39.1 C
Delhi
Monday, May 27, 2024
spot_img
spot_img
spot_img

SGPC ਦੇ ਬਜਟ ਇਜਲਾਸ ਦੌਰਾਨ Bargari ਕਾਂਡ ਪ੍ਰਤੀ ਨਿੰਦਾ ਮਤਾ ਪਾਸ; Kartarpur ਲਾਂਘਾ ਖੋਲ੍ਹਣ, ਕਿਸਾਨੀ ਮਸਲੇ ਹੱਲ ਕਰਨ ਦੀ ਮੰਗ

ਯੈੱਸ ਪੰਜਾਬ
ਅੰਮ੍ਰਿਤਸਰ, 30 ਮਾਰਚ, 2021 –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਸਰੋਕਾਰਾਂ ਨਾਲ ਸਬੰਧਤ ਕਈ ਅਹਿਮ ਮਤੇ ਪਾਸ ਕੀਤੇ ਗਏ। ਬੀਬੀ ਜਗੀਰ ਕੌਰ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਵੱਖ-ਵੱਖ ਮਤਿਆਂ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 1 ਮਈ 2021 ਨੂੰ ਮਨਾਏ ਜਾ ਰਹੇ 400 ਸਾਲਾ ਪ੍ਰਕਾਸ਼ ਗੁਰਪੁਰਬ ਸਬੰਧੀ ਯੂਐਨਓ ਤੋਂ ਇਕ ਮਤੇ ਰਾਹੀਂ ਇਹ ਸਾਲ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹੇ ਵਜੋਂ ਐਲਾਨ ਕਰਨ ਦੀ ਮੰਗ ਕੀਤੀ ਗਈ। ਮਤੇ ਵਿਚ ਕਿਹਾ ਗਿਆ ਕਿ ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਪ੍ਰੰਪਰਾਵਾਂ ਅਤੇ ਸਿਧਾਂਤਾਂ ਨਾਲ ਸਹਿਮਤ ਨਾ ਹੋਣ ਦੇ ਬਾਵਜੂਦ ਵੀ ਜਬਰੀ ਧਰਮ ਤਬਦੀਲੀ ਦਾ ਵਿਰੋਧ ਕੀਤਾ ਅਤੇ ਸ਼ਹਾਦਤ ਦਿੱਤੀ।

ਉਨ੍ਹਾਂ ਨੂੰ ਹਿੰਦ, ਧਰਮ ਅਤੇ ਸਮੁੱਚੀ ਸ੍ਰਿਸ਼ਟੀ ਦੀ ਚਾਦਰ ਹੋਣ ਦਾ ਮਾਣ ਹਾਸਲ ਹੈ। ਗੁਰੂ ਸਾਹਿਬ ਨੇ ਸ਼ਹਾਦਤ ਦੇ ਕੇ ਧਾਰਮਿਕ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਲਈ ਪੂਰਨੇ ਪਾਏ। ਇਸ ਲਈ ਗੁਰੂ ਸਾਹਿਬ ਦੀ ਇਸ ਦੇਣ ਨੂੰ ਵੇਖਦਿਆਂ ਉਨ੍ਹਾਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਸਾਲ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹੇ ਵਜੋਂ ਘੋਸ਼ਿਤ ਕੀਤਾ ਜਾਵੇ।

ਇਸ ਦੇ ਨਾਲ ਹੀ ਭਾਰਤ ਸਰਕਾਰ ਪਾਸੋਂ ਵੀ ਮੰਗ ਕੀਤੀ ਗਈ ਕਿ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ ਦੀ ਤਰਜ਼ ’ਤੇ ਗੁਰੂ ਸਾਹਿਬ ਦੀ ਅਦੁੱਤੀ ਯਾਦਗਾਰ ਬਣਾਈ ਜਾਵੇ ਅਤੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ ਉਨ੍ਹਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੱਕ ਸਮੁੱਚੇ ਇਤਿਹਾਸਕ ਅਸਥਾਨਾਂ ਦਾ ਵੱਡੀ ਪੱਧਰ ’ਤੇ ਵਿਕਾਸ ਕੀਤਾ ਜਾਵੇ।

ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ‘ਧਾਰਮਿਕ ਸਹਿਣਸ਼ੀਲਤਾ ਦਿਵਸ’ ਵਜੋਂ ਮਨਾਇਆ ਜਾਵੇ ਅਤੇ ਭਾਰਤ ਸਰਕਾਰ ਗੁਰੁ ਸਾਹਿਬ ਦੀ ਪਾਵਨ ਬਾਣੀ ਦੁਨੀਆਂ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਉਲੱਥਾ ਕਰਵਾ ਕੇ ਸੰਸਾਰ ਭਰ ਦੀ ਲਾਇਬ੍ਰੇਰੀਆਂ ਵਿਚ ਉਪਲੱਬਧ ਕਰਵਾਏ।

ਇਸ ਸਾਰੇ ਕਾਰਜ ਸ਼੍ਰੋਮਣੀ ਕਮੇਟੀ ਦੀ ਨਿਗਰਾਨੀ ਹੇਠ ਕਰਵਾਏ ਜਾਣ। ਭਾਰਤ ਅਤੇ ਸੂਬਾ ਸਰਕਾਰਾਂ ਦੇਸ਼ ਵਿਦੇਸ਼ ਵਿਚ ਕਰਵਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਨੂੰ ਨੋਡਲ ਸੰਸਥਾ ਐਲਾਨੇ। ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਗ੍ਰਿਫ਼ਤਾਰੀ ਸਥਾਨ ਆਗਰਾ ਤੋਂ ਉਨ੍ਹਾਂ ਦੇ ਸ਼ਹੀਦੀ ਅਸਥਾਨ ਦਿੱਲੀ ਤੱਕ ਦੇ ਮਾਰਗ ਨੂੰ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰਗ’ ਅਤੇ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੀਸ ਮਾਰਗ’ ਐਲਾਨਿਆ ਜਾਵੇ।

ਭਾਰਤ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਸਬੰਧੀ ਨਿੰਦਾ ਮਤਾ ਪਾਸ ਕਰਦਿਆਂ ਇਹ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਕਿਹਾ ਗਿਆ ਕਿ ਦੇਸ਼ ਅੰਦਰ ਕਿਸਾਨੀ ਨੂੰ ਨਜ਼ਰਅੰਦਾਜ ਕਰਕੇ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਕਿਸਾਨ ਵੱਡੀਆਂ ਮੁਸ਼ਕਲਾਂ ਤੋਂ ਬਾਅਦ ਅਨਾਜ ਪੈਦਾ ਕਰਕੇ ਦੇਸ਼ ਅਤੇ ਦੁਨੀਆਂ ਦਾ ਢਿੱਡ ਭਰਦਾ ਹੈ।

ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਕਿਸਾਨਾਂ ਨੂੰ ਬਰਬਾਦ ਕਰਨ ਵਾਲੇ ਹਨ, ਇਸ ਲਈ ਇਹ ਤੁਰੰਤ ਵਾਪਸ ਲਏ ਜਾਣ। ਇਸ ਮਤੇ ਰਾਹੀਂ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਸਮੇਤ ਸਾਰੇ ਵਰਗਾਂ ਨਾਲ ਖੜ੍ਹੇ ਰਹਿਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ।

ਇਸੇ ਨਾਲ ਸਬੰਧਤ ਇਕ ਹੋਰ ਮਤੇ ਰਾਹੀਂ 26 ਜਨਵਰੀ 2021 ਨੂੰ ਕਿਸਾਨਾਂ ਵੱਲੋਂ ਦਿੱਲੀ ਵਿਚ ਰੱਖੇ ਗਏ ਟਰੈਕਟਰ ਮਾਰਚ ਦੌਰਾਨ ਇਕ ਨੌਜੁਆਨ ਦੀ ਮੌਤ ਅਤੇ ਸੈਂਕੜਿਆਂ ’ਤੇ ਤਸ਼ੱਦਦ ਕਰਕੇ ਉਨ੍ਹਾਂ ਨੂੰ ਜ਼ੇਲ੍ਹਾਂ ਵਿਚ ਬੰਦ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ।

ਇਸ ਮਾਮਲੇ ਵਿਚ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਜ਼ੇਲ੍ਹਾਂ ਵਿਚ ਬੰਦ ਕਿਸਾਨਾਂ ਨੌਜੁਆਨਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਸਾਰੇ ਕੇਸ ਵਾਪਸ ਲੈਣ ਲਈ ਕਿਹਾ ਗਿਆ। ਪੀੜ੍ਹਤਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਅਤੇ ਇਸ ਘਟਨਾ ਸਬੰਧੀ ਸਰਕਾਰੀ ਏਜੰਸੀਆਂ ਦੀ ਸ਼ੱਕੀ ਭੂਮਿਕਾ ਦੀ ਵੀ ਜਾਂਚ ਮੰਗੀ ਗਈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਲਾਂਘੇ ਨੂੰ ਮੁੜ ਖੋਲ੍ਹਣ ਸਬੰਧੀ ਵੀ ਇਕ ਮਤਾ ਪਾਸ ਕੀਤਾ ਗਿਆ। ਇਸ ਵਿਚ ਕਿਹਾ ਗਿਆ ਕਿ ਕੋਰੋਨਾ ਕਾਰਨ ਵਕਤੀ ਤੌਰ ’ਤੇ ਬੰਦ ਕੀਤੇ ਗਏ ਲਾਂਘੇ ਨੂੰ ਨਾ ਖੋਲ੍ਹਣ ਕਾਰਨ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ।

ਹੁਣ ਜਦੋਂ ਵੱਖ-ਵੱਖ ਅਸਥਾਨ ਅਤੇ ਅਦਾਰੇ ਖੁੱਲ੍ਹ ਚੁੱਕੇ ਹਨ, ਤਾਂ ਇਸ ਤਹਿਤ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਬਿਨਾਂ ਦੇਰੀ ਖੋਲ੍ਹਿਆ ਜਾਵੇ। ਇਕ ਮਤੇ ਰਾਹੀਂ ਕੋਰੋਨਾ ਮਹਾਮਾਰੀ ਦੌਰਾਨ ਲੋੜਵੰਦਾਂ ਦੀ ਮੱਦਦ ਕਰਨ ਵਾਲੀਆਂ ਸਿੱਖ ਸੰਸਥਾਵਾਂ ਦੀ ਸ਼ਲਾਘਾ ਕੀਤੀ ਗਈ।

ਜਨਰਲ ਇਜਲਾਸ ਦੌਰਾਨ ਪਾਸ ਕੀਤੇ ਗਏ ਇਕ ਮਤੇ ਰਾਹੀਂ ਭਾਰਤ ਅੰਦਰ ਸਿੱਖਾਂ ਸਮੇਤ ਘੱਟਗਿਣਤੀਆਂ ਨੂੰ ਦਬਾਉਣ ਵਾਲੀਆਂ ਚਾਲਾਂ ਦੀ ਸਖ਼ਤ ਵਿਰੋਧਤਾ ਕੀਤੀ ਗਈ। ਕਿਹਾ ਗਿਆ ਕਿ ਭਾਰਤ ਇਕ ਬਹੁਧਰਮੀ, ਬਹੁਭਾਸ਼ਾਈ ਤੇ ਬਹੁਵਰਗੀ ਦੇਸ਼ ਹੈ।

ਇਸ ਦੀ ਅਜ਼ਾਦੀ ਵਿਚ ਹਰ ਧਰਮ ਦਾ ਵੱਡਾ ਯੋਗਦਾਨ ਰਿਹਾ, ਖ਼ਾਸਕਰ ਸਿੱਖ ਕੌਮ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਪਰੰਤੂ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਆਰਐਸਐਸ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਚਾਲਾਂ ਦੇ ਮੱਦੇਨਜ਼ਰ ਦੂਜੇ ਧਰਮਾਂ ਦੀ ਧਾਰਮਿਕ ਅਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ।

ਸਿੱਧੇ ਤੇ ਅਸਿੱਧੇ ਰੂਪ ਵਿਚ ਦਖ਼ਲਅੰਦਾਜ਼ੀ ਕਰਕੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮਤੇ ਰਾਹੀਂ ਭਾਰਤ ਸਰਕਾਰ ਨੂੰ ਵੀ ਸੁਚੇਤ ਕੀਤਾ ਗਿਆ ਕਿ ਉਹ ਆਰਐਸਐਸ ਵੱਲੋਂ ਆਰੰਭੀਆਂ ਕੋਸ਼ਿਸ਼ਾਂ ਨੂੰ ਲਾਗੂ ਕਰਨ ਲਈ ਤੱਤਪਰ ਹੋਣ ਦੀ ਥਾਂ ਹਰ ਧਰਮ ਦੇ ਅਧਿਕਾਰਾਂ ਅਤੇ ਧਾਰਮਿਕ ਅਜ਼ਾਦੀ ਨੂੰ ਸੁਰੱਖਿਅਤ ਬਣਾਉਣ ਲਈ ਕਾਰਜ ਕਰੇ। ਜਿਹੜੇ ਵੀ ਅਨਸਰ ਘੱਟਗਿਣਤੀਆਂ ਨੂੰ ਦਬਾਉਣ ਦਾ ਯਤਨ ਕਰਦੇ ਹਨ, ਉਨ੍ਹਾਂ ਨੂੰ ਨਕੇਲ ਪਾਈ ਜਾਵੇ।

ਇਕ ਹੋਰ ਮਤੇ ਰਾਹੀਂ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਮੌਕੇ ਭਾਰਤ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਣ ਵਾਲੇ ਜਥੇ ’ਤੇ ਰੋਕ ਲਗਾਉਣ ਦੀ ਸਖ਼ਤ ਨਿੰਦਾ ਕੀਤੀ ਗਈ। ਭਾਰਤ ਸਰਕਾਰ ਦੀ ਇਸ ਕਾਰਵਾਈ ਨੂੰ ਅੰਗਰੇਜ਼ਾਂ ਅਤੇ ਮੁਗਲਾਂ ਦੀ ਤਰਜ਼ ’ਤੇ ਕੀਤੀ ਗਈ ਕਾਰਵਾਈ ਕਰਾਰ ਦਿੰਦਿਆਂ ਕਿਹਾ ਗਿਆ ਕਿ ਕੇਂਦਰ ਸਰਕਾਰ ਇਸ ਦੀ ਸਿੱਖ ਜਗਤ ਤੋਂ ਮੁਆਫ਼ੀ ਮੰਗੇ।

ਜਨਰਲ ਇਜਲਾਸ ਦੌਰਾਨ ਪਾਸ ਕੀਤੇ ਗਏ ਇਕ ਮਤੇ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧ ਇਤਿਹਾਸਕ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ (ਉਤਰਾਂਚਲ), ਗੁਰਦੁਆਰਾ ਡਾਂਗਮਾਰ ਤੇ ਚੁੰਗਥਾਂਗ (ਸਿੱਕਮ), ਗੁਰਦੁਆਰਾ ਬਾਵਲੀ ਮੱਠ, ਮੰਗੂ ਮੱਠ ਤੇ ਪੰਜਾਬੀ ਮੱਠ (ਉੜੀਸਾ) ਦਾ ਪ੍ਰਬੰਧ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ ਗਈ।

ਕਿਹਾ ਗਿਆ ਕਿ ਇਹ ਸਿੱਖਾਂ ਦੇ ਬੇਹੱਦ ਪਾਵਨ ਅਸਥਾਨ ਹਨ, ਪਰੰਤੂ ਇਨ੍ਹਾਂ ਦੇ ਮਸਲੇ ਲੰਮੇ ਸਮੇਂ ਲੰਬਿਤ ਪਏ ਆ ਰਹੇ ਹਨ। ਇਜਲਾਸ ਨੇ ਮੰਗ ਕੀਤੀ ਕਿ ਇਨ੍ਹਾਂ ਗੁਰ-ਅਸਥਾਨਾਂ ਦੀ ਸੇਵਾ ਸੰਭਾਲ ਦਾ ਜ਼ੁੰਮਾ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇ।

ਅਮਰੀਕਾ ਦੇ ਸੂਬੇ ਕਨੈਕਟੀਕਟ ਵਿਚ ਸਿੱਖ ਧਰਮ ਦੀ ਪਛਾਣ ‘ਨਿਸ਼ਾਨ ਸਾਹਿਬ’ ਨੂੰ ਮਾਨਤਾ ਦਿੰਦਿਆਂ 11 ਮਾਰਚ ਨੂੰ ‘ਸਿੱਖ ਝੰਡਾ ਦਿਵਸ’ ਵਜੋਂ ਐਲਾਨ ਦੀ ਇਕ ਮਤੇ ਰਾਹੀਂ ਸ਼ਲਾਘਾ ਕੀਤੀ ਗਈ। ਇਸ ਵਿਚ ਕਿਹਾ ਗਿਆ ਕਿ ਨਿਸ਼ਾਨ ਸਾਹਿਬ ਸਿੱਖ ਕੌਮ ਦਾ ਅਹਿਮ ਚਿੰਨ੍ਹ ਹੈ, ਜਿਸ ਨੂੰ ਵਿਦੇਸ਼ਾਂ ਅੰਦਰ ਮਾਨਤਾ ਤੇ ਸਤਿਕਾਰ ਮਿਲਣਾ ਮਿਲਣਾ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਇਸ ਸਬੰਧ ਵਿਚ ਅਮਰੀਕਾ ਦੀ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ ਗਈ।

ਬਜਟ ਇਜਲਾਸ ਦੌਰਾਨ ਕੁਝ ਮੈਂਬਰਾਂ ਦੇ ਸੁਝਾਅ ’ਤੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ ਕੀਤਾ ਗਿਆ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਵਾਉਣ ਦੇ ਹੱਕ ਵਿਚ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।

ਇਸੇ ਦੌਰਾਨ ਸ. ਸੁਖਦੇਵ ਸਿੰਘ ਭੌਰ ਵੱਲੋਂ ਸਾਲ 2016 ਵਿਚ ਅੰਤ੍ਰਿੰਗ ਕਮੇਟੀ ਦੇ ਇਕ ਫੈਸਲੇ ਤਹਿਤ ਬਹਿਬਲ ਕਲਾਂ ਵਿਖੇ ਸ਼ਹੀਦ ਹੋਏ 2 ਸਿੱਖ ਨੌਜੁਆਨਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਭੇਜਣ ਦੀ ਮੰਗ ’ਤੇ ਫਰੀਦਕੋਟ ਹਲਕੇ ਤੋਂ ਮੈਂਬਰ ਬੀਬੀ ਗੁਰਿੰਦਰ ਕੌਰ ਨੇ ਕਿਹਾ ਕਿ ਇਹ ਸਹਾਇਤਾ ਸ਼੍ਰੋਮਣੀ ਕਮੇਟੀ ਵੱਲੋਂ ਉਹ ਖੁਦ ਦੇ ਕੇ ਆਏ ਹਨ।

ਸ਼੍ਰੋਮਣੀ ਕਮੇਟੀ ਮੈਂਬਰ ਸ. ਬਲਵਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਕਾਲਰਸ਼ਿਪ ਸ਼ੁਰੂ ਕਰਨ ਦੀ ਮੰਗ ’ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਵਿਚਾਰ ਕੀਤੀ ਜਾ ਰਹੀ ਹੈ ਅਤੇ ਫੈਸਲੇ ਲਿਆ ਜਾਵੇਗਾ।

ਇਸ ਤੋਂ ਇਲਾਵਾ ਬੀਤੇ ਸਮੇਂ ਅਕਾਲ ਚਲਾਣਾ ਕਰ ਗਈਆਂ ਸ਼ਖ਼ਸੀਅਤਾਂ ਨੂੰ ਸ਼ੋਕ ਮਤਿਆਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ। ਇਨ੍ਹਾਂ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ. ਬਿੱਕਰ ਸਿੰਘ ਚੰਨੂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸ. ਗੁਰਤੇਜ ਸਿੰਘ ਢੱਡੇ, ਸ. ਸੁਖਦਰਸ਼ਨ ਸਿੰਘ ਮਰਾੜ, ਸਾਬਕਾ ਮੈਂਬਰ ਸ. ਬੁੱਘਾ ਸਿੰਘ ਬਾਦਸ਼ਾਹਪੁਰ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਸ. ਭਰਪੂਰ ਸਿੰਘ ਰੌਣੀ, ਬਾਬਾ ਰਾਮ ਸਿੰਘ ਸੀਂਗੜਾ ਕਰਨਾਲ ਵਾਲੇ, ਬਾਬਾ ਮੋਹਨ ਸਿੰਘ ਭਿੰਡਰਾਂ ਕਲਾ ਟਕਸਾਲ ਵਾਲੇ, ਬਾਬਾ ਸੁਰਿੰਦਰਦਾਸ ਜੀ ਕੁਠਾਰਵਾਲੇ, ਕਿਸਾਨੀ ਸੰਘਰਸ਼ ਦੌਰਾਨ ਚਲਾਣਾ ਕਰ ਗਏ ਕਿਸਾਨਾਂ ਸਮੇਤ ਸ਼ਹੀਦ ਹੋਏ ਭਾਈ ਨਵਰੀਤ ਸਿੰਘ ਸ਼ਾਮਲ ਹਨ।

ਇਨ੍ਹਾਂ ਵਿਛੜੀਆਂ ਰੂਹਾਂ ਨੂੰ ਮੂਲਮੰਤਰ ਅਤੇ ਗੁਰਮੰਤਰ ਦੇ ਜਾਪ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION