32.1 C
Delhi
Tuesday, May 7, 2024
spot_img
spot_img

‘ਆਪ’ ਦੀ ਸਰਕਾਰ ਪੰਜਾਬ ਦਾ ਖ਼ਜ਼ਾਨਾ ਵੀ ਭਰੇਗੀ ਅਤੇ ਮੁਫ਼ਤ ਸਹੂਲਤਾਂ ਵੀ ਦੇਵੇਗੀ: ‘ਆਪ’ ਦੀ ਭਰਵੀਂ ਬੋਹਾ ਰੈਲੀ ’ਚ ਗਰਜੇ ਭਗਵੰਤ ਮਾਨ

ਯੈੱਸ ਪੰਜਾਬ
ਬੁਢਲਾਡਾ/ਮਾਨਸਾ, 7 ਜਨਵਰੀ, 2022:
ਆਮ ਆਦਮੀ ਪਾਰਟੀ (ਆਪ) ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2022 ਵਿੱਚ ਬਣਨ ਵਾਲੀ ‘ਆਪ’ ਸਰਕਾਰ ਮਾਫ਼ੀਆ ਰਾਜ ਨੂੰ ਖ਼ਤਮ ਕਰ, ਪੰਜਾਬ ਦਾ ਖਾਲੀ ਖਜ਼ਾਨਾ ਵੀ ਭਰੇਗੀ ਅਤੇ ਲੋਕਾਂ ਨੂੰ ਮੁਫ਼ਤ ਅਤੇ ਚੰਗੀ ਸਿੱਖਿਆ, ਸਿਹਤ ਸੁਵਿਧਾਵਾਂ ਦੇ ਨਾਲ-ਨਾਲ ਸਾਰੀਆਂ ਸਹੂਲਤਾਂ ਦੇਵੇਗੀ।

ਅੱਜ, ਬੋਹਾ (ਬੁਢਲਾਡਾ) ਵਿੱਚ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਨਸਾ ਵਿੱਚ ਡਾ. ਵਿਜੈ ਸਿੰਗਲਾ ਦੇ ਹੱਕ ਵਿੱਚ, ਦੋ ਜ਼ਬਰਦਸਤ ਜਨਸਭਾਵਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਇੱਕ ਵਾਰ ਫਿਰ ਸੂਬੇ ਦੀ ਕਾਂਗਰਸ ਸਰਕਾਰ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ ਅਤੇ ਬਾਦਲ ਪਰਿਵਾਰ ਨੂੰ ਆੜੇ ਹੱਥੀਂ ਲਿਆ।

ਭਗਵੰਤ ਮਾਨ ਨੇ ਪੁੱਛਿਆ ਕਿ ਜਦੋਂ ਪੰਜਾਬ ਵਿੱਚ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਤਰਸਯੋਗ ਹੈ, ਬਿਜਲੀ ਪੂਰੇ ਦੇਸ਼ ਨਾਲੋਂ ਮਹਿੰਗੀ ਹੈ ਅਤੇ ਸੜਕਾਂ ਲਈ ਹਰ ਪਾਸੇ ਟੋਲ ਪਲਾਜ਼ੇ ਲੱਗੇ ਹਨ, ਫਿਰ ਪੰਜਾਬ ਦਾ ਖ਼ਜ਼ਾਨਾ ਖਾਲੀ ਕਿਵੇਂ ਹੋ ਗਿਆ? ਨਾਲੇ ਪੰਜਾਬ ਦੇ ਲੋਕ ਤਾਂ ਲਗਾਤਾਰ ਟੈਕਸ ਭਰ ਰਹੇ ਹਨ, ਫਿਰ ਟੈਕਸ ਦਾ ਸਾਰਾ ਪੈਸੇ ਜਾਂਦਾ ਕਿੱਥੇ ਹੈ ? ਮਾਨ ਨੇ ਕਿਹਾ, “ਲੋਕ ਟੈਕਸ ਭਰਦੇ ਰਹੇ, ਅਤੇ ਖ਼ਜ਼ਾਨਾ ਖ਼ਾਲੀ ਹੀ ਰਿਹਾ, ਕਿਉਂਕਿ ਕੈਪਟਨ ਤੇ ਬਾਦਲ ਸਿਸਵਾਂ ‘ਚ ਆਪਣੀਆਂ ਪ੍ਰਾਪਰਟੀਆਂ ਬਣਾਉਣ ‘ਚ ਹੀ ਲੱਗੇ ਰਹੇ।

ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਸਹੂਲਤਾਂ ਵੀ ਦਿੰਦੀ ਆ ਰਹੀ ਆ, ਤਾਂ ਵੀ ਦਿੱਲੀ ‘ਤੇ ਅੱਜ ਇੱਕ ਰੁਪਏ ਦਾ ਕਰਜ਼ਾ ਨਹੀਂ। ਇੱਥੇ ਕਾਂਗਰਸ ਸਰਕਾਰ ਨੇ ਕੋਈ ਸਕੂਲ ਨੀ ਬਣਾਏ, ਸਰਕਾਰੀ ਹਸਪਤਾਲਾਂ ‘ਚ ਲੋਕ ਸਿਰਫ਼ ਮਜ਼ਬੂਰੀ ‘ਚ ਜਾਂਦੇ ਨੇ, ਨੌਕਰੀਆਂ ਨਹੀਂ ਦਿੱਤੀਆਂ, ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਹਾਲਤ ਮਾੜੀ ਆ, ਪਰ ਖਜ਼ਾਨਾ ਖ਼ਾਲੀ ਹੋ ਗਿਆ ਤੇ ਨਾਲੇ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਵੀ ਚੜ ਗਿਆ। “

ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਅਗਾਮੀ ਚੋਣਾਂ ਲਈ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਦੇ ਹੱਕ ਵਿੱਚ ਬੋਲਦਿਆਂ ਮਾਨ ਨੇ ਕਿਹਾ, “ਬੁਢਲਾਡਾ ਨੂੰ ਪੰਜਾਬ ਦਾ ਪਛੜਿਆ ਇਲਾਕਾ ਕਹਿ ਦਿੰਦੇ ਹਨ। ਪਰ ਮੈਂ ਇੱਥੋਂ ਦੇ ਲੋਕਾਂ ਨੂੰ ਵਧਾਈ ਦਿੰਦਾ ਜਿੰਨਾ ਨੇ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਐੱਮ.ਐੱਲ.ਏ ਚੁਣ ਕੇ ਭੇਜਿਆ।

ਮੈਂ ਅੱਜ ਬੁਢਲਾਡਾ ਦੇ ਲੋਕਾਂ ਨੂੰ ਵਾਅਦਾ ਕਰਦਾ ਹਾਂ ਕਿ ਆਪ ਦੀ ਸਰਕਾਰ ਆਉਣ ਤੇ ਇਸ ਇਲਾਕੇ ਨੂੰ ਟੇਲ (ਪੂੰਛ) ਨਹੀਂ ਮੰਨਿਆ ਜਾਵੇਗਾ ਸਗੋਂ ਵਿਕਾਸ ਕਾਰਜਾਂ ਵਿੱਚ ਤਰਜੀਹ ਦਿੱਤੀ ਜਾਵੇਗੀ।” ਮਾਨ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਖੇਤੀਬਾੜੀ ਮਜ਼ਬੂਰੀ ਦਾ ਨਹੀਂ ਸਗੋਂ ਨਫ਼ੇ ਦਾ ਧੰਦਾ ਹੋਵੇਗਾ। ਉਹਨਾਂ ਦੀ ਸਰਕਾਰ ਸੂਬੇ ਵਿੱਚ ਖੇਤੀਬਾੜੀ ਮਾਹਿਰਾਂ ਦੀਆਂ ਭਰਤੀਆਂ ਕਰੇਗੀ ਜੋ ਕਿਸਾਨਾਂ ਨੂੰ ਆਧੁਨਿਕ ਢੰਗ ਨਾਲ ਖੇਤੀਬਾੜੀ ਕਰਨ ਅਤੇ ਉਹਨਾਂ ਦੀ ਆਮਦਨੀ ਵਧਾਉਣ ਵਿੱਚ ਮਦਦ ਕਰਨਗੇ।

ਮਾਨ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮਹਿਲਾਵਾਂ ਨੂੰ 2000 ਰੁਪਏ ਮਹੀਨਾ ਦੇਣ ਅਤੇ 8 ਮੁਫ਼ਤ ਸਿਲੰਡਰਾਂ ਦੇ ਬਿਆਨ ‘ਤੇ ਤੰਜ ਕਸਦਿਆਂ ਕਿਹਾ ਕਿ ਪਹਿਲਾਂ ਤਾਂ ਜਦੋਂ ਆਪ ਨੇ ਮਹਿਲਾਵਾਂ ਦੀ ਆਰਥਿਕ ਸਹਾਇਤਾ ਲਈ 1000 ਰੁਪਏ ਮਹੀਨਾ ਐਲਾਨ ਕੀਤੇ ਸੀ ਤਾਂ ਨਵਜੋਤ ਸਿੱਧੂ ਕਹਿੰਦੇ ਸੀ ਕਿ ਪੰਜਾਬ ਦੀਆਂ ਮਹਿਲਾਵਾਂ ਭਿਖਾਰੀ ਨਹੀਂ, ਹੁਣ ਆਪ 5 ਸਾਲ ਖਜ਼ਾਨਾ ਖਾਲੀ ਕਹਿ ਕੇ ਡੰਗ ਟਪਾਉਣ ਵਾਲੇ ਪੰਜਵੀ ਪਾਸ ਨੂੰ 5000, ਦਸਵੀਂ ਪਾਸ ਨੂੰ 15000, ਬਾਰਵੀਂ ਪਾਸ ਨੂੰ 20000 ਅਤੇ ਸਕੂਟਰੀਆਂ ਦੇ ਵਾਅਦੇ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਅਤੇ ਇਹ ਪਹਿਲੀ ਸਰਕਾਰ ਹੈ ਜਿਹੜੀ ਆਖਰੀ 100 ਦਿਨ ਦਾ ਹਿਸਾਬ ਦੇ ਰਹੀ ਆ, ਅਤੇ ਪੌਣੇ ਪੰਜ ਸਾਲ ਇਹਨਾਂ ਸਾਰਿਆਂ ਨੇ ਮੰਤਰੀ ਰਹਿੰਦਿਆਂ ਜੋ ਮਾਫ਼ੀਆ ਨੂੰ ਸਰਪ੍ਰਸਤੀ ਦਿੱਤੀ ਹੈ ਅਤੇ ਹੁਣ ਵੀ ਇਹਨਾਂ ਦੀ ਮਿਹਰਬਾਨੀ ਨਾਲ ਹਰ ਮਾਫੀਆ ਜਿਓਂ ਦਾ ਤਿਓਂ ਚਲ ਰਿਹਾ ਉਸਦਾ ਕੋਈ ਜ਼ਿਕਰ ਹੀ ਨਹੀਂ।

ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਸੱਤਾ ਭ੍ਰਿਸ਼ਟ ਆਗੂਆਂ ਤੇ ਪਾਰਟੀਆਂ ਦੇ ਹੱਥ ਨਾਂ ਦੇ ਕੇ ਪੰਜਾਬ ਦੇ ਲੋਕ ਇੱਕ ਇਮਾਨਦਾਰ ਅਤੇ ਕੰਮ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਉਣ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਮੁੱਖ ਮੁੱਦੇ ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ ਹਨ, ਅਤੇ ਆਪ ਦੀ ਸਰਕਾਰ ਆਉਣ ‘ਤੇ ਇਹਨਾਂ ਸਾਰੇ ਮੁੱਦਿਆਂ ਨੂੰ ਬਣਦੀ ਅਹਿਮੀਅਤ ਦਿੱਤੀ ਜਾਵੇਗੀ ਅਤੇ ਪੰਜਾਬ ਵਿੱਚ ਮਾਪਿਆਂ ਨੂੰ ਮਜ਼ਬੂਰਨ ਆਪਣੇ ਬੱਚਿਆਂ ਨੂੰ ਪੜਨ ਤੇ ਨੌਕਰੀਆਂ ਕਰਨ ਲਈ ਵਿਦੇਸ਼ ਨਹੀਂ ਭੇਜਣਾ ਪਵੇਗਾ।

ਭਗਵੰਤ ਮਾਨ ਤੋਂ ਪਹਿਲਾਂ ਬੋਹਾ ਵਿੱਚ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਨਸਾ ਜਨਸਭਾ ਨੂੰ ਡਾ. ਵਿਜੈ ਸਿੰਗਲਾ ਨੇ ਵੀ ਸੰਬੋਧਿਤ ਕੀਤਾ। ਇਹਨਾਂ ਜਨਸਭਾਵਾਂ ਦੌਰਾਨ ਮਾਨਸਾ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਅੱਕਾਵਾਲੀ, ਸਰਦੂਲਗੜ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਬਨਾਵਾਲੀ, ਲੋਕ ਸਭ ਪ੍ਰਭਾਰੀ ਰਾਕੇਸ਼ ਪੁਰੀ, ਗੁਰਜੰਟ ਸਿੰਘ, ਪਰਮਿੰਦਰ ਕੌਰ ਸਮਾਘ, ਦਰਸ਼ਨ ਘਾਰੂ, ਸੁਖਜਿੰਦਰ ਸਿੰਘ ਸੁੱਖਾ, ਸੁਖਪਾਲ ਸਿੰਘ, ਕਰਮ ਸਿੰਘ ਫੌਜੀ, ਕੁਲਵੰਤ ਸਿੰਘ, ਬਿੰਦੂ ਸ਼ਰਮਾ ਆਦਿ ਨੇਤਾ ਹਾਜਰ ਸਨ।

ਸੰਯੁਕਤ ਅਕਾਲੀ ਦਲ ਦੇ ਆਗ ਅਤੇ ਹੋਰ ਸਮਾਜ ਸੇਵੀਆਂ ਨੇ ਕੀਤੀ ‘ਆਪ’ ‘ਚ ਸ਼ਮੂਲੀਅਤ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗੰਵਤ ਮਾਨ ਦੀ ਬੋਹਾ ‘ਚ ਵਿਸ਼ਾਲ ਜਨਸਭਾ ਦੌਰਾਨ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 3 ਪ੍ਰਮੁੱਖ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਸਮਾਜ ਸੇਵੀ ਅਤੇ ਸੇਵਾ ਮੁਕਤ ਅਧਿਕਾਰੀ ਕਰਮਚਾਰੀਆਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ‘ਆਪ’ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਸੰਯੁਕਤ ਅਕਾਲੀ ਦਲ ਦੇ ਆਗੂ ਸੋਹਣ ਸਿੰਘ ਕਲੀਪੁਰ, ਹੰਸਾ ਸਿੰਘ ਸੇਵਾ ਮੁਕਤ ਬੀਪੀਓ ਅਤੇ ਬੂਟਾ ਸਿੰਘ ਕਲਾਣਾ ਆਪਣੇ ਦਰਜਨਾਂ ਸਾਥੀਆਂ ਸਮੇਤ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਨਾਂ ਤੋਂ ਇਲਾਵਾ ਇਲਾਕਿਆਂ ਦੀਆਂ ਜਾਣੀਆਂ ਪਹਿਚਾਣੀਆਂ ਸਖਸ਼ੀਅਤਾਂ ਡਾ. ਪਰਮਜੀਤ ਸਿੰਘ, ਜਗਦੀਸ਼ ਸਿੰਘ ਪਟਵਾਰੀ, ਕੇਵਲ ਸਿੰਘਲ ਸੰਘਰੇੜੀ, ਹਰਮੇਲ ਸਿੰਘ ਦਾਤੇਵਾਸ, ਕੁਲਵੀਰ ਸਿੰਘ ਮਾਹਲ, ਨਰੋਤਮ ਸਿੰਘ ਧਾਲੀਵਾਲ ਸੈਂਕੜੇ ਸਾਥੀਆਂ ਸਮੇਤ ‘ਆਪ’ ਦਾ ਝਾੜੂ ਚੁੱਕ ਲਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION