ਯੈੱਸ ਪੰਜਾਬ
ਐਸ.ਏ.ਐਸ ਨਗਰ, 25 ਅਗਸਤ, 2024
ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਪੀਆਈਐਸ ਮੋਹਾਲੀ ਨੂੰ 2-0 ਨਾਲ ਹਰਾ ਕੇ ਪੰਜਾਬ ਹਾਕੀ ਲੀਗ (ਪੀ ਐਚ ਐਲ) 2024 ਵਿੱਚ ਛੇਵੀਂ ਜਿੱਤ ਹਾਸਲ ਕਰਦੇ ਹੋਏ ਆਪਣੇ ਖਾਤੇ ਵਿੱਚ 17 ਅੰਕ ਹਾਸਲ ਕਰ ਲਏ ਹਨ ਅਤੇ ਪੰਜਾਬ ਹਾਕੀ ਲੀਗ ਵਿੱਚ ਦੂਜੇ ਨੰਬਰ ਤੇ ਚਲ ਰਹੀ ਹੈ। ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਕਰਵਾਏ ਗਏ ਮੈਚ ਵਿੱਚ ਸੁਰਜੀਤ ਹਾਕੀ ਅਕੈਡਮੀ ਦੇ ਸਹਿਜਪ੍ਰੀਤ ਸਿੰਘ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
ਸੁਰਜੀਤ ਹਾਕੀ ਅਕੈਡਮੀ ਨੇ ਮੈਚ ਦੇ ਸ਼ੁਰੂ ਤੋਂ ਹੀ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 11ਵੇਂ ਮਿੰਟ ਵਿੱਚ ਸੁਰਜੀਤ ਅਕੈਡਮੀ ਦੇ ਕੁਸ਼ਲ ਸ਼ਰਮਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਅੱਧੇ ਸਮੇਂ ਤੱਕ ਸੁਰਜੀਤ ਅਕੈਡਮੀ 1-0 ਨਾਲ ਅੱਗੇ ਸੀ।ਮੋਹਾਲੀ ਨੇ ਲਗਾਤਾਰ ਦੋ ਪੈਨਲਟੀ ਕਾਰਨਰ ਰਾਹੀਂ ਗੋਲ ਕਰਨ ਦੇ ਮੌਕੇ ਗਵਾਏ। ਖੇਡ ਦੇ 48ਵੇਂ ਮਿੰਟ ਵਿੱਚ ਸੁਰਜੀਤ ਅਕੈਡਮੀ ਦੇ ਅਜੇਪਾਲ ਸਿੰਘ ਨੇ ਬੇਹਤਰੀਨ ਗੋਲ ਕਰਕੇ ਸਕੋਰ 2-0 ਕਰਕੇ ਮੈਚ ਜਿੱਤ ਲਿਆ।
ਅੱਜ ਦੇ ਮੈਚਾਂ ਦਾ ਮੁੱਖ ਮਹਿਮਾਨ ਨਵਦੀਪ ਗਿੱਲ (ਖੇਡ ਲੇਖਕ) ਪੀਆਰਓ ਪੰਜਾਬ ਸਰਕਾਰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।ਇਸ ਮੌਕੇ ਤੇ ਉਲੰਪੀਅਨ ਰਜਿੰਦਰ ਸਿੰਘ, ਅਸ਼ਫਾਕ ਉਲਾ ਖਾਨ, ਕੁਲਬੀਰ ਸਿੰਘ ਮੈਂਬਰ ਹਾਕੀ ਪੰਜਾਬ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਕਰਨਦੀਪ ਸੰਧੂ, ਅਵਤਾਰ ਸਿੰਘ ਅਤੇ ਹੋਰ ਹਾਕੀ ਪ੍ਰੇਮੀ ਹਾਜ਼ਰ ਸਨ।