33.1 C
Delhi
Wednesday, May 8, 2024
spot_img
spot_img

ਬਜ਼ੁਰਗ ਔਰਤ ਨਾਲ ਲੁੱਟ ਦੀ ਘਟਨਾ 6 ਘੰਟਿਆਂ ’ਚ ਹੱਲ, SSP Mahal ਨੇ ਵਾਪਸ ਕੀਤੇ ਲੁੱਟ ਦੇ 62,500 ਰੁਪਏ

ਯੈੱਸ ਪੰਜਾਬ
ਹੁਸ਼ਿਆਰਪੁਰ, 4 ਦਸੰਬਰ, 2020 –
ਨੇੜਲੇ ਪਿੰਡ ਸੀਣਾ ਵਾਸੀ 80 ਸਾਲਾਂ ਬਜ਼ੁਰਗ ਔਰਤ ਨਾਲ ਬੁੱਧਵਾਰ ਦੁਪਹਿਰ ਹੋਈ ਲੁੱਟ ਦੀ ਵਾਰਦਾਤ ਨੂੰ ਹੱਲ ਕਰਨ ਅਤੇ ਲੁੱਟੀ ਹੋਈ ਰਕਮ ਬਰਾਮਦ ਕਰਨ ਉਪਰੰਤ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਅੱਜ ਬਰਾਮਦ ਕੀਤੇ 62,500 ਰੁਪਏ ਮਾਤਾ ਅਮਰ ਕੌਰ ਦੇ ਸਪੁਰਦ ਕੀਤੇ।

ਸਥਾਨਕ ਐਸ.ਐਸ.ਪੀ. ਦਫਤਰ ਵਿੱਚ ਮਾਤਾ ਨੂੰ ਬਰਾਮਦ ਰਕਮ ਦੇਣ ਉਪਰੰਤ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 2 ਦਸੰਬਰ ਨੂੰ ਦੁਪਹਿਰ ਕਰੀਬ 1 ਵਜੇ ਬਸੀ ਖਵਾਜੂ ਨਜ਼ਦੀਕ ਇਕ ਨੌਜਵਾਨ ਅਮਰ ਕੌਰ ਦੇ ਨਾਲ ਆਏ ਸੋਹਣ ਲਾਲ ਤੋਂ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਿਆ ਸੀ ਜਿਸ ਵਿੱਚ ਕਰੀਬ 67 ਹਜ਼ਾਰ ਰੁਪਏ ਸਨ। ਘਟਨਾ ਉਪਰੰਤ ਥਾਣਾ ਮਾਡਲ ਟਾਊਨ ਵਿਖੇ ਆਈ.ਪੀ.ਸੀ. ਦੀ ਧਾਰਾ 379-ਬੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।

ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਲੁੱਟ ਦੀ ਇਸ ਘਟਨਾ ਨੂੰ ਹੱਲ ਕਰਨ ਲਈ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਡੀ.ਐਸ.ਪੀ. (ਸਿਟੀ) ਜਗਦੀਸ਼ ਰਾਜ ਅੱਤਰੀ, ਐਸ.ਐਚ.ਓ. ਸਿਟੀ ਗੋਵਿੰਦਰ ਕੁਮਾਰ ਅਤੇ ਥਾਣਾ ਮਾਡਲ ਟਾਊਨ ਦੇ ਇੰਸਪੈਕਟਰ ਕਰਨੈਲ ਸਿੰਘ ’ਤੇ ਅਧਾਰਤ ਟੀਮ ਗਠਿਤ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਟੀਮ ਵਲੋਂ ਮੁਕਦਮੇ ਦੀ ਤਫਤੀਸ਼ ਨੂੰ ਤਕਨੀਕੀ ਅਤੇ ਆਧੁਨਿਕ ਢੰਗ ਤਰੀਕਿਆਂ ਨਾਲ ਅੱਗੇ ਵਧਾਉਂਦਿਆਂ ਘਟਨਾ ਦੇ 6 ਘੰਟਿਆਂ ਦੇ ਅੰਦਰ-ਅੰਦਰ ਹੀ ਮਾਮਲੇ ਨੂੰ ਹੱਲ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਗੌਰਵ ਸਿੱਧੂ ਵਾਸੀ ਨੈਣੋਵਾਲ ਜੱਟਾਂ ਥਾਣਾ ਬੁੱਲੋਵਾਲ ਵਜੋਂ ਹੋਈ ਜਿਸ ਪਾਸੋਂ ਲੁੱਟੀ ਰਕਮ ’ਚੋਂ 62,500 ਰੁਪਏ ਅਤੇ ਵਾਰਦਾਤ ਦੌਰਾਨ ਵਰਤੀ ਗਈ ਐਕਟਿਵਾ ਪੀ.ਬੀ.07-ਬੀ.ਵੀ. -1897 ਵੀ ਬਰਾਮਦ ਕੀਤੀ ਗਈ।

ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਚੱਬੇਵਾਲ ਦੇ ਪਿੰਡ ਸੀਣਾ ਦੇ ਵਸਨੀਕ ਮਾਤਾ ਅਮਰ ਕੌਰ ਬੁੱਧਵਾਰ ਨੂੰ ਸੋਹਣ ਲਾਲ ਵਾਸੀ ਸੀਣਾ ਨਾਲ ਬੈਂਕ ’ਚੋਂ ਪੈਸੇ ਕਢਵਾਉਣ ਲਈ ਹੁਸ਼ਿਆਰਪੁਰ ਆਏ ਸਨ ਜਿਥੇ ਉਨ੍ਹਾਂ ਬੱਸ ਅੱਡੇ ਨੇੜੇ ਸਟੇਟ ਬੈਂਕ ਆਫ ਇੰਡੀਆ ’ਚੋਂ 14 ਹਜ਼ਾਰ ਰੁਪਏ ਅਤੇ ਪੰਜਾਬ ਨੈਸ਼ਨਲ ਬੈਂਕ ਨੇੜੇ ਸਬਜ਼ੀ ਮੰਡੀ ਘੰਟਾ ਘਰ ਤੋਂ 50 ਹਜ਼ਾਰ ਰੁਪਏ ਕਢਵਾਏ ਅਤੇ ਰਕਮ ਕਢਵਾਉਣ ਉਪਰੰਤ ਉਹ ਪੈਦਲ ਹੀ ਜਾ ਰਹੇ ਸਨ ਕਿ ਬਸੀ ਖਵਾਜੂ ਨੇੜੇ ਇਕ ਨੌਜਵਾਨ, ਜਿਸ ਨੇ ਲਾਲ ਰੰਗ ਦੀ ਟੋਪੀ ਅਤੇ ਨੀਲੇ ਰੰਗ ਜੈਕਟ ਪਹਿਨੀ ਹੋਈ ਸੀ, ਉਨ੍ਹਾਂ ਤੋਂ ਰਕਮ ਵਾਲਾ ਝੋਲਾ ਖੋਹ ਕੇ ਫਰਾਰ ਹੋ ਗਿਆ ਸੀ।

ਇਸ ਮੌਕੇ ਬਜੁਰਗ ਮਾਤਾ ਅਤੇ ਸੋਹਣ ਲਾਲ ਨੇ ਘੱਟੋ-ਘੱਟ ਸਮੇਂ ’ਚ ਮਾਮਲਾ ਹੱਲ ਕਰਨ ਲਈ ਜ਼ਿਲ੍ਹਾ ਪੁਲਿਸ ਦਾ ਧੰਨਵਾਦ ਵੀ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION