਕਾਸਮੈਟਿਕਸ ਪ੍ਰਾਈਵੇਟ ਲਿਮਟਿਡ ਦੇ ਪ੍ਰਦੂਸ਼ਣ ਕਾਰਨ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਅਧੀਨ ਪੈਂਦੇ ਪਿੰਡ ਮਹਿੰਦਵਾਣੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਇੱਥੋਂ ਤੱਕ ਕਿ ਪਸ਼ੂਆਂ ਦੀ ਸਿਹਤ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ। ਜਿਸ ਸਬੰਧੀ ਉਹ ਸਬੰਧਤ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕਰਦੇ ਹਨ।

ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ 14 ਅਕਤੂਬਰ ਨੂੰ ਇਸ ਸੰਦਰਭ ਵਿੱਚ ਪ੍ਰਭਾਵਿਤ ਇਲਾਕਿਆਂ ਦੇ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਉਹ ਵੀ ਸ਼ਾਮਲ ਹੋਏ ਸਨ, ਜੋ ਹੁਣ 77ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਕਤ ਫੈਕਟਰੀ ਵੱਲੋਂ ਫੈਲੇ ਪ੍ਰਦੂਸ਼ਣ ਕਾਰਨ ਹਰ ਪਿੰਡ ਵਿੱਚ ਕੋਈ ਨਾ ਕੋਈ ਪਿੰਡ ਵਾਸੀ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ, ਪੋਸ਼ੀ, ਹੁਸ਼ਿਆਰਪੁਰ ਦੀ ਅਗਵਾਈ ਹੇਠ ਮਹਿੰਦਵਾਨੀ-ਗੜ੍ਹਸ਼ੰਕਰ ਵਿਖੇ ਸਿਹਤ ਕੈਂਪ ਲਗਾਇਆ ਗਿਆ, ਜਿਸਦੇ ਨਤੀਜੇ ਚਿੰਤਾਜਨਕ ਰਹੇ ਹਨ |

ਇਸ ਸਮੇਂ ਦੌਰਾਨ ਜਾਂਚੇ ਗਏ 523 ਮਰੀਜ਼ਾਂ ਵਿੱਚੋਂ 82 ਨੂੰ ਫੇਫੜਿਆਂ ਦੀਆਂ ਬਿਮਾਰੀਆਂ ਅਤੇ ਸਾਹ ਦੀਆਂ ਸ਼ਿਕਾਇਤਾਂ, 80 ਨੂੰ ਚਮੜੀ ਦੀਆਂ ਬਿਮਾਰੀਆਂ, 88 ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਚਿਹਰੇ ਦੀਆਂ ਸਮੱਸਿਆਵਾਂ ਸਨ, ਜਦਕਿ 275 ਨੂੰ ਆਮ ਸਿਹਤ ਸਮੱਸਿਆਵਾਂ ਸਨ। ਇਹ ਚਿੰਤਾਜਨਕ ਸਥਿਤੀ ਹੈ ਜਿਸ ‘ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਹੋ ਰਹੀਆਂ ਬਿਮਾਰੀਆਂ ਸਿੱਧੇ ਤੌਰ ‘ਤੇ ਉਕਤ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਨਤੀਜਾ ਹਨ। ਫੈਕਟਰੀ ਵਿੱਚੋਂ ਨਿਕਲਦੇ ਹਾਨੀਕਾਰਕ ਧੂੰਏਂ ਨੇ ਹਵਾ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਫੈਕਟਰੀ ਵਿੱਚ ਟਨਾਂ ਪਰਾਲੀ ਸਾੜੀ ਜਾਂਦੀ ਹੈ ਅਤੇ ਇਸ ਤੋਂ ਨਿਕਲਣ ਵਾਲਾ ਹਾਨੀਕਾਰਕ ਧੂੰਆਂ 5-6 ਕਿਲੋਮੀਟਰ ਦੇ ਖੇਤਰ ਨੂੰ ਪ੍ਰਭਾਵਿਤ ਕਰਦਾ ਹੈ। ਰਸਾਇਣਕ ਰਹਿੰਦ-ਖੂੰਹਦ ਜਿੱਥੇ ਹਵਾ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ, ਉੱਥੇ ਹੀ ਇਲਾਕੇ ਦੀ ਬਨਸਪਤੀ ਅਤੇ ਪਸ਼ੂਆਂ ‘ਤੇ ਵੀ ਮਾੜਾ ਪ੍ਰਭਾਵ ਪਾ ਰਿਹਾ ਹੈ।

ਰਸਾਇਣਕ ਰਹਿੰਦ-ਖੂੰਹਦ ਦਾ ਸਹੀ ਨਿਪਟਾਰਾ ਨਾ ਹੋਣ ਕਾਰਨ ਇਹ ਪੀਣ ਵਾਲੇ ਪਾਣੀ ਨੂੰ ਵੀ ਦੂਸ਼ਿਤ ਕਰ ਰਿਹਾ ਹੈ। ਇੱਥੇ ਕੈਂਸਰ ਫੈਲਣ ਦਾ ਵੱਡਾ ਖਤਰਾ ਹੈ, ਕਿਉਂਕਿ ਇਹ ਰਸਾਇਣ ਕਾਰਸੀਨੋਜਨਿਕ ਹਨ। ਫੈਕਟਰੀ ਵੱਲੋਂ ਵਰਤੇ ਜਾਂਦੇ ਰਸਾਇਣਾਂ ਨਾਲ ਫੈਲੀ ਬਦਬੂ ਹਰ ਘਰ ਤੱਕ ਪਹੁੰਚਦੀ ਹੈ।

ਇਲਾਕੇ ਦੇ ਵਿਦਿਆਰਥੀਆਂ ਨੂੰ ਸਹੀ ਸਿੱਖਿਆ ਨਹੀਂ ਮਿਲ ਰਹੀ। ਫੈਕਟਰੀ ਸੰਚਾਲਕ ਨੇ ਇਸਦੀ ਪੈਦਾਵਾਰ ਵਧਾਉਣ ਲਈ ਕੁਦਰਤੀ ਬਨਸਪਤੀ ਨੂੰ ਹਟਾ ਦਿੱਤਾ ਹੈ। ਕੁਦਰਤੀ ਨਹਿਰਾਂ ਅਤੇ ਨਾਲੇ ਪੂਰੀ ਤਰ੍ਹਾਂ ਨਾਲ ਖ਼ਰਾਬ ਹੋ ਚੁੱਕੇ ਹਨ। ਫੈਕਟਰੀ ਵੱਲੋਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਔਜ਼ਾਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਜਿਸ ਕਾਰਨ ਕੁਦਰਤੀ ਤਬਾਹੀ ਦਾ ਖਦਸ਼ਾ ਬਣਿਆ ਹੋਇਆ ਹੈ। ਦਰਅਸਲ, ਅਣਸੋਧਿਆ ਗੰਦਾ ਪਾਣੀ ਛੋਟੇ ਦਰਿਆਵਾਂ ਵਿੱਚ ਛੱਡਿਆ ਜਾ ਰਿਹਾ ਹੈ ਜੋ ਸਵਾ ਦਰਿਆ ਵਿੱਚ ਅਤੇ ਸਿੱਧਾ ਸਤਲੁਜ ਦਰਿਆ ਵਿੱਚ ਜਾਂਦਾ ਹੈ, ਜੋ ਕਿ ਹੁਣ ਸ਼ਹਿਰੀ ਪੰਜਾਬ ਵਿੱਚ ਉਦਯੋਗਾਂ ਦੁਆਰਾ ਛੱਡੇ ਜਾਣ ਵਾਲੇ ਜ਼ਹਿਰੀਲੇ ਰਸਾਇਣਾਂ ਨਾਲ ਹੋਰ ਪ੍ਰਦੂਸ਼ਿਤ ਹੋ ਰਿਹਾ ਹੈ।

ਅਜਿਹੀ ਸਥਿਤੀ ਵਿੱਚ ਉਹ ਤੁਹਾਨੂੰ ਅਪੀਲ ਕਰਦੇ ਹਨ ਕਿ ਉਹ ਪ੍ਰਭਾਵਿਤ ਖੇਤਰ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇੱਕ ਟੀਮ ਭੇਜ ਕੇ ਸਰਵੇਖਣ ਕਰਨ ਅਤੇ ਇਸ ਸਬੰਧੀ ਬਣਦੀ ਕਾਰਵਾਈ ਕਰਨ, ਤਾਂ ਜੋ ਵਾਤਾਵਰਨ ਦੇ ਨਾਲ-ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੀ ਸਿਹਤ ਨੂੰ ਬਚਾਇਆ ਜਾਵੇ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION