25.1 C
Delhi
Tuesday, April 30, 2024
spot_img
spot_img

ਕੁਮਾਰ ਵਿਸ਼ਵਾਸ ਵਾਲੇ ਮਾਮਲੇ ’ਚ ਰਾਘਵ ਚੱਢਾ ਨੇ ਘੇਰੇ ਵਿਰੋਧੀ, ਕਿਹਾ ਸਾਰੀਆਂ ਬੇਈਮਾਨ ਪਾਰਟੀਆਂ ਸਾਜਿਸ਼ ਤਹਿਤ ਕੇਜਰੀਵਾਲ ਨੂੰ ਰੋਕਣਾ ਚਾਹੁੰਦੀਆਂ

ਯੈੱਸ ਪੰਜਾਬ
ਚੰਡੀਗੜ੍ਹ, 17 ਫਰਵਰੀ, 2022:
ਪਿਛਲੇ ਕੁਝ ਦਿਨਾਂ ਤੋਂ ਕਾਂਗਰਸ-ਅਕਾਲੀ ਅਤੇ ਭਾਜਪਾ ਦੇ ਵੱਡੇ ਨੇਤਾਵਾਂ ਵੱਲੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਦਿੱਤੇ ਜਾ ਰਹੇ ਬਿਆਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਹਮਲਾਵਰ ਹੋ ਗਈ। ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ‘ਚ ਪ੍ਰੈੱਸ ਕਾਨਫਰੰਸ ਕਰਕੇ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸਾਰੀਆਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ। ਚੱਢਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਤੋਂ ਰੋਕਣ ਲਈ ਇੱਕਜੁੱਟ ਹੋ ਗਈਆਂ ਹਨ। ਸਾਜ਼ਿਸ਼ ਦੇ ਤਹਿਤ ਕਾਂਗਰਸ, ਭਾਜਪਾ ਅਤੇ ਅਕਾਲੀ ਨੇਤਾ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਲਈ ਲਗਾਤਾਰ ਝੂਠੇ ਬਿਆਨ ਦੇ ਰਹੇ ਹਨ।

ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਚੋਣਾਂ ਵੇਲੇ ਵੀ ਵਿਰੋਧੀ ਪਾਰਟੀਆਂ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਨਕਸਲੀ ਹੈ, ਅੱਤਵਾਦੀ ਹੈ। ਪਰ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਕਰਾਰਾ ਜਵਾਬ ਦਿੱਤਾ। ਦਿੱਲੀ ਦੀ ਜਨਤਾ ਨੇ ਦੱਸਿਆ ਕਿ ਕੇਜਰੀਵਾਲ ਅੱਤਵਾਦੀ ਨਹੀਂ ਸਗੋਂ ਰਾਸ਼ਟਰਵਾਦੀ ਹੈ। ਕੇਜਰੀਵਾਲ ਸਾਡਾ ਬੇਟਾ, ਸਾਡਾ ਭਾਈ ਹੈ।

ਚੱਢਾ ਨੇ ਕਿਹਾ ਕਿ ਜਿਸ ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਭਾਜਪਾ ਅੱਤਵਾਦੀ ਆਖਦੀ ਹੈ, ਉਸਨੇ (ਕੇਜਰੀਵਾਲ) ਦਿੱਲੀ ਵਿੱਚ ਵਰਲਡ ਕਲਾਸ ਸਕੂਲ ਬਣਵਾਏ, ਆਮ ਲੋਕਾਂ ਦੀ ਸਿਹਤ ਲਈ ਚੰਗੇ ਹਸਪਤਾਲ ਬਣਾਏ, ਜਿਸ ਵਿੱਚ ਅੱਜ ਲੱਖਾਂ ਰੁਪਏ ਦਾ ਇਲਾਜ ਮੁਫ਼ਤ ਹੁੰਦਾ ਹੈ। ਔਰਤਾਂ ਲਈ ਬੱਸਾਂ ਵਿੱਚ ਸਫਰ ਮੁਫਤ ਕੀਤਾ ਅਤੇ ਬਜ਼ੁਰਗਾਂ ਲਈ ਤੀਰਥ ਯਾਤਰਾ ਮੁਫਤ ਕੀਤੀ ਅਤੇ ਸਾਰੇ ਸੂਬਿਆਂ ਤੋਂ ਵੱਧ ਪੈਨਸ਼ਨ ਦਿੱਤੀ। ਹਰ ਸ਼ਹੀਦ ਸੈਨਿਕ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਡੋਰ ਸਟੈਪ ਡਿਲੀਵਰੀ ਸਕੀਮ ਤਹਿਤ ਸਾਰੇ ਲੋਕਾਂ ਦੇ ਘਰ ਰਾਸ਼ਨ ਅਤੇ ਸਰਕਾਰੀ ਸੇਵਾਵਾਂ ਪਹੁੰਚਾਈਆਂ।

ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਕਾਂਗਰਸ ਨੂੰ ਜਦੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੋਈ ਸਬੂਤ ਨਹੀਂ ਲੱਭਿਆ ਤਾਂ ਉਹ ਸਾਜ਼ਿਸ਼ ਦੇ ਤਹਿਤ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ। ਪਰ ਪੰਜਾਬ ਦੇ ਲੋਕ ਇਨ੍ਹਾਂ ਦੇ ਪ੍ਰਾਪੇਗੰਡੇ ਤੋਂ ਪ੍ਰਭਾਵਿਤ ਨਹੀਂ ਹੋਣ ਵਾਲੇ। ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਇਨ੍ਹਾਂ ਬੇਈਮਾਨ ਅਤੇ ਭ੍ਰਿਸ਼ਟਾਚਾਰੀ ਪਾਰਟੀਆਂ ਤੋਂ ਖਹਿੜਾ ਛੁਡਾਉਣਾ ਹੈ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੂੰ ਇੱਕ ਮੌਕਾ ਦੇਣ ਹੈ।

ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਅਕਾਲੀ ਅਤੇ ਭਾਜਪਾ ਨੂੰ ਡਰ ਹੈ ਕਿ ਜਦੋਂ ਦਿੱਲੀ ਦੇ ਲੋਕਾਂ ਨੇ 2015 ਵਿੱਚ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤਾਂ ਉਨ੍ਹਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਦਾ ਦਿੱਲੀ ਵਿੱਚ ਅੰਤ ਹੋ ਗਿਆ। ਜੇਕਰ ਪੰਜਾਬ ‘ਚ ਵੀ ‘ਆਪ’ ਦੀ ਸਰਕਾਰ ਬਣ ਗਈ ਤਾਂ ਇਨ੍ਹਾਂ ਦੀਆਂ ਸਿਆਸੀ ਦੁਕਾਨਾਂ ਹਮੇਸ਼ਾ ਲਈ ਬੰਦ ਹੋ ਜਾਣਗੀਆਂ।

ਰਾਘਵ ਚੱਢਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਵੀ ਇਨ੍ਹਾਂ ਪਾਰਟੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕਈ ਸਾਜ਼ਿਸ਼ਾਂ ਘੜੀਆਂ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਗਈ। ਚੋਣਾਂ ਤੋਂ ਠੀਕ ਪਹਿਲਾਂ 2017 ਵਿੱਚ ਮੌੜ ਵਿੱਚ ਬੰਬ ਧਮਾਕਾ ਹੋਇਆ, ਜਿਸ ਦੇ ਪੀੜਤਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। ਬੇਅਦਬੀ ਕਾਂਡ ਦੀ ਜਾਂਚ ਦੇ ਵੀ ਦੋਸ਼ੀ ਫੜੇ ਨਹੀਂ ਗਏ। ਕਿਉਂਕਿ ਉਨ੍ਹਾਂ ਦਾ ਮਨੋਰਥ ਇਨ੍ਹਾਂ ਮੁੱਦਿਆਂ ਦਾ ਚੋਣਾਵੀ ਲਾਹਾ ਲੈਣਾ ਸੀ।

ਹੁਣ ਫਿਰ ਇਹ ਲੋਕ ਭੱਦੇ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ, ਚਰਨਜੀਤ ਸਿੰਘ ਚੰਨੀ ਅਤੇ ਪ੍ਰਿਅੰਕਾ ਗਾਂਧੀ ਦੇ ਚੱਕਰ ਵਿੱਚ ਇਸ ਵਾਰ ਪੰਜਾਬ ਦੀ ਜਨਤਾ ਨਹੀਂ ਆਉਣ ਵਾਲੀ। ਇਸ ਵਾਰ ਪੰਜਾਬ ਦੇ ਲੋਕ ਮਿਲ ਕੇ ਉਨ੍ਹਾਂ ਦੇ ਸਾਰੇ ਪ੍ਰਾਪੇਗੰਡੇ ਨੂੰ ਫੇਲ ਕਰ ਦੇਣਗੇ।

ਕੁਮਾਰ ਵਿਸ਼ਵਾਸ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਚੱਢਾ ਨੇ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਸੀ ਤਾਂ ਉਹ 2017 ਤੋਂ ਲੈ ਕੇ ਅੱਜ ਤੱਕ ਚੁੱਪ ਕਿਉਂ ਰਹੇ? ਉਨ੍ਹਾਂ ਨੂੰ ਚੋਣਾਂ ਤੋਂ ਇੱਕ ਦਿਨ ਪਹਿਲਾਂ ਹੀ ਉਸ ਨੂੰ ਇਹਨਾਂ ਗੱਲਾਂ ਦੀ ਯਾਦ ਕਿਉਂ ਆਈ? ਜੇਕਰ ਉਨ੍ਹਾਂ ਕੋਲ ਕੇਜਰੀਵਾਲ ਦੇ ਖਿਲਾਫ ਅੱਤਵਾਦ ਨਾਲ ਜੁੜੇ ਕੋਈ ਸਬੂਤ ਸਨ ਤਾਂ ਉਨ੍ਹਾਂ ਨੇ ਇਸਦੀ ਸੂਚਨਾ ਸੁਰੱਖਿਆ ਅਤੇ ਜਾਂਚ ਏਜੰਸੀਆਂ ਨੂੰ ਕਿਉਂ ਨਹੀਂ ਦਿੱਤੀ? ਕੀ ਉਹ ਵੀ ਇਸ ਵਿੱਚ ਸ਼ਾਮਲ ਸਨ, ਇਸੇ ਲਈ ਇੰਨੇ ਦਿਨਾਂ ਤੱਕ ਚੁੱਪ ਰਹੇ? ਚੱਢਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਅਨੁਸਾਰ ਇਹ ਗੱਲ 2016 ਦੀ ਹੈ ਤਾਂ ਉਹ 2018 ਤੱਕ ਪਾਰਟੀ ਵਿੱਚ ਕਿਉਂ ਸਨ, ਪਾਰਟੀ ਛੱਡੀ ਕਿਉਂ ਨਹੀਂ।

ਦਰਅਸਲ ਕੁਮਾਰ ਵਿਸ਼ਵਾਸ ਨੂੰ ਰਾਜ ਸਭਾ ਦੀ ਸੀਟ ਨਹੀਂ ਮਿਲੀ, ਇਸੇ ਲਈ ਉਹ ਚੋਣਾਂ ਦੇ ਸਮੇਂ ਕੇਜਰੀਵਾਲ ਖਿਲਾਫ ਇਸ ਤਰ੍ਹਾਂ ਦੀਆਂ ਫਰਜੀ ਖਬਰਾਂ ਫੈਲਾ ਰਹੇ ਹਨ। ਉਨ੍ਹਾਂ ਭਾਜਪਾ-ਕਾਂਗਰਸ ‘ਤੇ ਨਿਊਜ਼ ਚੈਨਲਾਂ ਅਤੇ ਅਖਬਾਰਾਂ ‘ਤੇ ਆਮ ਆਦਮੀ ਪਾਰਟੀ ਖਿਲਾਫ ਖਬਰਾਂ ਚਲਾਉਣ ਲਈ ਦਬਾਅ ਬਣਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦੋਵੇਂ ਪਾਰਟੀਆਂ ਦੇ ਨੇਤਾ ਸਾਡੇ ਖਿਲਾਫ ਖਬਰਾਂ ਚਲਾਉਣ ਲਈ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਸੰਪਾਦਕਾਂ ‘ਤੇ ਦਬਾਅ ਬਣਾ ਰਹੇ ਹਨ ਅਤੇ ਜੇਕਰ ਨਹੀਂ ਚੱਲ ਰਹੇ ਤਾਂ ਸੱਤਾ ਦਾ ਡਰ ਦਿਖਾ ਰਹੇ ਹਨ। ।

ਰਾਘਵ ਚੱਢਾ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਗਲੇ 72 ਘੰਟਿਆਂ ਵਿੱਚ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਬਹੁਤ ਸਾਰੇ ਫੇਕ ਮੈਸੇਜ (ਫਰਜ਼ੀ ਸੰਦੇਸ਼) ਅਤੇ ਵੀਡੀਓ ਮਿਲਣਗੇ। ਤੁਹਾਨੂੰ ਇਹਨਾਂ ਝੂਠੀਆਂ ਖਬਰਾਂ ਤੋਂ ਗੁੰਮਰਾਹ ਨਹੀਂ ਹੋਣਾ ਹੈ। ਪੂਰੀ ਤਰ੍ਹਾਂ ਸਾਵਧਾਨ ਰਹਿਣਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION