40.6 C
Delhi
Tuesday, May 7, 2024
spot_img
spot_img

ਕਿਸਾਨੀ ਧਰਨਿਆਂ ‘ਚ ਉੱਠਿਆ ਸੰਪੂਰਨ ਕਰਜ਼-ਮੁਆਫ਼ੀ ਦਾ ਮੁੱਦਾ – ਨਵੇਂ ਮੁੱਖ ਮੰਤਰੀ ਚੋਣ ਮੈਨੀਫੈਸਟੋ ਦੇ ਵਾਅਦੇ ਪੂਰੇ ਕਰਨ: ਕਿਸਾਨ ਆਗੂ

ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 24 ਸਤੰਬਰ, 2021:
ਸੰਯੁਕਤ ਕਿਸਾਨ ਮੋਰਚਾ ‘ਚ ਸ਼ਾਮਲ 32 ਕਿਸਾਨ-ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਨਵੇਂ ਮੁੱਖ ਮੰਤਰੀ ਨੂੰ ਵੀ ਆਪਣੇ ਨਿਸ਼ਾਨੇ ‘ਤੇ ਲਿਆ ਹੈ। 100 ਤੋਂ ਵੱਧ ਥਾਵਾਂ ‘ਤੇ ਜਾਰੀ ਧਰਨਿਆਂ ‘ਚ ਮੰਗ ਕੀਤੀ ਗਈ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2017 ਦੀਆਂ ਵਿਧਾਨ-ਸਭਾ ਚੋਣਾਂ ਵੇਲੇ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਤਹਿਤ ਹਰ ਤਰ੍ਹਾਂ ਦੀ ਕਿਸਾਨੀ ਕਰਜ਼ ਮੁਆਫ਼ੀ ਦਾ ਵਾਅਦਾ ਪੂਰਾ ਕਰਨ।

ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਵਾਅਦਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਹਰ ਕਿਸਾਨ ਦਾ ਕਰਜ਼ ਮੁਆਫ਼ ਕਰਦੇ ਹੋਏ ਇਸ ਬੋਝ ਤੋਂ ਮੁਕਤੀ ਦਿੱਤੀ ਜਾਵੇਗੀ। ਕਾਂਗਰਸ ਪਾਰਟੀ ਦੇ ਇਸ ਭਰੋਸੇ ਪੰਜਾਬ ਦੇ ਕਿਸਾਨਾਂ ਵੱਲੋਂ ਕਰਜ਼ ਮੁਆਫ਼ ਹੋਣ ਦਾ ਇੰਤਜ਼ਾਰ ਵੀ ਕਰਨਾ ਸ਼ੁਰੂ ਕਰ ਦਿੱਤਾ ਪਰ ਹੁਣ ਸਾਢੇ 4 ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਸੂਬੇ ਦੇ ਸਾਰੇ ਕਿਸਾਨਾਂ ਦਾ ਕਰਜ਼ ਮੁਆਫ਼ ਨਹੀਂ ਕਰ ਸਕੀ ਹੈ।

ਪੰਜਾਬ ਸਰਕਾਰ ਵੱਲੋਂ ਇਕੱਠੇ ਸਾਰੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੀ ਥਾਂ ’ਤੇ ਹਰ ਸਾਲ ਥੋੜ੍ਹੇ-ਥੋੜੇ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਕਿਸਾਨਾਂ ਦਾ ਕਰਜ਼ ਅਜੇ ਤੱਕ ਮੁਆਫ਼ ਨਹੀਂ ਹੋਇਆ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਕਰਜ਼ ਮੁਆਫ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਾਫ਼ੀ ਕਿਸਾਨ ਇਸ ਕਰਜ਼ ਦੇ ਬੋਝ ਨੂੰ ਸਹਿਣ ਨਾ ਕਰਦੇ ਹੋਏ ਖ਼ੁਦਕੁਸ਼ੀ ਦੇ ਰਾਹ ਪੈ ਰਹੇ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਜ਼ਿਆਦਾ ਪੇਂਡੂ ਲੋਕਾਂ ਦੇ ਸਿਰ ਕਰਜ਼ਾ ਹੋਣ ਕਰ ਕੇ ਕਰਜ਼ੇ ਦੀ ਮਾਰ ਥੱਲੇ ਆਏ ਰਾਜਾਂ ਵਿਚੋਂ ਇੱਕ ਪੰਜਾਬ ਸੂਬਾ ਵੀ ਸ਼ਾਮਿਲ ਹੈ। ਇੱਥੋਂ ਦੇ ਕਿਸਾਨਾਂ ਉੱਤੇ ਕਰੀਬ ਇੱਕ ਲੱਖ ਕਰੋੜ ਦਾ ਕਰਜ਼ਾ ਹੈ। ਇਨ੍ਹਾਂ ਵਿਚੋਂ ਸੰਗਠਿਤ ਕਰਜ਼ਾ 80,000 ਕਰੋੜ ਰੁਪਏ ਅਤੇ ਗੈਰ-ਸੰਗਠਿਤ ਕਰਜ਼ਾ 20, 000 ਕਰੋੜ ਰੁਪਏ ਦਾ ਅੰਦਾਜ਼ਾ ਲਗਾਇਆ ਗਿਆ। ਇਹੀ ਵਜ੍ਹਾ ਹੈ ਕਿ ਇੱਥੇ ਕਿਸਾਨ ਆਤਮ-ਹੱਤਿਆ ਦਰ ਲਗਾਤਾਰ ਵੱਧ ਰਹੀ ਹੈ।

ਕਿਸਾਨੀ-ਧਰਨਿਆਂ ‘ਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਨੌਜਵਾਨ ਪੀੜ੍ਹੀ ਨੂੰ ਉਸਾਰੂ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਕਿਤਾਬਾਂ ਸਿਰਫ਼ ਗਿਆਨ ਹੀ ਨਹੀਂ ਦਿੰਦੀਆਂ ਬਲਕਿ ਮਾਨਸਿਕ ਭਟਕਣਾ ਨੂੰ ਦੂਰ ਕਰਨ ਦੇ ਨਾਲ ਸਹੀ ਦਿਸ਼ਾ ਵੀ ਦਿੰਦੀਆਂ ਹਨ। ਮਾਨਸਿਕ ਤੌਰ ’ਤੇ ਤੰਦਰੁਸਤ ਤੇ ਚੇਤੰਨ ਨੌਜਵਾਨ ਵਰਗ ਹੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਵਖਰੇਵਿਆਂ ਅਤੇ ਆਪਸੀ ਨਫ਼ਰਤ ਤੋਂ ਮੁਕਤ ਇੱਕ ਸੋਹਣਾ-ਸੁਚੱਜਾ ਅਤੇ ਪਿਆਰ ਭਰਿਆ ਸ਼ਾਂਤਮਈ ਵਾਤਾਵਰਨ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।

ਕਿਸਾਨ-ਆਗੂਆਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਸ਼ੁਰੂ ਤੋਂ ਹੀ ਸੰਘਰਸ਼ਾਂ ਭਰਿਆ ਰਿਹਾ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਨੇ ਪੱਕੇ ਧਰਨੇ ਲਾਏ ਹੋਏ ਹਨ। ਇਸ ਵਾਰ ਕਿਸਾਨਾਂ ਦੇ ਧਰਨੇ ਵਿਚ ਨੌਜਵਾਨ ਪੀੜ੍ਹੀ ਵੀ ਵੱਡੇ ਪੱਧਰ ’ਤੇ ਸ਼ਮੂਲੀਅਤ ਕਰਦੀ ਦਿਖਾਈ ਦੇ ਰਹੀ ਹੈ। ਅਜਿਹਾ ਪਹਿਲੀ ਵਾਰ ਹੈ ਕਿ ਨੌਜਵਾਨ ਵਰਗ ਨੇ ਵੀ ਧਰਨਿਆਂ ਵਿਚ ਦਿਲਚਸਪੀ ਦਿਖਾਈ ਹੈ।

ਕਿਸਾਨ ਸੰਘਰਸ਼ ਵਿੱਚ ਨੌਜਵਾਨ ਵਰਗ ਦੀ ਸ਼ਮੂਲੀਅਤ ਨੇ ਨੌਜਵਾਨ ਏਕਤਾ ਦੀ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਨਵੀਂ ਪੀੜ੍ਹੀ ਨੂੰ ਸਿਰਫ਼ ਗੀਤਾਂ ਵਿੱਚ ਹੀ ਲਲਕਾਰੇ ਮਾਰਦੇ ਸੁਣਿਆ ਜਾਂਦਾ ਸੀ, ਪਰ ਨੌਜਵਾਨਾਂ ਨੇ ਇਸ ਗੱਲ ਨੂੰ ਗਲਤ ਸਾਬਤ ਕਰਦਿਆਂ ਆਪਣੇ ਹੱਕਾਂ ਲਈ ਕਿਸੇ ਵੱਡੀ ਤੋਂ ਵੱਡੀ ਤਾਕਤ ਨਾਲ ਲੜਨ ਦਾ ਫ਼ੈਸਲਾ ਕਰ ਲਿਆ ਹੈ।

ਕਿਸਾਨਾਂ ਵਿੱਚ ਜੋਸ਼ ਬਰਕਰਾਰ ਰੱਖਣ ਲਈ ਨੌਜਵਾਨ ਲੇਖਕ ਵੀ ਆਪਣਾ ਰੋਲ ਬਾਖੂਬੀ ਨਿਭਾ ਰਹੇ ਹਨ। ਵੱਖ-ਵੱਖ ਨਾਟਕ ਟੀਮਾਂ, ਕਲਾਕਾਰਾਂ ਤੇ ਗੀਤਕਾਰਾਂ ਵੱਲੋਂ ਕਿਸਾਨਾਂ ਦੀ ਹੌਸਲਾਅਫ਼ਜ਼ਾਈ ਕਰਦਿਆਂ ਸੰਘਰਸ਼ ਵਿੱਚ ਡਟੇ ਰਹਿਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ। ਕੀ ਬਜ਼ੁਰਗ, ਕੀ ਨੌਜਵਾਨ, ਸਭ ਖੇਤੀ ਅੰਦੋਲਨ ਲਈ ਆਪਣਾ ਯੋਗਦਾਨ ਦੇਣ ਲਈ ਲਾਮਬੰਦ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION