33.1 C
Delhi
Thursday, May 23, 2024
spot_img
spot_img
spot_img

ਲੜਕੀਆਂ ਆਪਣੀ ਸਵੈ-ਰੱਖਿਆ ਤੇ ਖੇਡ ਵਜੋਂ ਗੱਤਕੇ ਨੂੰ ਅਪਣਾਉਣ: ਗਰੇਵਾਲ – ਲੁਧਿਆਣਾ ਵਿਖੇ ਇਕ ਰੋਜ਼ਾ ਗੱਤਕਾ ਸਿਖਲਾਈ ਵਰਕਸ਼ਾਪ

ਯੈੱਸ ਪੰਜਾਬ
ਲੁਧਿਆਣਾ, 28 ਜਨਵਰੀ, 2023 –
ਖ਼ਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼ ਲੁਧਿਆਣਾ ਦੇ ਸਰੀਰਕ ਸਿੱਖਿਆ ਵਿਭਾਗ ਅਤੇ ਵਿਰਾਸਤੀ ਕਲੱਬ ਵੱਲੋਂ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਾਲਜ ਦੇ ਆਡੀਟੋਰੀਅਮ ਵਿਚ ਇਕ ਰੋਜ਼ਾ “ਗੱਤਕਾ – ਸਿੱਖ ਮਾਰਸ਼ਲ ਕਲਾ” ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਵਿੱਚ ਸ. ਪ੍ਰਿਤਪਾਲ ਸਿੰਘ ਪਾਲੀ, ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ, ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਉਨ੍ਹਾਂ ਗੱਤਕੇ ਦੀ ਆਮ ਜੀਵਨ ਵਿੱਚ ਮਹੱਤਤਾ ਦਾ ਵਰਨਣ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਮੁਕਤੀ ਗਿੱਲ ਨੂੰ ਗੱਤਕੇ ਸਬੰਧੀ ਹਰ ਮੱਦਦ ਦਾ ਭਰੋਸਾ ਦਿਵਾਇਆ।

ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਸਵੈ ਰੱਖਿਆ ਵਿੱਚ ਨਿਪੁੰਨ ਬਣਾਉਣਾ, ਵਿਰਾਸਤੀ ਖੇਡ ਬਾਰੇ ਜਾਗਰੂਕ ਕਰਨਾ ਅਤੇ ਗੱਤਕਾ ਕਲਾ ਨੂੰ ਬਤੌਰ ਖੇਡ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।

ਇਸ ਮੌਕੇ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਗੱਤਕਾ ਸਿਖਲਾਈ, ਗੁਰਮਤਿ, ਸਿੱਖ ਮਰਿਆਦਾ, ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਖਾਸ ਕਰਕੇ ਲੜਕੀਆ ਵੱਲੋਂ ਇਸ ਇਤਿਹਾਸਕ ਜੰਗਜੂ ਗੱਤਕਾ ਕਲਾ ਨਾਲ ਜੁੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

ਉਨਾਂ ਇਸ ਮੌਕੇ ਗੱਤਕੇ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਗੱਤਕਾ ਖੇਡ ਨੂੰ ਅੰਤਰਰਾਸ਼ਟਰੀ ਖੇਡ ਵਜੋਂ ਉਭਾਰਨਾ ਅਤੇ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਾਉਣਾ ਹੈ।

ਗੱਤਕਾ ਐਸੋਸੀਏਸ਼ਨ ਨਾਲ ਜੁੜੀਆਂ 12 ਲੜਕੀਆਂ ਨੇ ਸ਼ਸਤਰ ਵਿੱਦਿਆ ਦਾ ਪ੍ਰਦਰਸ਼ਨ ਕਰਦਿਆਂ ਜੰਗਜੂ ਕਲਾ ਦੇ ਜੌਹਰ ਦਿਖਾਏ।

ਕਾਲਜ ਪ੍ਰਿੰਸੀਪਲ ਡਾ. ਮੁਕਤੀ ਗਿੱਲ ਨੇ ਮੁੱਖ ਮਹਿਮਾਨ ਅਤੇ ਹੋਰ ਹਾਜਰੀਨ ਪ੍ਰਮੁੱਖ ਬੁਲਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਅਤੇ ਵਰਕਸ਼ਾਪ ਦੀ ਕੁਆਰਡੀਨੇਟਰ ਡਾ . ਮਨਦੀਪ ਕੌਰ ਅਤੇ ਵਿਰਾਸਤੀ ਕਲੱਬ ਦੇ ਇੰਚਾਰਜ ਅਤੇ ਸਹਿ ਕੁਆਰਡੀਨੇਟਰ ਡਾ. ਨਰਿੰਦਰਜੀਤ ਕੌਰ ਸਮੇਤ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਇਸ ਉੱਦਮ ਦੀ ਹੌਂਸਲਾ ਅਫ਼ਜਾਈ ਕਰਦਿਆਂ ਭਵਿੱਖ ਵਿੱਚ ਅਜਿਹੇ ਕਾਰਜ ਕਰਵਾਉਣ ਲਈ ਹੱਲਾਸ਼ੇਰੀ ਦਿੱਤੀ ਅਤੇ ਵਿਦਿਆਰਥਣਾਂ ਨੂੰ ਇਸ ਕਲਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ ਚਹਿਲ, ਪ੍ਰਧਾਨ ਅੰਮ੍ਰਿਤ ਇੰਡੋ ਕਨੈਡੀਅਨ ਅਕੈਡਮੀ, ਸਿਮਰਜੀਤ ਸਿੰਘ ਨੈਸ਼ਨਲ ਕੋਆਰਡੀਨੇਟਰ, ਸਰਬਜੀਤ ਸਿੰਘ ਜਿਲਾ ਗੱਤਕਾ ਐਸੋਸੀਏਸ਼ਨ ਲੁਧਿਆਣਾ, ਸੁਖਦੀਪ ਸਿੰਘ ਡਾਇਰੈਕਟਰ ਕੋਚਿੰਗ ਤੇ ਸਿਖਲਾਈ ਡਾਇਰੈਕਟੋਰੇਟ, ਮਲਕੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਬੁਟਾਹਰੀ ਗੱਤਕਾ ਕੋਚ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION