ਕੀ ਪੰਜਾਬ ਵਿਧਾਨ ਸਭਾ ਚੋਣਾਂ ਅੱਗੇ ਪਾਈਆਂ ਜਾਣਗੀਆਂ?

ਯੈੱਸ ਪੰਜਾਬ
ਜਲੰਧਰ, 16 ਜਨਵਰੀ, 2022:
ਕੀ 14 ਫ਼ਰਵਰੀ ਲਈ ਨਿਰਧਾਰਿਤ ਪੰਜਾਬ ਵਿਧਾਨ ਸਭਾ ਚੋਣਾਂ ਅੱਗੇ ਪਾਈਆਂ ਜਾਣਗੀਆਂ? ਇਸ ਸਵਾਲ ਦਾ ਅੰਮਿ ਜਵਾਬ ਤਾਂ ਕੇਵਲ ਭਾਰਤ ਦੇ ਚੋਣ ਕਮਿਸ਼ਨ ਕੋਲ ਹੀ ਹੈ ਪਰ ਸੰਭਾਵਨਾ ਇਹ ਬਣ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਅੱਗੇ ਪਾਈਆਂ ਜਾ ਸਕਦੀਆਂ ਹਨ।

ਵਿਧਾਨ ਸਭਾ ਚੋਣਾਂ ਅੱਗੇ ਪਾਏ ਜਾਣ ਦਾ ਮਾਮਲਾ 16 ਫ਼ਰਵਰੀ ਨੂੂੰ ਆ ਰਹੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨਾਲ ਜੋੜ ਕੇ ਵੇਖ਼ਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 16 ਫ਼ਰਵਰੀ ਨੂੰ ਆ ਰਹੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਪੰਜਾਬ ਵਿੱਚੋਂ ਹਰ ਸਾਲ ਦੀ ਤਰ੍ਹਾਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਉੱਤਰ ਪ੍ਰਦੇਸ਼ ਵਿੱਚ ਬਨਾਰਸ ਲਈ ਜਾਂਦੇ ਹਨ। 16 ਫ਼ਰਵਰੀ ਨੂੰ ਮਨਾਏ ਜਾਂਦੇ ਇਸ ਸਮਾਗਮ ਲਈ ਦੋ ਤਿੰਨ ਦਿਨ ਪਹਿਲਾਂ ਹੀ ਸੰਗਤਾਂ ਪੰਜਾਬ ਵਿੱਚੋਂ ਜਾਣੀਆਂ ਸ਼ੁਰੂ ਹੁੰਦੀਆਂ ਹਨ ਅਤੇ ਵਾਪਸੀ ’ਤੇ ਵੀ ਸਮਾਂ ਲੱਗਦਾ ਹੈ।

ਚੋਣ ਕਮਿਸ਼ਨ ਵੱਲੌਂ ਪੰਜਾਬ ਵਿਧਾਨ ਸਭਾ ਦਾ ਚੋਣ ਪ੍ਰੋਗਰਾਮ ਜਾਰੀ ਕਰਨ ਅਤੇ ਇੱਥੇ 14 ਫ਼ਰਵਰੀ ਨੂੰ ਵੋਟਾਂ ਪਾਏ ਜਾਣ ਦੀ ਸੂਚਨਾ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਬਨਾਰਸ ਗਏ ਹੋਣ ਕਾਰਨ ਉਹ ਵੋਟਿੰਗ ਦੇ ਅਮਲ ਵਿੱਚ ਭਾਗ ਨਹੀਂ ਲੈ ਸਕਣਗੇ, ਜੋ ਸਹੀ ਨਹੀਂ ਹੋਵੇਗਾ। ਇਸ ਲਈ ਹੁਣ ਇਹ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਕਿ ਵੋਟਾਂ ਅੱਗੇ ਪਾਈਆਂ ਜਾਣ। ਇਹ ਕਿਹਾ ਜਾ ਰਿਹਾ ਹੈ ਕਿ ਜੇ ਵੋਟਾਂ ਦੀ ਤਾਰੀਖ਼ ਨਹੀਂ ਬਦਲੀ ਜਾਂਦੀ ਤਾਂ ਫ਼ਿਰ ਜਾਂ ਤਾਂ ਸ਼ਰਧਾਲੂ ਬਨਾਰਸ ਨਹੀਂ ਜਾ ਸਕਣਗੇ ਜਾਂ ਫ਼ਿਰ ਵੋਟ ਨਹੀਂ ਕਰ ਸਕਣਗੇ।

ਇਸ ਦੇ ਮੱਦੇਨਜ਼ਰ ਹੀ ਇਸ ਚੋਣ ਦਾ ਹਿੱਸਾ ਬਣ ਰਹੀਆਂ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਚੋਣਾਂ ਕੁਝ ਦਿਨਾਂ ਲਈ ਅੱਗੇ ਪਾਈਆਂ ਜਾਣ।

ਬਸਪਾ ਅਤੇ ਅਕਾਲੀ ਦਲ ਵੱਲੋਂ ਇਹ ਮੰਗ ਕੀਤੇ ਜਾਣ ਉਪਰੰਤ ਮੁੱਖ ਮੰਤਰੀ ਸ:ਚਰਨਜੀਤ ਸਿੰਘ ਚੰਨੀ ਵੱਲੋਂ ਵੀ ਇਸ ਸੰਬੰਧੀ ਇਕ ਪੱਤਰ ਚੋਣ ਕਮਿਸ਼ਨ ਨੂੰ ਲਿਖ਼ੇ ਜਾਣ ਦੀ ਖ਼ਬਰ ਹੈ। ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਵੀ ਚੋਣ ਕਮਿਸ਼ਨ ਨੂੰ ਪੱਤਰ ਲਿਖ਼ੇ ਕੇ ਉਕਤ ਕਾਰਨ ਦਾ ਹਵਾਲਾ ਦਿੰਦਿਆਂ ਚੋਣਾਂ ਅੱਗੇ ਪਾਏ ਜਾਣ ਦੀ ਮੰਗ ਰੱਖੀ ਹੈ। ਹੁਣ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ: ਸੁਖ਼ਦੇਵ ਸਿੰਘ ਢੀਂਡਸਾ ਨੇ ਵੀ ਇਹ ਮੰਗ ਕਰ ਦਿੱਤੀ ਹੈ।

ਇਸ ਤਰ੍ਹਾਂ ਇਹ ਸਾਹਮਣੇ ਆ ਰਿਹਾ ਹੈ ਕਿ ਚੋਣਾਂ ਲੜਨ ਜਾ ਰਹੀਆਂ ਵਧੇਰੇ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਸਾਹਮਣੇ ਇਹ ਮੰਗ ਰੱਖ ਦਿੱਤੀ ਹੈ।

ਚੋਣ ਕਮਿਸ਼ਨ ਲਈ ਇਹ ਤਕਨੀਕੀ ਅਤੇ ਅਮਲੀ ਤੌਰ ’ਤੇ ਕਿੰਨਾ ਕੁ ਵਿਹਾਰਕ ਅਤੇ ਸੰਭਵ ਹੋਵੇਗਾ ਇਹ ਆਉਂਦੇ ਕੁਝ ਹੀ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਕਿਉਂਕਿ ਚੋਣ ਕਮਿਸ਼ਨ ਨੂੰ ਇਸ ਮੰਗ ’ਤੇ ਵਿਚਾਰ ਕਰਕੇ ਜਾਂ ਤਾਂ ਚੋਣਾਂ ਅੱਗੇ ਪਾਉਣ ਸੰਬੰਧੀ ਫ਼ੈਸਲਾ ਲੈਣਾ ਪਵੇਗਾ ਜਾਂ ਫ਼ਿਰ ਇਸ ਮੰਗ ਨੂੰ ਨਾ ਮੰਨਣ ਦਾ ਕੋਈ ਠੋਸ ਕਾਰਨ ਦੇਣਾ ਪਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ