36.1 C
Delhi
Wednesday, May 8, 2024
spot_img
spot_img

ਅਕਾਲ ਤਖ਼ਤ ਸਾਹਿਬ ਨੇ ਕੌਮ ਨੂੰ ਸਦਾ ਚਾਨਣ ਮੁਨਾਰੇ ਵਜੋਂ ਅਗਵਾਈ ਦਿੱਤੀ: ਅਕਾਲ ਤਖ਼ਤ ਦੇ ਸਥਾਪਨਾ ਦਿਹਾੜੇ ’ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ

ਯੈੱਸ ਪੰਜਾਬ
ਅੰਮ੍ਰਿਤਸਰ, 2 ਜੁਲਾਈ, 2021:
ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਭਾਈ ਸੰਦੀਪ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਪਾਵਨ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਰਵਣ ਕਰਵਾਇਆ।

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਸਮੁੱਚੀ ਸਿੱਖ ਕੌਮ ਨੂੰ ਸਿੱਖ ਸਿਧਾਂਤਾਂ, ਪ੍ਰੰਪਰਾਵਾਂ ਤੇ ਰਵਾਇਤਾਂ ਦੀ ਪਹਿਰੇਦਾਰੀ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਸਿੱਖ ਸੰਸਥਾਵਾਂ ਖਿਲਾਫ਼ ਜਾਣਬੁਝ ਕੇ ਪ੍ਰਚਾਰ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਲਈ ਆਖਿਆ।

ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਥਾਪਿਤ ਕੀਤੇ ਗਏ ਸੱਚੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਮੇਸ਼ਾ ਹੱਕ ਸੱਚ ਦੀ ਅਵਾਜ਼ ਬੁਲੰਦ ਹੁੰਦੀ ਰਹੀ ਹੈ ਅਤੇ ਇਸ ਸਰਵਉੱਚ ਅਸਥਾਨ ਨੇ ਸਿੱਖ ਕੌਮ ਨੂੰ ਸਦਾ ਚਾਨਣ-ਮੁਨਾਰੇ ਵਜੋਂ ਅਗਵਾਈ ਦਿੱਤੀ ਹੈ। ਇਸੇ ਕਾਰਨ ਹੀ ਸਮੇਂ ਸਮੇਂ ’ਤੇ ਹਕੂਮਤਾਂ ਵੱਲੋਂ ਇਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ, ਪਰੰਤੂ ਕਠਿਨਾਈਆਂ ਦੇ ਦੌਰ ਵਿਚ ਵੀ ਇਸ ਦੀ ਆਭਾ ਹੋਰ ਚਮਕੀ ਅਤੇ ਕੌਮ ਹੋਰ ਬੁਲੰਦ ਹੋਈ।

ਉਨ੍ਹਾਂ ਕਿਹਾ ਕਿ ਅੱਜ ਕੌਮ ਦੀਆਂ ਇਨ੍ਹਾਂ ਮਹਾਨ ਸੰਸਥਾਵਾਂ ਵਿਰੁੱਧ ਹਮਲੇ ਨੇ ਨਵਾਂ ਰੂਪ ਅਖ਼ਤਿਆਰ ਕਰ ਲਿਆ ਹੈ, ਜਿਸ ਤਹਿਤ ਵਿਰੋਧੀ ਸ਼ਕਤੀਆਂ ਹਰ ਛੋਟੀ ਛੋਟੀ ਗੱਲ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕਰਕੇ ਸੰਸਥਾਵਾਂ ਨੂੰ ਢਾਹ ਲਗਾਉਣ ਦੇ ਯਤਨ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਆਪਣੀਆਂ ਮਹਾਨ ਸੰਸਥਾਵਾਂ ਪ੍ਰਤੀ ਸਮਰਪਿਤ ਭਾਵਨਾ ਰੱਖਣੀ ਚਾਹੀਦੀ ਹੈ ਅਤੇ ਵਿਰੋਧੀ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੀਆਂ ਮਹਾਨ ਰਵਾਇਤਾਂ ਅਤੇ ਕੀਤੇ ਜਾਂਦੇ ਕਾਰਜਾਂ ਨੂੰ ਸੋਸ਼ਲ ਮੀਡੀਆ ’ਤੇ ਉਭਾਰਨ ਲਈ ਸਿੱਖ ਸੰਗਤਾਂ ਅੱਗੇ ਆਉਣ ਅਤੇ ਨਕਾਰਾਤਮਕ ਪ੍ਰਚਾਰ ਦਾ ਜਵਾਬ ਦੇਣ।

ਉਨ੍ਹਾਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਪਹਿਲੇ ਹਮਲੇ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਕਰਵਾਏ ਜਾ ਰਹੇ ਸਮਾਗਮ ਨੂੰ ਸਿੱਖ ਨੌਜੁਆਨੀ ਅੰਦਰ ਕੌਮ ’ਤੇ ਹੋਏ ਜ਼ੁਲਮਾਂ ਦੀ ਦਾਸਤਾਨ ਪ੍ਰਤੀ ਚੇਤੰਨ ਕਰਨ ਲਈ ਇਕ ਚੰਗਾ ਕਦਮ ਦੱਸਿਆ ਅਤੇ ਇਸ ਸਮਾਗਮ ਵਿਚ ਸੰਗਤ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਾ ਇਤਿਹਾਸ ਸਾਂਝਾ ਕੀਤਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਸਮੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਅਜਾਇਬ ਸਿੰਘ ਅਭਿਆਸੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਵਧੀਕ ਮੁੱਖ ਗ੍ਰੰਥੀ ਭਾਈ ਮਲਕੀਤ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਮੀਤ ਸਿੰਘ ਬੁੱਟਰ, ਆਨਰੇਰੀ ਸਕੱਤਰ ਸ. ਗੁਰਮੀਤ ਸਿੰਘ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸਾਬਕਾ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਮੈਨੇਜਰ ਸ. ਨਰਿੰਦਰ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਜਸਪਾਲ ਸਿੰਘ ਢੱਡੇ ਅਤੇ ਸੰਗਤਾਂ ਮੌਜੂਦ ਸਨ।

ਬੀਬੀ ਜਗੀਰ ਕੌਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਵਧਾਈ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਹਾੜੇ ਮੌਕੇ ਸਮਾਗਮ ’ਚ ਸ਼ਮੂਲੀਅਤ ਕਰਨ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਅਤੇ ਆਪਣਾ ਧਾਰਮਿਕ, ਸਮਾਜਿਕ ਤੇ ਰਾਜਨੀਤਕ ਜੀਵਨ ਆਪਣੀਆਂ ਰਵਾਇਤਾਂ ਤੋਂ ਅਗਵਾਈ ਲੈ ਕੇ ਨਿਭਾਉਣ ਲਈ ਪ੍ਰੇਰਿਆ।

ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਗਰੋਂ ਕੌਮ ਨੂੰ ਸੰਗਠਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਅਤੇ ਇਸ ਦੇ ਨਾਲ ਭਗਤੀ ਤੇ ਸ਼ਕਤੀ ਦੇ ਸਰੂਪ ਨੂੰ ਸਪੱਸ਼ਟ ਕੀਤਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਧਰਮ ਨਿਭਾਉਂਦਿਆਂ ਹਰ ਸਿੱਖ ਨੇ ਪੰਥਕ ਸ਼ਕਤੀ ਦੇ ਸੋਮੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਰਹਿਣਾ ਹੈ, ਜਿਸ ਦਾ ਮਾਰਗ ਸਾਨੂੰ ਗੁਰੂ ਸਾਹਿਬ ਨੇ ਆਪਣੇ ਜੀਵਨਕਾਲ ਸਮੇਂ ਖ਼ੁਦ ਦਿਖਾਇਆ ਹੈ। ਬੀਬੀ ਜਗੀਰ ਕੌਰ ਨੇ ਸਮੁੱਚੀ ਸਿੱਖ ਕੌਮ ਨੂੰ ਪੰਥਕ ਰਹਿਤ ਮਰਯਾਦਾ ਅਨੁਸਾਰ ਜੀਵਨ ਜਿਊਣ ਅਤੇ ਪੰਥਕ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION