30.1 C
Delhi
Wednesday, May 8, 2024
spot_img
spot_img

ਭਾਈ ਨਿਰਮਲ ਸਿੰਘ ਖ਼ਾਲਸਾ ਦਾ ਅਕਾਲ ਚਲਾਣਾ: ਕੁਝ ਸਵਾਲ, ਕੁਝ ਸੁਝਾਅ – ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਂਅ ਇਕ ਖ਼ਤ

ਯੈੱਸ ਪੰਜਾਬ
ਹੁਸ਼ਿਆਰਪੁਰ, 14 ਅਪ੍ਰੈਲ, 2020:
ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਕੋਰੋਨਾ ਵਾਇਰਸ ਕਾਰਨ ਹੋਏ ਅਕਾਲ ਚਲਾਣੇ, ਉਨ੍ਹਾਂ ਦੇ ਇਲਾਜ ਅਤੇ ਉਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ ਦੇ ਘਟਨਾ¬ਕ੍ਰਮ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਿਖ਼ੇ ਗਏ ਇਕ ਪੱਤਰ ਵਿਚ ਨਾ ਕੇਵਲ ਕੁਝ ਸਵਾਲ ਖੜ੍ਹੇ ਕੀਤੇ ਗਏ ਹਨ ਸਗੋਂ ਕੁਝ ਸੁਝਾਅ ਵੀ ਦਿੱਤੇ ਗਏ ਹਨ।

ਇਹ ਪੱਤਰ ਲਿਖ਼ਣ ਵਾਲੇ ਸ:ਬਹਾਦਰ ਸਿੰਘ ਸੁਨੇਤ ਅਤੇ ਸ:ਰਸ਼ਪਾਲ ਸਿੰਘ ਨੇ ਆਪਣੇ ਪੱਤਰ ਵਿਚ ਭਾਈ ਖ਼ਾਲਸਾ ਦੀ ਮੌਤ ਅਤੇ ਉਸਤੋਂ ਬਾਅਦ ਦੇ ਘਟਨਾ¬ਕ੍ਰਮ ਬਾਰੇ ਜੋ ਆਖ਼ਿਆ ਹੈ, ਉਸ ਨੂੰ ਉਹਨਾਂ ਦੇ ਸ਼ਬਦਾਂ ਵਿਚ ਹੀ ਤੁਹਾਡੇ ਸਨਮੁਖ਼ ਰੱਖਣ ਲਈ ‘ਯੈੱਸ ਪੰਜਾਬ’ ਉਹਨਾਂ ਦਾ ਸੰਪੂਰਨ ਪੱਤਰ ਹੀ ਆਪਣੇ ਪਾਠਕਾਂ ਲਈ ਹੇਠਾਂ ਪ੍ਰਕਾਸ਼ਿਤ ਕਰ ਰਿਹਾ ਹੈ।

ਆਦਰਯੋਗ ਸ: ਗੋਬਿੰਦ ਸਿੰਘ ਲੌਂਗੋਵਾਲ ਜੀ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

ਵਿਸ਼ਾ : ਭਾਈ ਨਿਰਮਲ ਸਿੰਘ ਜੀ ਰਾਗੀ ਦੇ ਅੰਤਮ ਸਮੇਂ ਦੇ ਦੁਖਦਾਈ ਘਟਨਾਕ੍ਰਮ ਨੂੰ ਉਸਾਰੂ ਤੇ ਸੁਚਾਰੂ ਦਿਸ਼ਾ ਦੇਣ ਲਈ ਭੂਮਿਕਾ ਨਿਭਾਉਣ ਸਬੰਧੀ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਬੇਨਤੀ ਹੈ ਕਿ ਇਕ ਵਿਸ਼ਾਣੂ (ਵਾਇਰਸ) ਦੇ ਕਾਰਨ ਸੰਸਾਰ ਦਾ ਵੱਡਾ ਹਿੱਸਾ ਭਾਰੀ ਸੰਕਟ ਵਿਚ ਹੈ। ਮਾਨਵਜਾਤੀ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਮਿਸਾਲ ਹੋਵੇਗੀ ਕਿ ਕਿਸੇ ਬਿਮਾਰੀ ਦੀ ਮਹਾਂਮਾਰੀ ਕਾਰਨ ਸੰਸਾਰ ਦੀ ਹਲਚਲ ਰੁਕ ਗਈ ਹੋਵੇ।

ਇਸ ਵਿਸ਼ਾਣੂ ਨੂੰ ਵਿਗਿਆਨ ਨੇ ਕਰੋਨਾ ਦਾ ਨਾਮ ਦਿੱਤਾ ਹੈ। ਪਰ ਅਜੇ ਤੱਕ ਇਸ ਦੇ ਜਨਮ ਸਥਾਨ, ਜਨਮ ਮਿਤੀ ਅਤੇ ਮਾਂ ਬਾਪ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਇਸ ਕਰੋਨਾ ਦੇ ਕਹਿਰ ਨੇ ਸੰਸਾਰ ਦਾ ਚਿਹਰਾ ਕਰੂਪ ਕਰ ਕੇ ਰੱਖ ਦਿੱਤਾ ਹੈ। ਰੋਗ ਪੀੜਤਾਂ ਦੀ ਅਤੇ ਮੌਤਾਂ ਦੀ ਗਿਣਤੀ ਕਾਰਨ ਭਾਰੀ ਦਹਿਸ਼ਤ ਹੈ।

ਖ਼ੁਦਕਸ਼ੀਆਂ ਦੀਆਂ ਖ਼ਬਰਾਂ ਵੀ ਆਉਣ ਲੱਗ ਪਈਆਂ ਹਨ। ਖ਼ਬਰਾਂ ਇਹ ਵੀ ਆਈਆਂ ਕਿ ਕਿਤੇ ਕਿਤੇ ਸਰਕਾਰਾਂ ਵਲੋਂ ਬਜ਼ੁਰਗਾਂ ਨੂੰ ਮਰ ਜਾਣ ਦੇ ਹਾਲ’ਤੇ ਛੱਡ ਦਿੱਤਾ ਗਿਆ ਅਤੇ ਇਲਾਜ਼ ਕਰ ਸਕਣ ਤੋਂ ਅਸਮਰੱਥਾ ਪ੍ਰਗਟਾ ਦਿੱਤੀ।

ਭਾਰਤ ਵਲੋਂ ਦੇਰ-ਸਵੇਰ ਕੀਤੇ ਯਤਨਾਂ ਦੇ ਬਾਵਜੂਦ ਇਸ ਵਿਸ਼ਾਣੂ ਨੇ ਹਮਲਾ ਕਰ ਦਿੱਤਾ। ਪੰਜਾਬ ਅੰਦਰ ਕੌਮਾਂਤਰੀ ਪਛਾਣ ਰੱਖਦੇ ਭਾਈ ਨਿਰਮਲ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਦੀ ਮੌਤ ਨਾਲ ਕਈ ਰਹੱਸ ਜੁੜ ਗਏ। ਕੀ ਕਰੋਨਾ ਦੇ ਸ਼ਿਕਾਰ ਸਨ ? ਸਹੀ ਇਲਾਜ਼ ਨਹੀਂ ਮਿਲਿਆ ? ਅੰਤਲੇ ਸੁਆਸਾਂ ਤੋਂ ਅੰਤਮ ਸਸਕਾਰ ਤੇ ਸੰਸਕਾਰਾਂ ਤੱਕ ਸਵਾਲਾਂ ਦਾ ਜਾਲ਼ ਵਿਛਿਆ ਹੋਇਆ ਹੈ।

ਕਈ ਸ਼ੰਕੇ, ਸ਼ਿਕਵੇ ਤੇ ਸ਼ਿਕਾਇਤਾਂ ਸਿਖ਼ਰ’ਤੇ ਹਨ। ਸ਼ਾਇਦ ਇਹ ਭਾਈ ਨਿਰਮਲ ਸਿੰਘ ਜੀ ਦੇ ਹਿੱਸੇ ਆਇਆ। ਨੈਤਿਕਤਾ ਅਨੁਸਾਰ ਤਾਂ ਕਿਸੇ ਮਨੁੱਖ ਨਾਲ ਵੀ ਵਾਪਰੇ ਤਾਂ ਉਹ ਮਸਲਾ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।

ਪੰਜਾਬ ਅੰਦਰ ਇਸ ਮਸਲੇ ਤੋਂ ਦੋ ਤਿੰਨ ਦਿਨ ਪਹਿਲਾਂ ਵੀ ਖ਼ਬਰ ਛਪੀ ਸੀ ਕਿ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਤਿੰਨ ਸ਼ਮਸ਼ਾਨ ਘਾਟਾਂ ਵਿਚ ਘੁੰਮਦਾ ਰਿਹਾ, ਹਾਲਾਂ ਕਿ ਨੌਜਵਾਨ ਕਰੋਨਾ ਤੋਂ ਪੀੜਤ ਵੀ ਨਹੀਂ ਸੀ। ਕਰੋਨਾ ਕਾਰਨ ਮੌਤਾਂ ਤੋਂ ਬਾਅਦ ਪਰਿਵਾਰਾਂ ਵਲੋਂ ਮ੍ਰਿਤਕ ਦੇਹ ਨਾਲੋਂ ਨਾਤਾ ਤੋੜਨ ਦੀਆਂ ਖ਼ਬਰਾਂ ਵੀ ਨਸ਼ਰ ਹੋ ਰਹੀਆਂ ਹਨ।

ਭਾਈ ਨਿਰਮਲ ਸਿੰਘ ਜੀ ਦੀ ਮੌਤ ਨਾਲ ਸਿੱਖ ਪੰਥ ਅਤੇ ਹੋਰ ਜੁੜੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਪਰ ਮੌਤ ਨਾਲ ਜੁੜਿਆ ਘਟਨਾਕ੍ਰਮ ਸ਼ਰਮਸ਼ਾਰ ਕਰਦਾ ਹੈ ਤੇ ਕਰਦਾ ਰਹੇਗਾ। ਜਿਸ ਭਾਰਤ ਨੇ ਕਦੇ ਆਪਣੀ ਜੀ.ਡੀ.ਪੀ. ਦਾ 1.2 ਤੋਂ ਵੱਧ ਕਦੇ ਇਲਾਜ਼ ਖੇਤਰ ਵਿਚ ਲਾਇਆ ਨਾ ਹੋਵੇ, ਉੱਥੋਂ ਦੀਆਂ ਸਿਹਤ ਸੇਵਾਵਾਂ ਦਾ ਮਿਆਰ ਸਹਿਜੇ ਹੀ ਮਾਪਿਆ ਜਾ ਸਕਦਾ ਹੈ। ਅਜੇ 2025 ਤੱਕ ਜੀ.ਡੀ.ਪੀ. ਦਾ 2.5 ਲਾਏ ਜਾਣ ਦੇ ਐਲਾਨ ਅਲਾਪੇ ਜਾ ਰਹੇ ਹਨ, ਜੋ ਕਿ ਕੌਮਾਂਤਰੀ ਪੱਧਰ ਦੇ ਸਾਹਮਣੇ ਬਹੁਤ ਬੌਣੇ ਹਨ।

ਇਲਾਜ਼ ਪ੍ਰਣਾਲੀ ਦੀਆਂ ਕਮੀਆਂ ਨੂੰ ਮੌਤ ਦਾ ਕਾਰਨ ਮੰਨਿਆ ਜਾ ਸਕਦਾ ਹੈ। ਮਰੀਜ਼ ਨੂੰ ਕੌਂਸਲਿੰਗ ਨਾ ਦਿੱਤੇ ਜਾਣ ਦੀ ਖ਼ਾਮੀ ਵੀ ਮੌਤ ਦੇ ਕਾਰਨ ਦੀ ਹਾਮੀ ਭਰ ਸਕਦੀ ਹੈ। ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਡਾਕਟਰਾਂ ਦੇ ਨਾਲ ਨਾਲ ਇਲਾਜ਼ ਤੰਤਰ ਦੀ ਮਰੀਜ਼ਾਂ ਪ੍ਰਤੀ ਸੁਹਿਰਦਤਾ ਤੇ ਪ੍ਰਤੀਬਧਤਾ ਦੀ ਪੜਚੋਲ ਵੀ ਕੀਤੀ ਜਾਣੀ ਚਾਹੀਦੀ ਹੈ।

ਪੀ.ਜੀ.ਆਈ. ਵਰਗੀਆਂ ਸਿਖ਼ਰ ਦੀਆਂ ਸੰਸਥਾਂਵਾਂ ਵਿਚ ਪੀੜਤ ਮਰੀਜ਼ ਡਾਕਟਰ ਤੱਕ ਪਹੁੰਚਣ ਤੋਂ ਪਹਿਲਾਂ ਸਾਰਾ ਸਾਰਾ ਦਿਨ ਕਤਾਰਾਂ ਵਿਚ ਖੜ੍ਹੇ ਹੋ ਕੇ ਰੋਗੀ ਹੋਣ ਦੀ ਸਜ਼ਾ ਭੁਗਤਦੇ ਹਨ। ਜ਼ਿਲ੍ਹਾ ਅਤੇ ਮੁਢਲੇ ਸਿਹਤ ਕੇਂਦਰਾਂ ਅੰਦਰਲੀ ਹਾਲਤ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ।

ਦੂਸਰਾ ਭਾਈ ਸਾਹਿਬ ਜੀ ਦੇ ਅੰਤਮ ਸਸਕਾਰ ਸਬੰਧੀ ਰੁਕਾਵਟਾਂ ਵਾਲੀ ਘਟਨਾ ਨੇ ਸਭ ਨੂੰ ਆਹਟ ਕੀਤਾ ਹੈ। ਇਸ ਘਟਨਾ ਨੂੰ ਵੱਖ-ਵੱਖ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ। ਬਹੁਤ ਸਾਰਾ ਰੋਸਾ ਜਾ ਕੇ ਪਿੰਡ ਵੇਰਕਾ ਵਾਸੀਆਂ’ਤੇ ਡਿਗਦਾ ਨਜ਼ਰ ਆ ਰਿਹਾ ਹੈ। ਏਥੋਂ ਤੱਕ ਕਿ ਰੋਟੀ-ਬੇਟੀ ਦੀ ਸਾਂਝ ਤੋੜ ਦੇਣ ਦੀਆਂ ਗੱਲਾਂ ਵੀ ਹੋਈਆਂ ਹਨ।

ਕੋਈ ਦੋਸ਼ੀ ਹੋਵੇ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਦੋਸ਼ੀ ਜਨਤਕ ਤੌਰ’ਤੇ ਦੋਸ਼ ਕਬੂਲ ਕੇ ਮੁਆਫ਼ੀ ਲਈ ਯਾਚਨਾ ਕਰੇ। ਪਰ ਏਥੇ ਨੈਤਿਕ ਵੀ ਤੇ ਕਾਨੂੰਨਨ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕੀ ਇਸ ਸਭ ਕੁਝ ਪਿੱਛੇ ਅਗਿਆਨਤਾ, ਅਨਪੜ੍ਹਤਾ ਅਤੇ ਦਹਿਸ਼ਤ ਤਾਂ ਨਹੀਂ ਹੈ ?

ਅਜਿਹੇ ਘਟਨਾਕ੍ਰਮ ਦੌਰਾਨ ਮਨੋਵਿਗਿਆਨਕ ਪੱਖ ਨੂੰ ਧਿਆਨ ਵਿਚ ਰੱਖਣਾ ਬਹੁਤ ਹੀ ਜ਼ਰੂਰੀ ਹੈ। ਏਥੇ ਦਹਿਸ਼ਤ ਜਾਂ ਡਰ ਦਾ ਵੱਡਾ ਪ੍ਰਭਾਵ ਵੇਖਿਆ ਜਾ ਸਕਦਾ ਹੈ। ਡਰ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਉਹ ਹੁੰਦਾ ਹੈ ਜਿਸ ਤੋਂ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਕਰ ਲੈਂਦਾ ਹੈ ਜਾਂ ਉਸ ਡਰਾਉਂਦੀ ਸ਼ਕਤੀ’ਤੇ ਹਮਲਾਵਰ ਹੋ ਜਾਂਦਾ ਹੈ। ਦੂਸਰਾ ਉਹ ਡਰ ਹੁੰਦਾ ਹੈ ਜੋ ਅਦ੍ਰਿਸ਼ਟ ਹੁੰਦਾ ਹੈ। ਇਹ ਅਕਸਰ ਸਹਿਮ ਤੇ ਵਹਿਮ ਨਾਲ ਜੁੜਿਆ ਹੁੰਦਾ ਹੈ।

ਇਹ ਡਰ ਮਨੁੱਖ ਦਾ ਮਾਨਸਿਕ ਪੱਧਰ ਅਤੇ ਸਰੀਰਕ ਪੱਧਰ ਡਗਮਗਾ ਦਿੰਦਾ ਹੈ। ਕਰੋਨਾ ਵਿਸ਼ਾਣੂ ਦੇ ਡਰ ਨੇ ਸੰਸਾਰ ਦੀਆਂ ਮਹਾਂਸ਼ਕਤੀਆਂ ਨੂੰ ਭੈ-ਭੀਤ ਕੀਤਾ ਹੋਇਆ ਹੈ। ਜੰਗਾਂ-ਯੁੱਧਾਂ ਵਿਚ ਫੌਜਾਂ ਨੇ ਜਰਨੈਲਾਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੈਂਤੜੇ ਲੈਣੇ ਹੁੰਦੇ ਹਨ। ਜਦ ਜਰਨੈਲ ਵੀ ਹਮਲੇ ਸਾਹਮਣੇ ਸਹਿਮ ਜਾਣ ਤਾਂ ਗਲ਼ ਹਾਰ ਦੇ ਹਾਰ ਪੈਣੇ ਕੁਦਰਤੀ ਹੋ ਜਾਂਦੇ ਹਨ।

ਭਾਈ ਨਿਰਮਲ ਸਿੰਘ ਜੀ ਦੇ ਮਾਮਲੇ ਵਿਚ ਪੰਜਾਬ ਦਾ ਸ਼ਾਸ਼ਨ ਪ੍ਰਸ਼ਾਸ਼ਨ ਵੀ ਹਿੰਮਤ ਦੇ ਪ੍ਰਗਟਾਵਿਆਂ ਦੇ ਬਾਵਜੂਦ ਅਦ੍ਰਿਸ਼ਟ ਦੁਸ਼ਮਣ ਦੇ ਸਾਹਮਣੇ ਬੌਂਦਲਿਆ ਹੋਇਆ ਨਜ਼ਰ ਆਇਆ ਹੈ। ਪੁਲਿਸ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਭਾਈ ਸਾਹਿਬ ਜੀ ਦਾ ਸਸਕਾਰ ਸਤਿਕਾਰ ਨਾਲ ਕਰਨਾ ਚਾਹੁੰਦਾ ਹੋਵੇਗਾ। ਪ੍ਰਸ਼ਾਸ਼ਨ ਨੂੰ ਖਦਸ਼ਾ ਹੋਵੇਗਾ ਕਿ ਸਸਕਾਰ ਮੌਕੇ ਹਦਾਇਤਾਂ ਦੇ ਉਲਟ ਸੰਗਤ ਇਕੱਠੀ ਨਾ ਹੋ ਜਾਵੇ। ਕਿਸੇ ਵਹਿਮ ਦੀ ਸ਼ਿਕਾਰ ਕੋਈ ਵਿਰੋਧ ਕਰਨ ਵਾਲੀ ਭੀੜ ਨਾ ਉਮੜ ਆਵੇ।

ਸ਼ਾਇਦ ਇਸੇ ਲਈ ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਭਾਈ ਸਾਹਿਬ ਜੀ ਦੀ ਮ੍ਰਿਤਕ ਦੇਹ ਨੂੰ ਸ਼ਹਿਰ ਦੇ ਸ਼ਮਸ਼ਾਨਘਾਟ ਛੱਡ ਪਿੰਡ ਵੇਰਕਾ ਲੈ ਕੇ ਗਿਆ ਹੋਵੇਗਾ। ਪਰ ਇਸ ਕਾਰਵਾਈ ਨਾਲ ਵੇਰਕਾ ਇਲਾਕੇ ਵਿਚ ਸੱਚ ਮੁੱਚ ਵਹਿਮ ਪੈਦਾ ਹੋ ਗਿਆ ਹੋਵੇਗਾ। ਜਿਸ ਕਰਕੇ ਉਹਨਾਂ ਨੇ ਵੀ ਸਸਕਾਰ ਕਰਨ ਦੀ ਆਗਿਆ ਨਾ ਦਿੱਤੀ ਹੋਵੇਗੀ। ਪਰ ਉਹਨਾਂ ਵਲੋਂ ਹੀ ਪਿੰਡ ਤੋਂ ਹਟ ਕੇ ਸਸਕਾਰ ਲਈ ਜਗ੍ਹਾ ਦੇਣੀ ਅਤੇ ਅੰਤਮ ਰਸਮਾਂ ਨੂੰ ਨਿਭਾਉਣਾ ਉਹਨਾਂ ਦਾ ਉਸਾਰੂ ਪਹੁੰਚ ਦਾ ਸੰਕੇਤ ਹੈ।

ਮੌਕੇ’ਤੇ ਹੀ ਦਸ ਕਨਾਲਾਂ ਜ਼ਮੀਨ ਦਾਨ ਕਰਨੀ ਵੀ ਭਾਈਚਾਰਾ ਨਿਭਾਉਣ ਵਾਲੀ ਸੋਚ ਲੱਗਦੀ ਹੈ। ਇਸ ਖ਼ੌਫਜ਼ਦਾ ਮਾਹੌਲ ਮੌਕੇ ਹੋਰ ਸਮਾਜ ਵਲੋਂ ਵੀ ਭਾਰੀ ਗਲਤੀਆਂ ਹੋਈਆਂ ਹੋਣਗੀਆਂ। ਕਿਉਂਕਿ ਹਰ ਇਕ ਨੂੰ ਆਪਣੀ ਜਾਨ ਤੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦਾ ਫ਼ਿਕਰ ਹੈ। ਸਿੱਖ ਪੰਥ, ਸਾਹਿਤ, ਸੰਗੀਤ ਅਤੇ ਕਲ਼ਾ ਨਾਲ ਸਬੰਧਤ ਸਿਰਮੌਰ ਸੰਸਥਾਂਵਾਂ ਤੇ ਸ਼ਖ਼ਸੀਅਤਾਂ ਸਸਕਾਰ ਮੌਕੇ ਸਤਿਕਾਰ ਭੇਟ ਕਰਨ ਤੋਂ ਸੱਖਣੀਆਂ ਰਹੀਆਂ ਹੋਣਗੀਆਂ।

ਇਸ ਸਾਰੇ ਵਰਤਾਰੇ ਦੌਰਾਨ ਕੇਵਲ ਇਕ ਪਿੰਡ ਨੂੰ ਨਿਸ਼ਾਨੇ’ਤੇ ਲੈਣਾ ਸਮਾਜ ਤੇ ਪੰਥ ਦੇ ਹਿਤ ਵਿਚ ਨਹੀਂ ਲੱਗਦਾ ਹੈ। ਕਿਸੇ ਦੇ ਵੀ ਮਾਨ-ਸਨਮਾਨ ਨੂੰ ਲੱਗੀ ਸੱਟ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੇ ਬੁਰਾਈਆਂ ਨੂੰ ਜਨਮ ਦੇ ਸਕਦੀ ਹੁੰਦੀ ਹੈ। ਉਹ ਪਿੰਡ ਵੀ ਸਿੱਖ ਪੰਥ ਦਾ ਹਿੱਸਾ ਹੈ। ਆਹਟ ਭਾਵਨਾਵਾਂ ਅਧੀਨ ਪਿੰਡ ਦੇ ਵਿਰੁੱਧ ਬੋਲਣਾ ਲਿਖਣਾ ਕੁਦਰਤੀ ਹੈ। ਪਰ ਜਿਸ ਪੰਥ ਦਾ ਗੁਰੂ ਸ਼ਬਦ ਹੋਵੇ ਉਸ ਨੂੰ ਡੂੰਘੀ ਪੜਤਾਲ ਕਰਕੇ ਅਸਲੀਅਤ ਸਾਹਮਣੇ ਰੱਖਣੀ ਚਾਹੀਦੀ ਹੈ। ਵਿਸ਼ਵ ਭਰ ਵਿਚ ਸਾਰਥਿਕ ਸੁਨੇਹੇ ਦੇ ਕੇ ਪੰਥ ਦੇ ਮਾਣ ਵਿਚ ਵਾਧਾ ਕਰਨਾ ਚਾਹੀਦਾ ਹੈ।

ਕਿਸੇ ਵਸਤੂ ਤੇ ਘਟਨਾ ਨੂੰ ਦੇਖਣਾ ਦ੍ਰਿਸ਼ਟੀ ਹੈ ਤੇ ਉਸ ਬਾਰੇ ਰਾਏ ਬਣਾਉਣੀ ਦ੍ਰਿਸ਼ਟੀਕੋਣ ਹੈ। ਦ੍ਰਿਸ਼ਟੀਕੋਣ ਹਰ ਮਨੁੱਖ ਕੋਲ ਨਹੀਂ ਹੁੰਦਾ। ਦ੍ਰਿਸ਼ਟੀ ਦੀ ਸੀਮਾ ਹੁੰਦੀ ਹੈ ਪਰ ਦ੍ਰਿਸ਼ਟੀਕੋਣ ਸਦੀਆਂ ਨਾਲ ਸਮਝ ਬੈਠਾਉਂਦਾ ਹੈ। ਸਾਕਾਰਤਮਕ ਦ੍ਰਿਸ਼ਟੀਕੋਣ ਦੇ ਮਾਲਕ ਨੂੰ ਹੀ ਦੂਰਦਰਸ਼ੀ ਕਿਹਾ ਜਾਂਦਾ ਹੈ। ਨਿਰਮਲ਼ ਦ੍ਰਿਸ਼ਟੀ ਤੋਂ ਪੈਦਾ ਹੋਇਆ ਦ੍ਰਿਸ਼ਟੀਕੋਣ ਸਭ ਸੀਮਾਵਾਂ ਤੋੜ ਸੰਸਾਰ ਨੂੰ ਸੁੱਖ ਸ਼ਾਂਤੀ ਪ੍ਰਦਾਨ ਕਰਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੌਕੇ ਅਜਿਹੀ ਭੂਮਿਕਾ ਨਿਭਾਵੇ ਜਿਸ ਨਾਲ ਮਨ ਮਿਟਾਅ ਤੋਂ ਹਟ ਕੇ ਸਮੁੱਚੀ ਸ਼ਕਤੀ ਨੂੰ ਸਹੀ ਦਿਸ਼ਾ ਮਿਲ ਸਕੇ। ਸਿੱਖ ਪੰਥ ਵਿਚ ਹੋ ਚੁੱਕੀਆਂ ਮਹਾਨ ਸ਼ਖ਼ਸੀਅਤਾਂ ਦਾ ਥਾਹ ਨਹੀਂ ਪਾਇਆ ਜਾ ਸਕਦਾ। ਵਰਤਮਾਨ ਮੌਕੇ ਵੀ ਮਹਾਨ ਸ਼ਖ਼ਸੀਅਤਾਂ ਹਨ। ਭਵਿੱਖ ਵਿਚ ਵੀ ਅਥਾਹ ਸ਼ਖ਼ਸੀਅਤਾਂ ਹੋਣਗੀਆਂ।

ਪਰ ਭਾਈ ਨਿਰਮਲ ਸਿੰਘ ਜੀ ਦਾ ਨਾਮ ਕਰੋਨਾ ਦੇ ਪ੍ਰਕੋਪ ਕਾਰਨ ਵਿਸ਼ਵ ਵਿਚ ਵਿਸ਼ੇਸ਼ ਕਰ ਕੇ ਉੱਭਰਿਆ ਹੈ। ਸਿਹਤ ਸੇਵਾਵਾਂ ਦਾ ਮੰਥਨ ਕਰਨ ਲਈ ਮਜ਼ਬੂਰ ਕੀਤਾ ਹੈ। ਇਸ ਲਈ ਉਹਨਾਂ ਦੇ ਵਿਅਕਤੀਗਤ ਜੀਵਨ ਤੋਂ ਵੀ ਅੱਗੇ ਵਧ ਕੇ ਸਿਹਤ ਸੇਵਾਵਾਂ ਦੇ ਉੱਚ ਮਿਆਰ ਲਈ ਸਿੱਖ ਪੰਥ ਵਲੋਂ ਇਤਿਹਾਸਕ ਫੈਸਲੇ ਲਏ ਜਾਣੇ ਚਾਹੀਦੇ ਹਨ :

1. ਭਾਈ ਨਿਰਮਲ ਸਿੰਘ ਚੈਰੀਟੇਬਲ ਹਸਪਤਾਲ ਵੇਰਕਾ ਸਥਾਪਤ ਕੀਤਾ ਜਾਵੇ।
2. ਪੀ.ਜੀ.ਆਈ. ਦੀ ਤਰਜ਼’ਤੇ ਸੰਸਥਾ ਸਥਾਪਤ ਕੀਤੀ ਜਾਵੇ ਅਤੇ ਗਰੀਬਾਂ ਲਈ ਮੁਫ਼ਤ ਇਲਾਜ਼ ਦਾ ਪ੍ਰਬੰਧ ਹੋਵੇ। ਗਰੀਬ ਵਿਦਿਆਰਥੀ ਜੋ ਮੈਡੀਕਲ ਸਿੱਖਿਆ ਲੈਣ ਦੇ ਸਮਰੱਥ ਹਨ, ਉਹਨਾਂ ਨੂੰ ਮੁਫ਼ਤ ਪੜ੍ਹਾਈ ਦੇ ਮੌਕੇ ਦਿੱਤੇ ਜਾਣ।
3. ਜੰਗਾਂ-ਯੁੱਧਾਂ ਅਤੇ ਕੁਦਰਤੀ ਆਫ਼ਤਾਂ ਸਬੰਧੀ ਸਿਖਲਾਈ ਲਈ ਵਿਸ਼ਵ ਪੱਧਰੀ ਸੰਸਥਾ ਸਥਾਪਤ ਕੀਤੀ ਜਾਵੇ।
4. ਜ਼ਹਿਰ ਮੁਕਤ ਖੇਤੀ ਅਤੇ ਵਾਤਾਵਰਣ ਦੀ ਸੰਭਾਲ ਲਈ ਸਿਖਲਾਈ ਸੰਸਥਾ ਸਥਾਪਤ ਕੀਤੀ ਜਾਵੇ।

ਇਸ ਲਈ ਵਿਸ਼ਵ ਭਰ ਦੀਆਂ ਸੰਗਤਾਂ, ਸਿੱਖ ਸੰਸਥਾਵਾਂ ਅਤੇ ਸਾਹਿਤ ਸੰਸਥਾਵਾਂ, ਸੰਗੀਤ ਸੰਸਥਾਵਾਂ ਅਤੇ ਕਲ਼ਾ ਸੰਸਥਾਵਾਂ ਤੋਂ ਇਲਾਵਾ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦਾ ਭਰਵਾਂ ਸਹਿਯੋਗ ਲਿਆ ਜਾਵੇ।

ਨਿਮਰਤਾ ਸਹਿਤ
ਪ੍ਰੋ: ਬਹਾਦਰ ਸਿੰਘ ਸੁਨੇਤ                             ਰਸ਼ਪਾਲ ਸਿੰਘ
ਸਾਬਕਾ ਮੁਖੀ ਫ਼ਾਰਮੇਸੀ ਵਿਭਾਗ                       ਹੁਸ਼ਿਆਰਪੁਰ
ਪੰਡਤ ਜਗਤ ਰਾਮ ਸਰਕਾਰੀ ਪਾਲੀਟੈਕਨਿਕ           ਧਾਰਮਿਕ, ਸਮਾਜਿਕ ਤੇ ਸਭਿਆਚਾਰਕ ਮਾਮਲੇ
ਹੁਸ਼ਿਆਰਪੁਰ।                                       ਪ੍ਰਸਾਰਕ (ਐਨ.ਜੀ.ਓ.)
ਸਟੇਟ ਐਵਾਰਡੀ                                      ਸਾਬਕਾ ਪ੍ਰੋਜੈਕਟ ਡਾਇਰੈਕਟਰ –ਕਮ-ਕੌਂਸਲਰ
ਭਾਈ ਘਨੱਈਆ ਜੀ ਐਵਾਰਡੀ                       ਨਸ਼ਾ ਛਡਾਊ ਕੇਂਦਰ ( ਸਰਕਾਰੀ ਸਹਾਇਤਾ )
94174-16327                                 98554-40151
ਮਿਤੀ : 12/4/2020

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION