ਯੈੱਸ ਪੰਜਾਬ
ਫ਼ਾਜ਼ਿਲਕਾ, 11 ਅਗਸਤ, 2024
ਜਲਾਲਾਬਾਦ ਦੇ ਇੱਕ ਵਿਅਕਤੀ ਨੂੰ ਉਸਦਾ ਇਤਰਾਜ਼ਯੋਗ ਵੀਡੀਉ ਬਣਾ ਕੇ ਬਲੈਕਮੇਲ ਕਰਨ ਵਾਲੇ ਇੱਕ 10 ਮੈਂਬਰੀ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਇਸਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਤੋਂ ਬਲੈਕਮੇਲ ਕਰਕੇ ਲਏ ਗਏ 5 ਲੱਖ ਰੁਪਏ ਨਕਦ, 15 ਲੱਖ ਰੁਪਏ ਦੇ ਦੋ ਚੈੱਕ ਅਤੇ ਇੱਕ ਟੋਇਟਾ ਕੋਰੋਲਾ ਕਾਰ ਬਰਾਮਦ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਜੋਤਮ ਕੌਰ ਨਾਂਅ ਦੀ ਇੱਕ ਔਰਤ ਨੇ ਜਲਾਲਾਬਾਦ ਦੇ ਇੱਕ ਵਿਅਕਤੀ ਸੁਰਿੰਦਰ ਕੁਮਾਰ ਨੂੰ ਫ਼ੋਨ ਕਰਕੇ ਬੁਲਾਇਆ ਅਤੇ ਉਸਨੂੰ ਕਥਿਤ ਤੌਰ ’ਤੇ ਕੁਝ ਖੁਆ ਪਿਆ ਕੇ ਉਸਦੀ ਇਤਰਾਜ਼ਯੋਗ ਵੀਡੀਉ ਬਣਾ ਲਈ ਜਿਸ ਮਗਰੋਂ ਉਸਤੋਂ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ।
ਇਸ ਮਾਮਲੇ ਵਿੱਚ ਫ਼ਾਜ਼ਿਲਕਾ ਪੁਲਿਸ ਦਾ ਹੀ ਇਕ ਮੁਲਾਜ਼ਮ ਅਮਨਦੀਪ ਸਿੰਘ ਵੀ ਸ਼ਾਮਲ ਰਿਹਾ ਜਿਹੜਾ ਸੁਰਿੰਦਰ ਕੁਮਾਰ ਨਾਲ ਦੋਸ਼ੀਆਂ ਵੱਲੋਂ ਸੌਦਾ ਮਾਰਦਾ ਰਿਹਾ। ਉਸਨੇ 50 ਲੱਖ ਰੁਪਏ ਦੀ ਮੰਗ ਕੀਤੀ ਅਤੇ 20 ਲੱਖ ’ਤੇ ਸੌਦਾ ਹੋਇਆ। ਇਸੇ ਆਧਾਰ ’ਤੇ ਪੀੜਤ ਵਿਅਕਤੀ ਨੇ ਅਮਨਦੀਪ ਸਿੰਘ ਅਤੇ ਗਿਰੋਹ ਦੇ ਔਰਤਾਂ ਸਮੇਤ ਹੋਰ ਮੈਂਬਰਾਂ ਨੂੰ, ਜੋ ਉਸ ਪਾਸੋਂ ਰਕਮ ਵਸੂਲਣ ਲਈ ਖ਼ੁਦ ਮਖ਼ੂ ਪਹੁੰਚੇ ਸਨ, 5 ਲੱਖ ਰੁਪਏ ਨਕਦ ਅਤੇ 15 ਲੱਖ ਰੁਪਏ ਦੇ ਦੋ ਚੈੱਕ ਦੇ ਦਿੱਤੇ।
ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਪਹਿਲਾਂ ਹੀ ਦਿੱਤੀ ਗਈ ਸੀ ਜਿਸ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪੈਸੇ ਲੈਣ ਵਾਲੇ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਧਿਕਾਰੀਆਂ ਅਨੁਸਾਰ ਇਹ ਮਾਮਲਾ ਸਿਟੀ ਐੱਸ.ਐੱਚ.ਉ. ਨਰੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਸੰਭਾਲਿਆ।
ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿੱਚ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਤੋਂ ਇਲਾਵਾ ਜੋਤਮ ਕੌਰ, ਜਸਵਿੰਦਰ ਕੌਰ, ਸੁਨੀਤਾ ਕੌਰ, ਕ੍ਰਿਸ਼ਨਾ ਰਾਣੀ, ਛਿੰਦੋ ਬਾਈ, ਅੰਗਰੇਜ਼ ਸਿੰਘ, ਸੁਖ਼ਚੈਨ ਸਿੰਘ, ਰਵਿੰਦਰ ਸਿੰਘ, ਹਰਮੰਦਰ ਸਿੰਘ ਆਦਿ ਸ਼ਾਮਲ ਹਨ। ਮੁੱਖ ਦੋਸ਼ੀ ਲੁਧਿਆਣੇ ਦੇ ਅਤੇ ਬਾਕੀ ਫ਼ਾਜ਼ਿਲਕਾ ਵਿੱਚ ਹੀਰੈਵਾਲਾ, ਮੱਖੂ ਅਤੇ ਕੀੜਿਆਂਵਾਲੀ ਦੇ ਦੱਸੇ ਜਾਂਦੇ ਹਨ।