Monday, July 8, 2024
spot_img
spot_img
spot_img
spot_img

DSGMC ਵੱਲੋਂ ਐਮ ਪੀ ਸਰਬਜੀਤ ਸਿੰਘ ਖਾਲਸਾ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸਾਥੀਆਂ ਦਾ ਸਨਮਾਨ

ਯੈੱਸ ਪੰਜਾਬ
ਨਵੀਂ ਦਿੱਲੀ, 5 ਜੁਲਾਈ, 2024

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਫਰੀਦਕੋਟ ਦੇ ਐਮ ਪੀ ਭਾਈ ਸਰਬਜੀਤ ਸਿੰਘ ਖਾਲਸਾ, ਖਡੂਰ ਸਾਹਿਬ ਤੋਂ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਤੇ ਸਾਥੀਆਂ ਦਾ ਸਨਮਾਨ ਕੀਤਾ ਗਿਆ।

ਗੁਰਦੁਆਰਾ ਬੰਗਲਾ ਸਾਹਿਬ ਵਿਚ ਨਤਮਸਤਕ ਹੋਣ ਆਏ ਇਸ ਜੱਥੇ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ, ਸਰਬਜੀਤ ਸਿੰਘ ਖਾਲਸਾ ਦੇ ਸਾਥੀ ਗੁਰਸੇਵਕ ਸਿੰਘ ਜਵਾਹਰਸਿੰਘ ਵਾਲਾ ਵੀ ਸ਼ਾਮਲ ਸਨ।

ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦਾ ਪ੍ਰਸ਼ਾਦ ਅਤੇ ਸਿਰੋਪਾਓ ਭਾਈ ਅੰਮ੍ਰਿਤਪਾਲ ਸਿੰਘ ਲਈ ਭੇਂਟ ਕੀਤੇ। ਉਹਨਾਂ ਨੇ ਸਮੁੱਚੇ ਜੱਥੇ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ।

ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਖਡੂਰ ਸਾਹਿਬ ਤੇ ਫਰੀਦਕੋਟ ਦੀ ਸੰਗਤ ਵੱਲੋਂ ਫਤਿਹ ਬਖਸ਼ਿਸ਼ ਕਰਨ ਤੋਂ ਬਾਅਦ ਇਹ ਜੱਥਾ ਇਥੇ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਇਆ ਹੈ। ਉਹਨਾਂ ਨੇ ਕੌਮ ਦੀ ਚੜ੍ਹਦੀਕਲਾ ਦੀ ਵੀ ਅਰਦਾਸ ਕੀਤੀ।

ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਜਿੱਤ ਸਮੁੱਚੇ ਪੰਥ ਦੀ ਜਿੱਤ ਹੈ ਜਿਸ ਵਿਚ ਦੇਸ਼ ਵਿਦੇਸ਼ ਦੀ ਸੰਗਤ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ। ਉਹਨਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਸਮੁੱਚੀ ਕੌਮ ਨੂੰ ਸੁਮੱਤ ਬਖਸ਼ਿਸ਼ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਾਰਾ ਪੰਥ ਆਪਸੀ ਵੱਖਰੇਵੇਂ ਭੁਲਾ ਕੇ ਇਕਜੁੱਟ ਹੋਵੇ। ਉਹਨਾਂ ਕਿਹਾ ਕਿ ਪੰਥ ਦਾ ਏਕਤਾ ਹੀ ਕੌਮ ਦੀ ਚੜ੍ਹਦੀਕਲਾ ਕਰਵਾ ਸਕਦਾ ਹੈ।

ਇਸ ਮੌਕੇ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ’ਤੇ ਲਗਾਈਆਂ ਗੈਰ ਕਾਨੂੰਨੀ ਧਾਰਾਵਾਂ ਖਤਮ ਕੀਤੀਆਂ ਜਾਣ ਤੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਜੋ ਉਹ ਬਤੌਰ ਐਮ ਪੀ ਸੰਗਤ ਦੀ ਸੇਵਾ ਕਰ ਸਕਣ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਫੌਰੀ ਕੇਸ ਖਤਮ ਨਹੀਂ ਹੋ ਸਕਦਾ ਤਾਂ ਲੰਬੀ ਪੈਰੋਲ ’ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕੀਤਾ ਜਾਵੇ।

ਇਸ ਮੌਕੇ ਗੱਲਬਾਤ ਕਰਦਿਆਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਸ ਸਨਮਾਨ ਲਈ ਉਹ ਦਿੱਲੀ ਗੁਰਦੁਆਰਾ ਕਮੇਟੀ ਅਤੇ ਸਮੁੱਚੀ ਸੰਗਤ ਦੇ ਧੰਨਵਾਦੀ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਜਿੱਤ ਸੰਗਤ ਵੱਲੋਂ ਬਖਸ਼ੀ ਹੋਈ ਜਿੱਤ ਹੈ ਤੇ ਹੁਣ ਉਹ ਸੰਗਤ ਦੀ ਸੇਵਾ ਉਹਨਾਂ ਦੇ ਹੁਕਮਾਂ ਮੁਤਾਬਕ ਕਰਨਗੇ।

ਮੀਡੀਆ ਵੱਲੋਂ ਰਾਹੁਲ ਗਾਂਧੀ ਵੱਲੋਂ ਕਾਂਗਰਸ ਨੂੰ ਅਹਿੰਸਕ ਕਹਿਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਕਾਂਗਰਸ ਨੂੰ ਅਹਿੰਸਕ ਕਹਿਣ ਤੋਂ ਪਹਿਲਾਂ ਰਾਹੁਲ ਗਾਂਧੀ 1984 ਦੇ ਸਿੱਖ ਕਤਲੇਆਮ ਅਤੇ ਐਮਰਜੰਸੀ ਦਾ ਜਵਾਬ ਦੇਣ। ਉਹਨਾਂ ਕਿਹਾ ਕਿ 1984 ਦਾ ਕਤਲੇਆਮ ਕੋਈ ਆਮ ਕਤਲੇਆਮ ਨਹੀਂ ਸੀ ਬਲਕਿ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ।

ਉਹਨਾਂ ਕਿਹਾ ਕਿ ਇਸੇ ਤਰੀਕੇ ਐਮਰਜੰਸੀ ਲਗਾ ਕੇ ਰਾਹੁਲ ਦੀ ਦਾਦੀ ਇੰਦਰਾ ਗਾਂਧੀ ਨੇ ਬਹੁਤ ਤਸ਼ੱਦਦ ਲੋਕਾਂ ’ਤੇ ਢਾਹਿਆ, ਰਾਹੁਲ ਨੂੰ ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ।

- Advertisment -spot_img

ਅਹਿਮ ਖ਼ਬਰਾਂ