ਯੈੱਸ ਪੰਜਾਬ
ਨਵੀਂ ਦਿੱਲੀ, 26 ਨਵੰਬਰ, 2020 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਂਗਰੀ ਤੇ ਹੋਰ ਸਟਾਫ਼ ਨੂੰ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਵਿਚ ਸੇਵਾਵਾਂ ਨਿਭਾਉਣ ਲਈ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਵੱਲੋਂ ਸਨਮਾਨਿਤ ਕੀਤਾ ਗਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਣ ਲੱਗੇ ਲਾਕਡਾਊਨ ਦੌਰਾਨ ਦਿੱਲੀ ਕਮੇਟੀ ਵੱਲੋਂ ਲੰਗਰ ਸੇਵਾ ਨਿਰੰਤਰ ਜਾਰੀ ਰਹੀ ਅਤੇ ਤਕਰੀਬਨ 1 ਲੱਖ ਲੋਕਾਂ ਲਈ ਲੰਗਰ ਪਕ ਕੇ ਜਾਂਦਾ ਰਿਹਾ।
ਇਸ ਸਮੇਂ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਜਿਨ੍ਹਾਂ ਲਾਂਗਰੀ ਮੈਨੇਜਮੈਂਟ ਸਟਾਫ਼ ਜਾਂ ਹੋਰ ਸਟਾਫ਼ ਮੈਂਬਰਾਂ ਵੱਲੋਂ ਆਪਣੀਆਂ ਸੇਵਾਵਾਂ ਨੂੰ ਬਖੂਬੀ ਨਿਭਾਇਆ ਗਿਆ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਗੁ. ਬੰਗਲਾ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਸੈਨੀ, ਰਣਜੀਤ ਸਿੰਘ, ਲੰਗਰ ਦੇ ਮੀਤ ਮੈਨੇਜਰ ਹਰਭੇਜ ਸਿੰਘ ਭੇਜਾ ਸਮੇਤ ਲੰਗਰ ਦੀ ਪੂਰੀ ਟੀਮ ਨੂੰ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਮੁਖੀ ਜਤਿੰਦਰ ਪਾਲ ਸਿੰਘ ਗੋਲਡੀ ਅਤੇ ਗੁ. ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਗਿਆਨੀ ਰਣਜੀਤ ਸਿੰਘ ਨੂੰ ਇੱਕ ਨਿਜੀ ਚੈਨਲ ਵੱਲੋਂ ਸਨਮਾਨ ਵੱਜੋਂ ਮਿਲੀ ਰਾਸ਼ੀ ਨੂੰ ਵੀ ਉਨ੍ਹਾਂ ਨੇ ਸਟਾਫ਼ ਨੂੰ ਵੰਡ ਦਿੱਤਾ।
ਸ. ਪਰਮਜੀਤ ਸਿੰਘ ਚੰਢੋਕ ਨੇ ਕਿਹਾ ਕਿ ਇਸ ਨਾਲ ਸਟਾਫ਼ ਨੂੰ ਹੋਰ ਹੱਲਾ ਸ਼ੇਰੀ ਮਿਲੇਗੀ ਅਤੇ ਉਹ ਹੋਰ ਵੱਧ ਚੜ੍ਹ ਕੇ ਸੇਵਾਵਾਂ ਨਿਭਾਉਣਗੇ।