35.1 C
Delhi
Monday, May 6, 2024
spot_img
spot_img

ਦਿੱਲੀ ਕਮੇਟੀ ਦਾ ਬੇੜਾ ਡੋਬ ਕੇ ਜਹਾਜ਼ ਦਾ ਕੈਪਟਨ ਭੱਜਿਆ; ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਦੇਣਦਾਰੀ ਬਾਰੇ ਮਨਜੀਤ ਸਿੰਘ ਜੀ.ਕੇ. ਨੇ ਚੁੱਕੇ ਅਹਿਮ ਸਵਾਲ

ਯੈੱਸ ਪੰਜਾਬ
ਨਵੀਂ ਦਿੱਲੀ, 7 ਫਰਵਰੀ, 2022 –
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਕੋਈ ਰਿਸ਼ਤਾ ਨਾ ਹੋਣ ਦੇ ਦਿੱਲੀ ਕਮੇਟੀ ਪ੍ਰਬੰਧਕਾਂ ਵੱਲੋਂ ਕੀਤੇ ਗਏ ਦਾਅਵੇ ਉਤੇ ਜਾਗੋ ਪਾਰਟੀ ਨੇ ਸਵਾਲ ਚੁੱਕੇ ਹਨ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਮੇਟੀ ਪ੍ਰਬੰਧਕਾਂ ਨੂੰ ਕਰੜੇ ਹੱਥੀਂ ਲੈਂਦਿਆਂ ਹੋਇਆ ਡੇਰਾ ਸਿਰਸਾ ਮੁਖੀ ਨੂੰ ਮਿਲੀ 21 ਦਿਨਾਂ ਦੀ ਫਰਲੋ ਨੂੰ ਵੀ ਗਲਤ ਦਸਿਆ ਹੈ।

ਜੀਕੇ ਨੇ ਦਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੋਸਾਇਟੀ ਵੱਲੋਂ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਕੂਲ ਸਟਾਫ ਨੂੰ 7ਵੇਂ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ 16 ਨਵੰਬਰ 2021 ਨੂੰ ਕਮੇਟੀ ਅਤੇ ਸੋਸਾਇਟੀ ਨੂੰ ਸਾਰਾ ਭੁਗਤਾਨ ਕਰਨ ਦੇ ਦਿੱਲੀ ਹਾਈਕੋਰਟ ਵੱਲੋਂ ਦਿੱਤੇ ਗਏ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ। ਸੋਸਾਇਟੀ ਦੇ ਮੌਜੂਦਾ ਚੇਅਰਮੈਨ ਹਰਮੀਤ ਸਿੰਘ ਕਾਲਕਾ ਵੱਲੋਂ ਸੋਸਾਇਟੀ ਦੀ ਸਕੱਤਰ ਅਤੇ ਇੰਡੀਆ ਗੇਟ ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੂੰ ਅਖਤਿਆਰ ਦੇਕੇ ਇਹ ਚੁਣੌਤੀ ਪਟੀਸ਼ਨ ਦਾਇਰ ਕਰਵਾਈ ਗਈ ਹੈ।

ਜਿਸ ਵਿੱਚ ਇਹ ਦਾਅਵਾ ਕਰਦੇ ਹਨ ਕਿ “ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਸਾਬਕਾ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਕੋਰਟ ਅੱਗੇ ਦਾਇਰ ਕੀਤੇ ਗਏ ਹਲਫਨਾਮੇ ਨੂੰ ਦਿੱਲੀ ਹਾਈਕੋਰਟ ਦੇ ਜੱਜ ਨੇ ਦਿੱਲੀ ਸਕੂਲ ਸਿੱਖਿਆ ਐਕਟ ਦੇ ਨਿਯਮਾਂ ਤਹਿਤ ਗਲਤ ਪਰਿਭਾਸ਼ਿਤ ਕੀਤਾ ਹੈ, ਦਿੱਲੀ ਕਮੇਟੀ ਵੱਲੋਂ ਇਨ੍ਹਾਂ ਸਕੂਲਾਂ ਦੀ ਮਰਜ਼ੀ ਨਾਲ ਕੀਤੀ ਜਾਂਦੀ ਸਹਾਇਤਾ ਨੂੰ ਦਿੱਲੀ ਹਾਈਕੋਰਟ ਨੇ ਸਾਰੀ ਦੇਣਦਾਰੀ ਲਈ ਕਮੇਟੀ ਅਤੇ ਸੋਸਾਇਟੀ ਦੀ ਜ਼ਬਰੀ ਜ਼ਿਮੇਵਾਰੀ ਤੈਅ ਕਰ ਦਿੱਤੀ ਹੈ”।

ਜਦਕਿ ਸਿਖਿਆ ਐਕਟ ਦੀ ਧਾਰਾ 10 ਤਹਿਤ ਇਹ ਜ਼ਿਮੇਵਾਰੀ ਸਕੂਲ ਮੈਨੇਜਮੈਂਟ ਕਮੇਟੀ ਦੀ ਹੁੰਦੀ ਹੈ। ਜੀਕੇ ਨੇ ਹੈਰਾਨੀ ਜਤਾਈ ਕੀ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਤੇ ਮੈਂਬਰਾਂ ਨੂੰ ਥਾਪਣ ਵਾਲੀ ਸੋਸਾਇਟੀ ਆਪਣੀ ਜ਼ਿੰਮੇਵਾਰੀ ਤੋਂ ਕਿਵੇਂ ਮੁਨਕਰ ਹੋ ਸਕਦੀ ਹੈ ? ਇਸੇ ਤਰ੍ਹਾਂ ਹੀ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਸੋਸਾਇਟੀ ਦੇ ਕ੍ਰਮਵਾਰ ਚੇਅਰਮੈਨ ਤੇ ਵਾਇਸ ਚੇਅਰਮੈਨ ਹੁੰਂਦੇ ਹਨ।

ਜੀਕੇ ਨੇ ਅੱਜ ਦੇ ਦਿਨ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਇਤਿਹਾਸ ਦਾ ਕਾਲਾ ਦਿਵਸ ਦਸਦੇ ਹੋਏ ਖੁਲਾਸਾ ਕੀਤਾ ਕਿ ਸੋਸਾਇਟੀ ਵੱਲੋਂ ਦਿੱਲੀ ਹਾਈਕੋਰਟ ਅੱਗੇ ਬੇਨਤੀ ਕੀਤੀ ਗਈ ਹੈ ਕਿ ਜਾਂ ਤਾਂ ਆਪਣਾ ਪੁਰਾਣਾ ਆਦੇਸ਼ ਰੱਦ ਕਰੋਂ ਜਾਂ 1 ਜਨਵਰੀ 2016 ਤੋਂ ਸਾਨੂੰ ਬਚਿਆਂ ਪਾਸੋਂ 7ਵੇਂ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ ਬਣਦੀ ਬਕਾਇਆ ਫੀਸ ਉਗਰਾਹੁਣ ਦੀ ਆਗਿਆ ਦਿੱਤੀ ਜਾਵੇ।

ਜੀਕੇ ਨੇ ਸਵਾਲ ਕੀਤਾ ਕਿ ਜੇਕਰ ਦਿੱਲੀ ਹਾਈਕੋਰਟ ਨੇ ਬੱਚਿਆਂ ਪਾਸੋਂ ਬਕਾਇਆ ਲੈਣ ਦੀ ਬੇਨਤੀ ਨੂੰ ਮੰਨ ਲਿਆ ਤਾਂ 6 ਸ਼ਾਲ ਦਾ ਬਕਾਇਆ ਮਾਂ-ਪਿਓ ਕਿਵੇਂ ਤੇ ਕਿੱਥੋਂ ਦੇਣਗੇ ? ਜੀਕੇ ਨੇ ਸਟਾਫ ਨੂੰ ਤਨਖਾਹਾਂ ਦੇਣ ਦੇ ਸਿਰਸਾ ਵੱਲੋਂ ਕਮੇਟੀ ਚੋਣਾਂ ਵੇਲੇ ਦਿੱਤੇ ਗਏ ਭਰੋਸੇ ਨੂੰ ਚੇਤਾ ਕਰਦੇ ਹੋਏ ਦੱਸਿਆ ਕਿ ਸਿਰਸਾ ਨੇ ਕਿਹਾ ਸੀ ਕਿ “ਮੈਂ ਜਹਾਜ਼ ਦਾ ਕੈਪਟਨ ਹਾਂ, ਜਹਾਜ਼ ਨੂੰ ਨਹੀਂ ਡੁੱਬਣ ਦਿਵਾਂਗਾ”। ਪਰ ਹੁਣ ਸਕੂਲਾਂ ਦੇ ਬੇੜੀ ਰੂਪੀ ਜਹਾਜ਼ ਨੂੰ ਡੁੱਬਦਾ ਵੇਖ ਕੇ ਸਿਰਸਾ ਖੁਦ ਤਾਂ ਭੱਜ ਗਿਆ ਤੇ ਉਸਦੇ ਪੇਰੋਕਾਰਾਂ ਨੇ ਤਾਂ ਹੁਣ ਜਹਾਜ਼ ਨੂੰ ਆਪਣਾ ਦੱਸਣ ਤੋਂ ਹੀ ਕਿਨਾਰਾ ਕਰ ਲਿਆ ਹੈ।

ਜੀਕੇ ਨੇ ਅਫਸੋਸ ਜਤਾਇਆ ਕਿ ਹਰਿਆਣਾ ਸਰਕਾਰ ਨੇ ਡੇਰਾ ਸਿਰਸਾ ਮੁਖੀ ਨੂੰ 3-4 ਸਾਲ ਦੀ ਸਜ਼ਾ ਕੱਟਣ ਦੇ ਬਾਅਦ ਹੀ 21 ਦਿਨਾਂ ਦੀ ਪਰੋਲ ਦੇ ਦਿੱਤੀ ਹੈ ਪਰ ਕਰਨਾਟਕ ਸਰਕਾਰ 31 ਸਾਲ ਬਾਅਦ ਵੀ ਭਾਈ ਗੁਰਦੀਪ ਸਿੰਘ ਖਹਿਰਾ ਨੂੰ ਅਤੇ ਦਿੱਲੀ ਸਰਕਾਰ 26 ਸਾਲ ਬਾਅਦ ਵੀ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾ ਨਹੀਂ ਕਰ ਰਹੀ। ਜਦਕਿ ਦੋਵੇਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਕੇਂਦਰ ਸਰਕਾਰ ਵੱਲੋਂ 2019 ਵਿੱਚ ਮਨਜ਼ੂਰੀ ਦੇ ਦਿੱਤੀ ਗਈ ਸੀ।

ਜੀਕੇ ਨੇ ਕਿਹਾ ਕਿ ਸਿਰਸਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਦਾਅਵਾ ਕੀਤਾ ਸੀ ਕਿ ਉਹ ਸਿੱਖਾਂ ਦੇ ਸਾਰੇ ਮਾਮਲੇ ਹਲ਼ ਕਰਵਾਉਣਗੇ, ਪਰ ਬੰਦੀ ਸਿੰਘਾਂ ਦੀ ਰਿਹਾਈ ਤਾਂ ਕੀ ਕਰਵਾਨੀ ਸੀ ਸਗੋਂ ਡੇਰਾ ਸਿਰਸਾ ਮੁਖੀ ਨੂੰ ਫਰਲੋ ਲੈ ਦਿੱਤੀ। ਇਸ ਮੌਕੇ ਜਾਗੋ ਦੇ ਸੀਨੀਅਰ ਆਗੂ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਮੇਟੀ ਦੀ ਆਪਹੁਦਰੀਆਂ ਤੇ ਵਿਅੰਗ ਕਰਦਿਆਂ ਕਿਹਾ ਕਿ ਪਤਾ ਨਹੀਂ ਚਲ ਰਿਹਾ ਕਮੇਟੀ ਚਲ ਰਹੀ ਹੈ ਜਾਂ ਕਾਮੇਡੀ ? ਆਪਣੇ ਸਕੂਲਾਂ ਦੀ ਦੇਣਦਾਰੀ ਤੇ ਮਲਕਿਅਤ ਤੋਂ ਹੀ ਕਮੇਟੀ ਮੁਕਰ ਗਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION