29 C
Delhi
Wednesday, May 8, 2024
spot_img
spot_img

ਕੈਪਟਨ ਵੱਲੋਂ ਖ਼ਰੀਦ ਏਜੰਸੀਆਂ ਨੂੰ ਲਿਫਟਿੰਗ ਵਿਚ ਤੇਜ਼ੀ ਲਿਆਉਣ, ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਦੇ ਹੁਕਮ

ਯੈੱਸ ਪੰਜਾਬ
ਚੰਡੀਗੜ੍ਹ, 28 ਅਪ੍ਰੈਲ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਹਾੜ੍ਹੀ ਮੰਡੀਕਰਨ ਸੀਜ਼ਨ, 2021-22 ਦੌਰਾਨ ਕਣਕ ਦੀ ਲਿਫਟਿੰਗ ਵਿਚ ਤੇਜੀ ਲਿਆਉਣ ਦੇ ਨਾਲ-ਨਾਲ ਸਿੱਧੀ ਅਦਾਇਗੀ ਦੀ ਨਵੀਂ ਲਾਗੂ ਕੀਤੀ ਪ੍ਰਣਾਲੀ ਰਾਹੀਂ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।

ਮੰਤਰੀ ਮੰਡਲ ਦੀ ਵਰਚੂਅਲ ਮੀਟਿੰਗ ਦੌਰਾਨ ਕਣਕ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਕੋਵਿਡ ਕੇਸਾਂ ਵਿਚ ਵਾਧੇ ਦੇ ਮੱਦੇਨਜ਼ਰ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਮੰਡੀਆਂ ਵਿਚ ਆ ਰਹੇ ਸਾਰੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਅਤੇ ਹੋਰ ਧਿਰਾਂ ਜੋ 45 ਸਾਲ ਤੋਂ ਵੱਧ ਉਮਰ ਦੇ ਹਨ, ਨੂੰ ਸੂਬਾ ਭਰ ਦੀਆਂ 145 ਮਾਰਕੀਟ ਕਮੇਟੀਆਂ ਵਿਚ ਲਾਏ ਗਏ ਟੀਕਾਕਾਰਨ ਕੈਂਪਾਂ ਵਿਚ ਕੋਵਿਡ ਤੋਂ ਬਚਾਅ ਦਾ ਟੀਕਾ ਲਵਾਉਣ ਦੀ ਅਪੀਲ ਕੀਤੀ ਹੈ।

ਸੂਬੇ ਵਿਚ ਬਾਰਦਾਨੇ ਦੀ ਮੌਜੂਦਗੀ ਬਾਰੇ ਪੁੱਛੇ ਜਾਣ ਉਤੇ ਖੁਰਾਕ ਤੇ ਸਿਵਲ ਸਪਲਾਈਜ਼ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਮਸਲਾ ਸੁਲਝ ਗਿਆ ਹੈ ਅਤੇ ਹੁਣ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ। ਸ਼ੁਰੂਆਤ ਵਿਚ ਕਈ ਮੰਡੀਆਂ ਵਿਚ ਬਾਰਦਾਨੇ ਦੀ ਕਮੀ ਦੇ ਕੁਝ ਮਾਮਲੇ ਸਾਹਮਣੇ ਆਏ ਸਨ ਕਿਉਂਕਿ ਭਾਰਤ ਸਰਕਾਰ ਦੇ ਖੁਰਾਕ ਤੇ ਜਨਤਕ ਵੰਡ ਵਿਭਾਗ ਨੇ ਖਰੀਦ ਏਜੰਸੀਆਂ ਦੀ ਲੋੜ ਦੇ ਉਲਟ ਕੁਝ ਗੱਠਾਂ ਹੀ ਮੁਹੱਈਆ ਕਰਵਾਈਆਂ ਸਨ ਅਤੇ ਕਣਕ ਦੀ ਅਗੇਤੀ ਆਮਦ ਨੇ ਇਸ ਦੀ ਮੰਗ ਇਕਦਮ ਵਧਾ ਦਿੱਤੀ ਸੀ।

ਮੀਟਿੰਗ ਦੌਰਾਨ ਦੱਸਿਆ ਗਿਆ ਕਿ ਹਾਲਾਂਕਿ, 18 ਅਪ੍ਰੈਲ, 2021 ਨੂੰ ਭਾਰਤ ਸਰਕਾਰ ਪਾਸੋਂ ਆੜ੍ਹਤੀਆਂ ਨੂੰ ਚੰਗੀ ਹਾਲਤ ਵਾਲੇ ਵਰਤੇ ਥੈਲਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦੇਣ ਨਾਲ ਥੈਲਿਆਂ ਦੀ ਕੋਈ ਕਮੀ ਨਹੀਂ ਹੈ। ਸ੍ਰੀ ਸਿਨਹਾ ਨੇ ਦੱਸਿਆ ਕਿ ਇਸ ਵੇਲੇ ਕਣਕ ਦੀ ਭਰਾਈ ਲਈ 19.19 ਕਰੋੜ ਥੈਲੇ ਵਰਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਖਰੀਦ ਏਜੰਸੀਆਂ ਵੱਲੋਂ 30 ਲੱਖ ਨਵੇਂ ਥੈਲੇ (ਐਚ.ਡੀ.ਪੀ.ਈ. /ਪੀ.ਪੀ. ਦੇ ਨਾਲ ਜੂਟ ਬੈਗ) ਰੋਜਾਨਾ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਸੂਬਾ ਭਰ ਦੀਆਂ ਅਨਾਜ ਮੰਡੀਆਂ ਵਿਚ ਸਪਲਾਈ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕੇਂਦਰ ਵੱਲੋਂ ਖੇਤੀ ਕਾਨੂੰਨ ਪਾਸ ਕਰਨ ਦੇ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਅੰਦੋਲਨ, ਸ਼ੁਰੂਆਤ ਵਿਚ ਆੜ੍ਹਤੀਆਂ ਵੱਲੋਂ ਸਿੱਧੀ ਅਦਾਇਗੀ ਦਾ ਵਿਰੋਧ ਕਰਨ, ਲੇਬਰ ਦੀ ਘਾਟ, ਬਾਰਦਾਨੇ ਦੀ ਕਮੀ ਦੇ ਨਾਲ-ਨਾਲ ਕਣਕ ਦੀ ਤੇਜ ਤੇ ਵੱਧ ਆਮਦ ਅਤੇ ਕੋਵਿਡ ਦੇ ਕੇਸ ਵਧਣ ਦੀਆਂ ਚੁਣੌਤੀਆਂ ਦੇ ਬਾਵਜੂਦ ਨਿਰਵਿਘਨ ਖਰੀਦ ਉਤੇ ਤਸੱਲੀ ਜਾਹਰ ਕੀਤੀ। ਉਨ੍ਹਾਂ ਨੇ ਖਰੀਦ ਦੇ ਸੁਚਾਰੂ ਕਾਰਜਾਂ ਲਈ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਧਾਈ ਦਿੱਤੀ।

ਸੂਬੇ ਵਿਚ ਕਣਕ ਦੀ ਖਰੀਦ 10 ਅਪ੍ਰੈਲ, 2021 ਨੂੰ ਸ਼ੁਰੂ ਹੋਈ ਸੀ ਅਤੇ ਮਹਿਜ਼ 18 ਦਿਨਾਂ ਦੇ ਸਮੇਂ ਦੌਰਾਨ ਮੰਡੀਆਂ ਵਿਚ 98 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ ਅੱਜ ਤੱਕ 95.97 ਲੱਖ ਮੀਟਰਕ ਟਨ ਖਰੀਦੀ ਜਾ ਚੁੱਕੀ ਹੈ। ਇਸੇ ਤਰ੍ਹਾਂ 72 ਘੰਟਿਆਂ ਵਿਚ ਲਿਫਟ ਕੀਤਾ ਜਾਣ ਵਾਲਾ 70 ਫੀਸਦੀ ਸਟਾਕ ਮੰਡੀਆਂ ਵਿਚੋਂ ਲਿਫਟ ਕੀਤਾ ਜਾ ਚੁੱਕਾ ਹੈ ਜਦਕਿ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦੀ ਫਸਲ ਦੇ ਭੁਗਤਾਨ ਲਈ 90 ਫੀਸਦੀ ਦੇ ਰੂਪ ਵਿਚ 14,958 ਕਰੋੜ ਰੁਪਏ ਲਗਪਗ 5 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਅਦਾ ਕੀਤੇ ਜਾ ਚੁੱਕੇ ਹਨ।

ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੇ ਮੰਤਰੀ ਮੰਡਲ ਨੂੰ ਦੱਸਿਆ ਕਿ ਇਸ ਵਾਰ ਮੰਡੀਆਂ ਦੀ ਗਿਣਤੀ 1872 ਤੋਂ ਵਧਾ ਕੇ 3510 ਕੀਤੀ ਗਈ ਅਤੇ 1638 ਵਾਧੂ ਜਾਂ ਆਰਜੀ ਮੰਡੀਆਂ ਬਣਾਈਆਂ ਗਈਆਂ ਤਾਂ ਕਿ ਕੋਵਿਡ-19 ਦੀ ਮਹਾਂਮਾਰੀ ਦੀ ਦੂਜੀ ਲਹਿਰ ਦੇ ਫੈਲਾਅ ਦੀ ਰੋਕਥਾਮ ਲਈ ਪੜਾਅਵਾਰ ਕਣਕ ਲਿਆਂਦੀ ਜਾ ਸਕੇ। ਇਸੇ ਤਰ੍ਹਾਂ ਮੰਡੀਆਂ ਵਿਚ 30×30 ਫੁੱਟ ਦੇ ਡੱਬੇ ਬਣ ਕੇ ਨਿਸ਼ਾਨਦੇਹੀ ਕੀਤੀ ਗਈ ਤਾਂ ਕਿ ਸਮਾਜਿਕ ਦੂਰੀ ਬਣਾਈ ਜਾ ਸਕੇ।

ਕੈਬਨਿਟ ਨੂੰ ਦੱਸਿਆ ਗਿਆ ਕਿ ਪੰਜਾਬ ਮੰਡੀ ਬੋਰਡ ਨੇ ਸੂਬਾ ਭਰ ਦੀਆਂ ਅਨਾਜ ਮੰਡੀਆਂ ਵਿਚ ‘ਕਿਸਾਨ ਸਹਾਇਤਾ ਡੈਸਕ’ ਸਥਾਪਤ ਕੀਤੇ ਹਨ ਜਿੱਥੇ ਆਈ.ਟੀ ਪੇਸ਼ੇਵਾਰ ਅਤੇ ਬੋਰਡ ਦੇ ਮੁਲਾਜ਼ਮ ਨਵੇਂ ਪੋਰਟਲ ਉਤੇ ਰਜਿਸਟਰ ਹੋਣ ਲਈ ਕਿਸਾਨਾਂ ਦੀ ਮਦਦ ਕਰ ਰਹੇ ਹਨ ਤਾਂ ਕਿ ਸਿੱਧੀ ਅਦਾਇਗੀ ਰਾਹੀਂ ਉਨ੍ਹਾਂ ਦੇ ਖਾਤਿਆਂ ਵਿਚ ਭੁਗਤਾਨ ਸਮੇਂ ਸਿਰ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ 22,000 ਆੜ੍ਹਤੀਆਂ ਦੇ ਖਾਤਿਆਂ ਵਿਚ ਭੁਗਤਾਨ ਕਰ ਦਿੰਦਾ ਸੀ ਜੋ ਅੱਗੇ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕਰ ਦਿੰਦੇ ਸਨ। ਹਾਲਾਂਕਿ, ਮੌਜੂਦਾ ਖਰੀਦ ਸੀਜ਼ਨ ਤੋਂ ਸਿੱਧੀ ਅਦਾਇਗੀ ਦੀ ਪ੍ਰਣਾਲੀ ਲਾਗੂ ਹੋ ਜਾਣ ਨਾਲ ਖਰੀਦ ਏਜੰਸੀਆਂ ਵੱਲੋਂ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਤਬਦੀਲ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਗਿਣਤੀ 10 ਲੱਖ ਦੇ ਕਰੀਬ ਬਣਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION