ਅੱਜ-ਨਾਮਾ
ਬਾਬਰੀ ਮਸਜਿਦ ਜੋ ਕਦੇ ਸੀ ਗਈ ਢਾਹੀ,
ਹੋਇਆ ਖਤਮ ਉਹ ਕੇਸ ਹੈ ਅੱਜ ਮਿੱਤਰ।
ਮੁਲਜ਼ਮ ਸਾਰੇ ਦੇ ਸਾਰੇ ਹਨ ਬਰੀ ਹੋ ਗਏ,
ਪਾਪ ਆਗੂਆਂ ਦਾ ਦਿੱਤਾ ਈ ਕੱਜ ਮਿੱਤਰ।
ਗਿਣਤੀ ਸਾਲਾਂ ਦੀ ਕਰਨ ਦੀ ਲੋੜ ਨਾਹੀਂ,
ਫੈਸਲੇ ਵਿੱਚ ਨਹੀਂ ਦਿੱਸਦਾ ਚੱਜ ਮਿੱਤਰ।
ਫੈਸਲੇ ਏਦਾਂ ਕਈ ਹੋਏ, ਪਰ ਹੋਣਗੇ ਕਈ,
ਆਉਂਦੀ ਡਾਢੀ ਇਨਸਾਫ ਨੂੰ ਲੱਜ ਮਿੱਤਰ।
ਇਸ ਤੋਂ ਚੰਗਾ ਕਿ ਜਦੋਂ ਕੋਈ ਕੇਸ ਬਣਦਾ,
ਕਰ-ਕਰ ਫੁਰਤੀਆਂ ਜਾਉ ਮੁਕਾਈ ਮਿੱਤਰ।
ਫੈਸਲਾ ਆਉਣਾ ਜੇ ਅੰਤ ਨੂੰ ਇਸ ਤਰ੍ਹਾਂ ਦਾ,
ਸਾਲਾਂ-ਬੱਧੀ ਨਹੀਂ ਜਾਉ ਲਮਕਾਈ ਮਿੱਤਰ।
-ਤੀਸ ਮਾਰ ਖਾਂ
ਅਕਤੂਬਰ 01, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ