ਅੱਜ-ਨਾਮਾ
ਜਿਹੜੇ ਕਦੀ ਗਰਾਊਂਡ ਵਿੱਚ ਵੜੇ ਨਾਹੀਂ,
ਬਣਾ ਲਏ ਖੇਡਾਂ ਦੇ ਉਹੀ ਪ੍ਰਧਾਨ ਮਿੱਤਰ।
ਜਿਹੜੀ ਖੇਡ ਦੀ ਲੈਂਦੇ ਹਨ ਮੱਲ ਚੌਧਰ,
ਉਸ ਦਾ ਹੁੰਦਾ ਨਾ ਕੱਖ ਗਿਆਨ ਮਿੱਤਰ।
ਆਪਣੇ ਜਿਹੇ ਕੁਝ ਜੋੜ ਕੇ ਰਾਈਸਜ਼ਾਦੇ,
ਸਾਂਭਣ ਮੰਚ ਦਾ ਖਾਸ ਅਸਥਾਨ ਮਿੱਤਰ।
ਹਾਰਦੀ ਟੀਮ ਤਾਂ ਕੱਢਦੇ ਨੁਕਸ ਬਾਹਲੇ,
ਰੱਖਿਆ ਹੋਵੇ ਤਿਆਰ ਬਿਆਨ ਮਿੱਤਰ।
ਹੋਵੇ ਜਿੱਤ ਤਾਂ ਲੈਣ ਲਈ ਆਪ ਸਿਹਰਾ,
ਕਰਦੇ ਰੰਗ-ਬਿਰੰਗੇ ਈ ਯਤਨ ਮਿੱਤਰ।
ਫਸਲ ਵਧਦੀ ਹੈ ਜਾਂਦੀ ਪ੍ਰਧਾਨੀਆਂ ਦੀ,
ਕੀਤਾ ਖੇਡ ਦਾ ਇਨ੍ਹਾਂ ਨੇ ਪਤਨ ਮਿੱਤਰ।
-ਤੀਸ ਮਾਰ ਖਾਂ
ਅਗਸਤ 07, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ