30.1 C
Delhi
Wednesday, May 8, 2024
spot_img
spot_img

ਕਾਂਗਰਸ ਨੂੰ ਕਮਜ਼ੋਰ ਕਰ ਰਹੇ ਹਨ ਸਿੱਧੂ, ਔਰਤਾਂ ਲਈ ਕੀਤੇ ਐਲਾਨ ਗੁਮਰਾਹਕੁੰਨ: ਰਾਣਾ ਗੁਰਜੀਤ ਸਿੰਘ ਦਾ ਸੂਬਾ ਪ੍ਰਧਾਨ ’ਤੇ ਤਿੱਖਾ ਹਮਲਾ

ਯੈੱਸ ਪੰਜਾਬ
ਚੰਡੀਗੜ੍ਹ, 3 ਦਸੰਬਰ, 2021:
ਸੋਮਵਾਰ ਨੂੰ ਭਦੌੜ ਵਿੱਚ ਕਾਂਗਰਸ ਦੀ ਇਕ ਰੈਲੀ ਦੌਰਾਨ ਆਪਣੇ ਪੰਜਾਬ ਮਾਡਲ ਦਾ ‘ਪਿਟਾਰਾ’ ਖੋਲ੍ਹ ਕੇ ਔਰਤਾਂ ਲਈ ਐਲਾਨਾਂ ਦੀ ਝੜੀ ਲਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਐਲਾਨਾਂ ’ਤੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਦੇ ਇਕ ਸੀਨੀਅਰ ਕੈਬਨਿਟ ਮੰਤਰੀ ਨੇ ਹੀ ਸਵਾਲ ਉਠਾ ਦਿੱਤੇ ਹਨ।

ਸਿੱਧੂ ਵੱਲੋਂ ਔਰਤਾਂ ਲਈ ਐਲਾਨਾਂ ਤੋਂ ਤੁਰੰਤ ਬਾਅਦ ਗੱਲਬਾਤ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਐਲਾਨ ਸ: ਸਿੱਧੂ ਵੱਲੋਂ ਨਿੱਜੀ ਹੈਸੀਅਤ ਵਿੱਚ ਕੀਤੇ ਗਏ ਹਨ ਅਤੇ ਇਹ ਗੁਮਰਾਹਕੁੰਨ ਸਾਬਿਤ ਹੋ ਸਕਦੇ ਹਨ ਕਿਉਂਕਿ ਅਜੇ ਪਾਰਟੀ ਦਾ ਮੈਨੀਫ਼ੈਸਟੋ ਹੀ ਹੋਂਦ ਵਿੱਚ ਨਹੀਂ ਆਇਆ।

ਸਿੱਧੂ ’ਤੇ ਵੱਡਾ ਹੱਲਾ ਬੋਲਦਿਆਂ ਸ: ਰਾਣਾ ਨੇ ਕਿਹਾ ਕਿ ਸ: ਸਿੱਧੂ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ। ਉਹਨਾਂ ਆਖ਼ਿਆ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਐਲਾਨ ਨਹੀਂ ਕਰਨੇ ਚਾਹੀਦੇ ਕਿਉਂਕਿ ਪਾਰਟੀ ਦੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਪਾਰਟੀ ਵੱਲੋਂ ਕੋਈ ਫ਼ੈਸਲਾ ਲੈਣ ਉਪਰੰਤ ਸਾਰੇ ਆਗੂ ਸਾਂਝੇ ਰੂਪ ਵਿੱਚ ਹੀ ਇਹ ਦੱਸਣਗੇ ਕਿ ਲੋਕਾਂ ਲਈ ਪਾਰਟੀ ਦੀ ਸਰਕਾਰ ਕੀ ਕਰੇਗੀ।

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅੱਜ ਜੋ ਐਲਾਨ ਕਰ ਦਿੱਤੇ ਗਏ ਹਨ ਜੇ ਉਹ ਕਲ੍ਹ ਨੂੰ ਮੈਨੀਫ਼ੈਸਟੋ ਕਮੇਟੀ ‘ਕਲੀਅਰ’ ਨਹੀਂ ਕਰਦੀ ਤਾਂ ਫ਼ਿਰ ਇਨ੍ਹਾਂ ਐਲਾਨਾਂ ਬਾਰੇ ਜ਼ਿੰਮੇਵਾਰ ਕੌਣ ਹੋਵੇਗਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਪ੍ਰਭਾਵ ਠੀਕ ਨਹੀਂ ਜਾਂਦਾ ਅਤੇ ਫ਼ਿਰ ਤਾਂ ਮੈਨੀਫ਼ੈਸਟੋ ਕਮੇਟੀ ਦਾ ਹੀ ਕੋਈ ਮਤਲਬ ਨਾ ਰਿਹਾ।

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਾਰਟੀ ਕਮਜ਼ੋਰ ਹੋ ਰਹੀ ਹੈ ਅਤੇ ਇਹ ਵੀ ਸਭ ਨੂੰ ਪਤਾ ਹੈ ਕਿ ਪਾਰਟੀ ਨੂੂੰ ਕਮਜ਼ੋਰ ਕੌਣ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਕਮਜ਼ੋਰ ਹੁੰਦਾ ਨਹੀਂ ਵੇਖ਼ ਸਕਦੇ ਇਸ ਲਈ ਉਹਨਾਂ ਦਾ ਬੋਲਣਾ ਬਣਦਾ ਹੈ।

ਸ: ਸਿੱਧੂ ਵੱਲੋਂ ਕੀਤੇ ਜਾ ਰਹੇ ਉਮੀਦਵਾਰਾਂ ਦੇ ਐਲਾਨਾਂ ’ਤੇ ਵੀ ਸਖ਼ਤ ਇਤਰਾਜ਼ ਜਤਾਉਂਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਟਿਕਟਾਂ ਦਾ ਫ਼ੈਸਲਾ ਵੀ ਹਾਈਕਮਾਨ ਨੇ ਹੀ ਕਰਨਾ ਹੈ ਅਤੇ ਇਸ ਤਰ੍ਹਾਂ ਪਹਿਲਾਂ ਹੀ ‘ਕਨਫ਼ਿਊਜ਼ਨ’ ਪੈਦਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਜਿੱਥੇ ਪ੍ਰਧਾਨ ਜਾਂਦੇ ਹਨ, ਉੱਥੇ ਹੀ ਬੰਦੇ ਦੂਜੀਆਂ ਪਾਰਟੀਆਂ ਦਾ ਰੁਖ਼ ਕਰ ਲੈਂਦੇ ਹਨ।

ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਸਿਫ਼ਤ ਕਰਦਿਆਂ ਸ: ਰਾਣਾ ਨੇ ਕਿਹਾ ਕਿ ਸ: ਚੰਨੀ ਬਹੁਤ ਚੰਗਾ ਕੰਮ ਕਰ ਰਹੇ ਹਨ ਅਤੇ ਸਭ ਨੂੰ ਨਾਲ ਲੈ ਕੇ ਚੱਲਦੇ ਹੋਏ ਸਭ ਤੋਂ ਹਰ ਵੇਲੇ ਸਲਾਹ ਮੰਗਦੇ ਹਨ ਕਿ ਕੀ ਚੰਗਾ ਕੀਤਾ ਜਾ ਸਕਦਾ ਹੈ।

ਉਹਨਾਂ ਆਖ਼ਿਆ ਕਿ ਰਾਜ ਅੰਦਰ ਲੜਾਈ ਮੁੱਖ ਮੰਤਰੀ ਦੀ ਬਣੀ ਹੋਈ ਹੈ ਅਤੇ ਕਿਸੇ ਨੂੰ ਇਹ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਪਾਰਟੀ ਨੂੰ ਨੁਕਸਾਨ ਪੁਚਾਵੇ। ਉਹਨਾਂ ਕਿਹਾ ਕਿ ਸਮੇਂ ਸਿਰ ਇਸ ਬਾਰੇ ਨਿਬੇੜਾ ਹੋਣਾ ਚਾਹੀਦਾ ਹੈ ਕਿਉਂਕਿ ਬਾਅਦ ਵਿੱਚ ਬਾਂਹ ਵੱਢਣ ਨਾਲੋਂ ਪਹਿਲਾਂ ਉਂਗਲੀ ਵੱਢ ਦੇਣੀ ਚੰਗੀ ਗੱਲ ਹੁੰਦੀ ਹੈ।

ਰਾਣਾ ਗੁਰਜੀਤ ਸਿੰਘ ਅੱਜ ਐਸੇ ਦੂਜੇ ਕੈਬਨਿਟ ਮੰਤਰੀ ਬਣ ਗਏ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਅਤੇ ਪਾਰਟੀ ਪ੍ਰਧਾਨ ਵਿਚਾਲੇ ਕੋਈ ਸੰਵਾਦ ਹੀ ਨਹੀਂ ਹੈ। ਉਹਨਾਂ ਕਿਹਾ ਕਿ ਜਦ ਦੇ ਸ: ਸਿੱਧੂ ਪ੍ਰਧਾਨ ਬਣੇ ਹਨ, ਉਨ੍ਹਾਂ ਦੀ ਆਪਸ ਵਿੱਚ ਕਦੇ ਗੱਲਬਾਤ ਹੀ ਨਹੀਂ ਹੋਈ। ਯਾਦ ਰਹੇ ਕਿ ਬੀਤੇ ਕਲ੍ਹ ਇਹੀ ਦਾਅਵਾ ਉਪ ਮੁੱਖ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ ਵੀ ਕੀਤਾ ਸੀ। ਰਾਣਾ ਗੁਰਜੀਤ ਸਿੰਘ ਨੇ ਤਾਂ ਇਸ ਗੱਲ ’ਤੇ ਵੀ ਇਤਰਾਜ਼ ਜਤਾਇਆ ਕਿ ਉਨ੍ਹਾਂ ਨੂੂੰ ਤਾਂ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਇੰਨਾ ਹੱਕ ਵੀ ਪ੍ਰਧਾਨ ਨੇ ਨਹੀਂ ਦਿੱਤਾ ਕਿ ਉਹ ਆਪਣੇ ਜ਼ਿਲ੍ਹੇ ਦਾ ਪ੍ਰਧਾਨ ਹੀ ਆਪਣੀ ਮਰਜ਼ੀ ਨਾਲ ਚੁਣ ਸਕਣ। ਜੋ ਜ਼ਿਲ੍ਹਾ ਪ੍ਰਧਾਨ ਸੂਬਾ ਪ੍ਰਧਾਨ ਨੇ ਲਗਾਇਆ ਹੈ, ਉਸ ਨੇ ਇਹ ਲੋੜ ਵੀ ਨਹੀਂ ਸਮਝੀ ਕਿ ਆਪਣੇ ਜ਼ਿਲ੍ਹੇ ਦੇ ਕੈਬਨਿਟ ਮੰਤਰੀ ਨੂੰ ਆ ਕੇ ਮਿਲੇ।

ਸ: ਰਾਣਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਸੂਬੇ ਵਿੱਚ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਪੋ ਆਪਣੇ ਹਲਕਿਆਂ ਵਿੱਚ ਸਾਰੇ ਇਕੱਲੇ ਇਕੱਲੇ ਮਜ਼ਬੂਤ ਹਨ ਪਰ ਪ੍ਰਧਾਨ ਵੱਖਰੇ ਹੀ ਹਨ।

ਕੈਬਨਿਟ ਮੰਤਰੀ ਨੇ ਸਮੂਹ ਕਾਂਗਰਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਅੰਦਰ ਇਕਜੁੱਟਤਾ ਵਿਖ਼ਾਉਣ। ਉਨ੍ਹਾਂ ਕਿਹਾ ਕਿ ਜੇ ਇਕੱਠੇ ਨਾ ਹੋਏ ਤਾਂ ਭਾਵੇਂ ਗ਼ਲਤੀ ਕਿਸੇ ਇਕ-ਦੋ ਆਗੂਆਂ ਦੀ ਹੀ ਹੋਈ, ਭੁਗਤਾਂਗੇ ਸਾਰੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਭਦੌੜ ਵਿਖ਼ੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ: ਸਿੱਧੂ ਨੇ ਹੇਠ ਲਿਖ਼ੇ ਐਲਾਨ ਕੀਤੇ:

5ਵੀਂ ਪਾਸ ਕਰਨ ’ਤੇ ਹਰ ਵਿਦਿਆਰਥਣ ਨੂੂੰ ਦਿੱਤੇ ਜਾਣਗੇ 5 ਹਜ਼ਾਰ ਰੁਪਏ।

10ਵੀਂ ਪਾਸ ਕਰਨ ’ਤੇ ਹਰ ਵਿਦਿਆਰਥਣ ਨੂੰ ਦਿੱਤੇ ਜਾਣਗੇ 15 ਹਜ਼ਾਰ ਰੁਪਏ।

12ਵੀਂ ਪਾਸ ਕਰਨ ’ਤੇ ਹਰ ਵਿਦਿਆਰਥਣ ਨੂੂੰ ਮਿਲਣਗੇ 20 ਹਜ਼ਾਰ ਰੁਪਏ।

ਕਾਲਜ ਵਿੱਚ ਦਾਖ਼ਲਾ ਲੈਣ ’ਤੇ ਕਾਲਜ ਦੀ ਦਾਖ਼ਲਾ ਪਰਚੀ ਨਾਲ ਇਕ ਸਕੂਟੀ ਦਿੱਤੀ ਜਾਵੇਗੀ।

ਗ੍ਰਹਿਣੀਆਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਹਰ ਸਾਲ ਦੇ 8 ਸਿਲੰਡਰ ਮੁਫ਼ਤ ਦਿੱਤੇ ਜਾਣਗੇ।

ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਭਰ ਵਿੱਚ ਕਿਸੇ ਔਰਤ ਦੇ ਨਾਂਅ ਜਾਇਦਾਦ ਦੀ ਰਜਿਸਟਰੇਸ਼ਨ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ।

ਔਰਤਾਂ ਦੇ ਕੰਮ ਕਰਨ ਲਈ 2 ਲੱਖ ਰੁਪਏ ਤਕ ਦਾ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇਗਾ।

ਵਿਦੇਸ਼ ਜਾਣ ਵਾਲੀਆਂ ਬੱਚੀਆਂ ਨੂੰ ਇਕ ਟੈਬਲੈਟ ਮੁਫ਼ਤ ਦਿੱਤੀ ਜਾਵੇਗੀ।

ਲੜਕੀਆਂ, ਖ਼ਾਸ ਕਰ ਕਾਲਜ ਜਾਣ ਵਾਲੀਆਂ ਲੜਕੀਆਂ ਨੂੰ ਤੰਗ ਕਰਨ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਰਾਜ ਅੰਦਰ ਦੋ ਔਰਤਾਂ ਦੀਆਂ ਕਮਾਂਡੋ ਬਟਾਲੀਅਨ ਬਣਾਈਆਂ ਜਾਣਗੀਆਂ। ਹਰ ਪਿੰਡ ਵਿੱਚ 2 ਕਮਾਂਡੋ ਤਾਇਨਾਤ ਹੋਣਗੀਆਂ ਅਤੇ ਇਸੇ ਤਰ੍ਹਾਂ ਇਨ੍ਹਾਂ ਕਮਾਂਡੋਜ਼ ਦੀ ਤਾਇਨਾਤੀ ਸ਼ਹਿਰਾਂ ਵਿੱਚ ਵੀ ਹੋਵੇਗੀ। ਉਹਨਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਮਹਿਸੂਸ ਕਰਨ ’ਤੇ ਲੜਕੀਆਂ ਕਮਾਂਡੋਜ਼ ਨੂੰ ਫ਼ੋਨ ਕਰਨਗੀਆਂ ਜੋ ਮਨਚਲੇ ਲੋਕਾਂ ਨੂੰ ਸਿੱਧਿਆਂ ਕਰਨਗੀਆਂ।

ਉਹਨਾਂ ਨੇ ਦਾਅਵਾ ਕੀਤਾ ਕਿ ਉਹ ਇਹ ਸਾਰਾ ਕੁਝ ਚੋਰ ਮੋਰੀਆਂ ਬੰਦ ਕਰਕੇ ਅਤੇ ਮਾਫ਼ੀਆ ਦੀ ਜੇਬ ਵਿੱਚੋਂ ਕੱਢ ਕੇ ਕਰਨਗੇ ਜਿਹੜੀਆਂ ਦੂਜੀਆਂ ਪਾਰਟੀਆਂ ਨਹੀਂ ਕਰ ਸਕੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION