ਯੈੱਸ ਪੰਜਾਬ
ਚੰਡੀਗੜ, 6 ਮਾਰਚ, 2021:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਆਖਿਆ ਹੈ ਕਿ ਸ਼ਾਕਿਆ ਸਮਾਜ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਸਮਾਜ ਦੀਆਂ ਮੰਗਾਂ ਪੰਜਾਬ ਸਰਕਾਰ ਰਾਹੀਂ ਪੂਰੀਆਂ ਕੀਤੀਆਂ ਜਾਣਗੀਆਂ।
ਉਨਾਂ ਇਹ ਗੱਲ ਸ਼ਾਕਿਆ ਸਮਾਜ ਦੇ ਇਕ ਵਫਦ ਨਾਲ ਮੁਲਾਕਾਤ ਤੋਂ ਬਾਅਦ ਵਫਦ ਨੂੰ ਭਰੋਸਾ ਦਿੰਦਿਆਂ ਕਹੀ। ਇਹ ਵਫਦ ਸਮਾਜ ਦੀਆਂ ਵੱਖ ਵੱਖ ਮੰਗਾਂ ਸਬੰਧੀ ਅੱਜ ਇੱਥੇ ਸੂੁਬਾ ਕਾਂਗਰਸ ਪ੍ਰਧਾਨ ਨੂੰ ਮਿਲਿਆ ਸੀ।
ਸੂਬਾ ਕਾਂਗਰਸ ਪ੍ਰਧਾਨ ਨੂੰ ਮਿਲਣ ਪੁੱਜੇ ਵਫਦ ਵਿਚ ਮਾਸਟਰ ਰਾਮ ਚੰਦ, ਸਤਿਆਵਾਨ ਸ਼ਾਕਿਆ ਐਮ.ਸੀ., ਗੋਪੀ ਰਾਮ ਸਰਪੰਚ, ਰਾਜ ਕੁਮਾਰ, ਪ੍ਰਦੀਪ ਸਿੰਘ, ਆਸੀਸ ਕੁਮਾਰ ਆਦਿ ਸ਼ਾਮਿਲ ਸਨ।
ਵਫਦ ਵੱਲੋਂ ਬੁੱਧ ਜਯੰਤੀ ਮੌਕੇ ਮਿਤੀ 26 ਮਈ 2021 ਨੂੰ ਸਰਕਾਰੀ ਛੁੱਟੀ ਘੋਸਿਤ ਕਰਨ, ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿਚ ਮਹਾਤਮਾ ਬੁੱਧ ਦੇ ਨਾਂਅ ਤੇ ਚੇਅਰ ਸਥਾਪਿਤ ਕਰਨ, ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀਆਂ ਵਿਚ ਸ਼ਾਕਿਆ ਸਮਾਜ ਦੇ ਲੋਕਾਂ ਨੂੰ ਨੁੰਮਾਇੰਦਗੀ ਦੇਣ ਅਤੇ ਕਾਂਗਰਸ ਪਾਰਟੀ ਵਿਚ ਸ਼ਾਕਿਆ ਸਮਾਜ ਨੂੰ ਪ੍ਰਤਿਨਿਧਤਾ ਦੇਣ ਦੀ ਮੰਗ ਰੱਖੀ ਗਈ।
ਇਸ ਤੇ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਪੱਧਰ ਤੇ ਉਹ ਖੁਦ ਯਕੀਨੀ ਬਣਾਉਣਗੇ ਕਿ ਸਮਾਜ ਦੇ ਲੋਕਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਜਦ ਕਿ ਸਰਕਾਰ ਦੇ ਪੱਧਰ ਤੇ ਹੱਲ ਹੋਣ ਵਾਲੀਆਂ ਮੰਗਾਂ ਸਬੰਧੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਸਮਾਜ ਦੀਆਂ ਮੰਗਾਂ ਪੂਰੀਆ ਕਰਵਾਉਣਗੇ।