Wednesday, September 18, 2024
spot_img
spot_img
spot_img

ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚ ਪੋਸ਼ਣ ਨੂੰ ਹੁਲਾਰਾ ਦੇਣ ਲਈ ‘ਕਿਚਨ ਗ੍ਰੀਨਜ਼’ ਪਹਿਲਕਦਮੀ ਦੀ ਸ਼ੁਰੂਆਤ: ਡਾ ਬਲਜੀਤ ਕੌਰ

ਯੈੱਸ ਪੰਜਾਬ
ਚੰਡੀਗੜ੍ਹ, 12 ਸਤੰਬਰ, 2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਲਗਤਾਰ ਕਦਮ ਉਠਾ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ‘’ਕਿਚਨ ਗਰੀਨਜ਼” ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਔਰਤਾਂ ਅਤੇ ਬੱਚਿਆਂ ਦੀ ਤੰਦਰੁਸਤ ਸਿਹਤ ਅਤੇ ਭਲਾਈ ਨੂੰ ਯਕੀਨੀ ਬਣਾਉਣਾ ਹੈ। ਇਸ ਨਵੀਂ ਪਹਿਲਕਦਮੀ ਤਹਿਤ ਸਾਰੇ ਆਂਗਣਵਾੜੀ ਕੇਂਦਰਾਂ ਵਿਖੇ ਔਸ਼ਧੀ ਅਤੇ ਪੌਸ਼ਟਿਕ ਗੁਣਾ ਵਾਲੇ ਪੌਦਿਆਂ ਲਗਾਏ ਜਾਣਗੇ ਜੋ ਇਨ੍ਹਾਂ ਕੇਂਦਰਾਂ ਨੂੰ ਪੌਸ਼ਟਿਕਤਾ ਦਾ ਕੇਂਦਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਕਿਚਨ ਗ੍ਰੀਨ ਪੋਸ਼ਨ ਵਾਟਿਕਾ ਪਹਿਲਕਦਮੀ ਸੂਬੇ ਵਿੱਚ ਮਹਿਲਾਵਾਂ ਅਤੇ ਬੱਚਿਆਂ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਦੂਰ ਕਰਦਿਆਂ ਉਨ੍ਹਾਂ ਦੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਮਹੱਤਵਪੂਰਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਔਸ਼ਧੀ ਗੁਣਾਂ ਨਾਲ ਭਰਪੂਰ ਇਨ੍ਹਾਂ ਜੜੀ-ਬੂਟੀਆਂ ਅਤੇ ਪੌਦਿਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਨਾਲ ਨਾ ਸਿਰਫ਼ ਕੁਪੋਸ਼ਣ ਦੀ ਸਮੱਸਿਆ ਹੱਲ ਹੋਵੇਗੀ ਸਗੋਂ ਇਹ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਵੀ ਪ੍ਰੇਰਿਤ ਕਰੇਗਾ।

ਡਾ. ਬਲਜੀਤ ਕੌਰ ਨੇ ਦੱਸਿਆ ਕਿ “ਕਿਚਨ ਗ੍ਰੀਨਜ਼” ਪਹਿਲਕਦਮੀ ਤਹਿਤ ਵੱਖ-ਵੱਖ ਪੌਸ਼ਟਿਕ ਤੱਤਾਂ ਅਤੇ ਔਸ਼ਧੀ ਗੁਣਾ ਨਾਲ ਭਰਪੂਰ ਜੜੀ-ਬੂਟੀਆਂ ਜਿਵੇਂ ਕਿ ਮੋਰਿੰਗਾ, ਐਲੋਵੇਰਾ, ਅਸ਼ਵਗੰਧਾ, ਮੇਥੀ, ਨਿੰਮ, ਲੈਮਨ ਗਰਾਸ, ਬ੍ਰਹਮੀ, ਹਲਦੀ, ਆਂਵਲਾ, ਤੁਲਸੀ ਅਤੇ ਪੁਦੀਨਾ ਉਗਾਉਣ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹਨਾਂ ਪੌਦਿਆਂ ਨੂੰ ਇਨ੍ਹਾਂ ਦੇ ਬੇਮਿਸਾਲ ਔਸ਼ਧੀ ਅਤੇ ਪੌਸ਼ਟੀ ਗੁਣਾਂ ਕਰਕੇ ਚੁਣਿਆ ਗਿਆ ਹੈ ਜੋ ਵੱਡੇ ਪੱਧਰ ‘ਤੇ ਬੱਚਿਆਂ, ਮਹਿਲਾਵਾਂ ਅਤੇ ਹੋਰਨਾਂ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਲਾਹੇਵੰਦ ਸਿੱਧ ਹੋਣਗੇ। ਇਸ ਤੋਂ ਇਲਾਵਾ ਸਥਾਨਕ ਲੋਕਾਂ ਨੂੰ ਵੀ ਇਨ੍ਹਾਂ ਪੌਦਿਆਂ ਦੇ ਪੌਸ਼ਟਿਕ ਗੁਣਾਂ ਦਾ ਲਾਭ ਉਠਾਉਣ ਲਈ ਘਰ ਵਿੱਚ ਹੀ ਇਨ੍ਹਾਂ ਪੌਦਿਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਸ ਪਹਿਲਕਦਮੀ ਨੂੰ ਪੰਜਾਬ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਵਿੱਚ ਲਾਗੂ ਕੀਤਾ ਜਾਵੇਗਾ ਤਾਂ ਜੋ ਹਰੇਕ ਭਾਈਚਾਰੇ ਨੂੰ ਇਸਦਾ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਹਰੇਕ ਪੌਦੇ ਨੂੰ ਉਸਦੇ ਉੱਚ ਪੌਸ਼ਟਿਕ ਮੁੱਲ ਅਤੇ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਚੁਣਿਆ ਗਿਆ ਹੈ।

ਉਦਾਹਰਨ ਲਈ ਮੋਰਿੰਗਾ (ਸੁਹਾਂਜਣ) ਦਾ ਬੂਟਾ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਦਾ ਵੱਡਾ ਸਰੋਤ ਹੈ ਜੋ ਕੁਪੋਸ਼ਿਤ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਬੇਹੱਦ ਫਾਇਦੇਮੰਦ ਹੈ। ਮੇਥੀ ਅਤੇ ਆਂਵਲਾ ਵਰਗੇ ਹੋਰ ਪੌਦੇ ਕ੍ਰਮਵਾਰ ਆਇਰਨ ਅਤੇ ਵਿਟਾਮਿਨ ਸੀ ਵਰਗੇ ਲੋੜੀਂਦੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਟਿਕਾਊ ਖੇਤੀ ਅਭਿਆਸਾਂ, ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਵਾਤਾਵਰਣ ਪ੍ਰਤੀ ਚੇਤਨਾ ਅਤੇ ਵਾਤਾਵਰਣ ਪੱਖੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰੇਗਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਬਗੀਚਿਆਂ (ਕਿਚਨ ਗਾਰਡਨਸ) ਨੂੰ ਲਾਉਣ ਅਤੇ ਇਸਦੇ ਰੱਖ-ਰਖਾਅ ਲਈ ਸਥਾਨਕ ਭਾਈਚਾਰਿਆਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ “ਕਿਚਨ ਗ੍ਰੀਨਜ਼” ਪਹਿਲਕਦਮੀ ਮਹਿਲਾਵਾਂ ਅਤੇ ਬੱਚਿਆਂ ਨੂੰ ਇਨ੍ਹਾਂ ਪੌਦਿਆਂ ਦੇ ਸਿਹਤ ਪ੍ਰਤੀ ਲਾਭ ਅਤੇ ਰੋਜ਼ਾਨਾ ਖੁਰਾਕ ਵਿੱਚ ਇਨ੍ਹਾਂ ਨੂੰ ਕਿਵੇਂ ਸ਼ਾਮਲ ਕਰਨਾ ਹੈ, ਬਾਰੇ ਜਾਗਰੂਕ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗੀ।

ਉਨ੍ਹਾਂ ਦੱਸਿਆ ਕਿ ਵਿਭਾਗ, ਇਸ ਪਹਿਲਕਦਮੀ ਨੂੰ ਸਫ਼ਲ ਬਣਾਉਣ ਲਈ ਵਚਨਬੱਧ ਹੈ ਅਤੇ ਇਸਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰੇਗਾ। “ਕਿਚਨ ਗ੍ਰੀਨਜ਼” ਪਹਿਲਕਦਮੀ ਪੋਸ਼ਣ ਅਭਿਆਨ ਦੇ ਵਿਆਪਕ ਉਦੇਸ਼ਾਂ ਨਾਲ ਮੇਲ ਖਾਂਦੀ ਹੈ, ਜੋ ਪੰਜਾਬ ਦੇ ਲੋਕਾਂ ਦੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ