Sunday, October 27, 2024
spot_img
spot_img
spot_img

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਹਰ ਸਾਲ ’ਸ਼੍ਰੋਮਣੀ ਕੀਰਤਨੀਏ’ ਐਵਾਰਡ ਦੇਣ ਦਾ ਐਲਾਨ

ਯੈੱਸ ਪੰਜਾਬ
ਨਵੀਂ ਦਿੱਲੀ, 25 ਅਕਤੂਬਰ, 2024

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਾਂ ’ਤੇ ਆਧਾਰਿਤ ਗੁਰਬਾਣੀ ਦੀ ਸੰਭਾਲ ਦੇ ਮਾਮਲੇ ਵਿਚ ਇਕ ਅਹਿਮ ਫੈਸਲਾ ਲੈਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਾਂ ਦੇ ਆਧਾਰ ’ਤੇ ਕੀਰਤਨ ਕਰਨ ਵਾਲੇ ਕੀਰਤਨੀਆਂ ਨੂੰ ’ਸ਼੍ਰੋਮਣੀ ਕੀਰਤਨੀਏ’ ਦਾ ਐਵਾਰਡ ਦਿੱਤਾ ਜਾਵੇਗਾ ਜਿਸ ਵਿਚ 11 ਲੱਖ ਰੁਪਏ ਦੀ ਰਾਸ਼ੀ ਹੋਵੇਗੀ ਅਤੇ ਨਾਲ ਹੀ ਪੰਜ ਹੋਰ ਕੀਰਤਨੀਆਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ ਜਿਹਨਾਂ ਨੂੰ 51-51 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਇਥੇ ਇਕ ਪ੍ਰੈਸ ਕਾਨਫਰੰਸ ਵਿਚ ਇਹ ਐਲਾਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਉਹਨਾਂ ਨੇ ਦੁਨੀਆਂ ਭਰ ਵਿਚ ਕੀਰਤਨ ਦੀ ਸੇਵਾ ਨਿਭਾ ਰਹੇ ਕੀਰਤਨੀਆਂ ਦੇ ਅੰਕੜੇ ਇਕੱਤਰ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਵਾਸਤੇ ਇਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸਦੇ ਕੋਆਰਡੀਨੇਟਰ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਹੋਣਗੇ ਤੇ ਇਸ ਕਮੇਟੀ ਵਿਚ ਸਿੰਘ ਬੰਧੂ ਸੁਰਿੰਦਰ ਸਿੰਘ, ਡਾ. ਜਗੀਰ ਸਿੰਘ, ਡਾ. ਕੁਲਤਾਰ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਬਲਦੀਪ ਸਿੰਘ, ਪ੍ਰਿੰਸੀਪਲ ਸੁਖਵੰਤ ਸਿੰਘ, ਭਾਈ ਮਨੋਹਰ ਸਿੰਘ, ਪ੍ਰੋ. ਦਲਬੀਰ ਸਿੰਘ, ਭਾਈ ਮਨਿੰਦਰ ਸਿੰਘ, ਡਾ. ਗੁਰਿੰਦਰ ਸਿੰਘ ਅਤੇ ਡਾ. ਗੁਰਨਾਮ ਸਿੰਘ ਸ਼ਾਮਲ ਹੋਣਗੇ।

ਉਹਨਾਂ ਦੱਸਿਆ ਕਿ ਇਹ ਕਮੇਟੀ ਹਰ ਸਾਲ ’ਸ਼੍ਰੋਮਣੀ ਕੀਰਤਨੀਏ’ ਦੇ ਐਵਾਰਡ ਲਈ ਸਿਫਾਰਸ਼ ਕਰੇਗੀ ਤੇ ਸਮੁੱਚੀ ਦੁਨੀਆਂ ਵਿਚ ਰਾਗਾਂ ’ਤੇ ਆਧਾਰਿਤ ਕੀਰਤਨ ਕਰਨ ਵਾਲੇ ਕੀਰਤਨੀ ਸਿੰਘਾਂ ਦੇ ਵੇਰਵੇ ਇਕੱਤਰ ਕਰੇਗੀ ਜਿਸਦੀ ਇਕ ਕੌਫੀ ਟੇਬਲ ਬੁੱਕ ਵੀ ਪ੍ਰਕਾਸ਼ਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਜੋਕੇ ਦੌਰ ਵਿਚ ਵੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਕੀਰਤਨੀ ਸਿੰਘ ਰਾਗਾਂ ’ਤੇ ਆਧਾਰਿਤ ਕੀਰਤਨ ਨਾ ਕਰ ਕੇ ਸਗੋਂ ਹੋਰ ਧੁਨਾਂ ਮੁਤਾਬਕ ਕੀਰਤਨ ਕਰ ਰਹੇ ਹਨ ਜਿਸਦਾ ਵਪਾਰੀਕਰਨ ਵੀ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਲਈ ਸਮੇਂ ਦੀ ਵੱਡੀ ਜ਼ਰੂਰਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗਾਂ ’ਤੇ ਆਧਾਰਿਤ ਗੁਰਬਾਣੀ ਦੇ ਕੀਰਤਨ ਦੀ ਸੰਭਾਲ ਕੀਤੀ ਜਾਵੇ ਤਾਂ ਜੋ ਨੌਜਵਾਨ ਪੀੜੀ ਨੂੰ ਵੀ ਇਸ ਗੁਰਸਿੱਖੀ ਪਰੰਪਰਾ ਤੋਂ ਜਾਣੂ ਕਰਵਾਇਆ ਜਾ ਸਕੇ।

ਇਸ ਮੌਕੇ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਕਮੇਟੀ ਵੱਲੋਂ ਰਾਗੀ ਦਰਬਾਰ ਦੀ ਸ਼ੁਰੂਆਤ ਗੁਰਦੁਆਰਾ ਬੰਗਲਾ ਸਾਹਿਬ ਤੋਂ ਕੀਤੀ ਗਈ ਹੈ ਤੇ ਹਰ ਮਹੀਨੇ ਇਹ ਰਾਗੀ ਦਰਬਾਰ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਸਿਰਫ ਗੁਰਪੁਰਬ ਸਮਾਗਮ ਹੀ ਨਹੀਂ ਬਲਕਿ ਦਿੱਲੀ ਕਮੇਟੀ ਦੇ ਸਮੂਹ ਸਮਾਗਮਾਂ ਦੇ ਨਾਲ-ਨਾਲ ਸਿੰਘ ਸਭਾਵਾਂ ਵੱਲੋਂ ਕਰਵਾਏ ਜਾਂਦੇ ਕੀਰਤਨ ਦਰਬਾਰ ਪ੍ਰੋਗਰਾਮਾਂ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗ ਆਧਾਰਿਤ ਗੁਰਬਾਣੀ ਦੇ ਕੀਰਤਨ ਨੂੰ ਯਕੀਨੀ ਬਣਾਇਆ ਜਾਵੇਗਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ