Sunday, September 8, 2024
spot_img
spot_img
spot_img
spot_img

DIG ਪਟਿਆਲਾ ਹਰਚਰਨ ਸਿੰਘ ਭੁੱਲਰ ਦੀ ਪਹਿਕਦਮੀ, ਸੇਵਾ ਮੁਕਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਕੀਤੀ ਬੈਠਕ

ਯੈੱਸ ਪੰਜਾਬ
ਪਟਿਆਲਾ, 25 ਜੁਲਾਈ, 2024

ਡਿਪਟੀ ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਇੱਕ ਅਹਿਮ ਪਹਿਲਕਦਮੀ ਕਰਦਿਆਂ ਭਾਈਚਾਰਕ ਸਾਂਝ ਅਤੇ ਆਪਸੀ ਸਹਿਯੋਗ ਨੂੰ ਪ੍ਰਫੁੱਲਤ ਕਰਨ ਲਈ ਅਹਿਮ ਕਦਮ ਚੁੱਕਦਿਆਂ ਅੱਜ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਪਟਿਆਲਾ ਰੇਂਜ ਪੱਧਰੀ ਮੀਟਿੰਗ ਕੀਤੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹੋਈ ਇਸ ਮੀਟਿੰਗ ਵਿੱਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ, ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ, ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ, ਐਸਐਸਪੀ ਮਲੇਰਕੋਟਲਾ ਡਾ: ਸਿਮਰਤ ਕੌਰ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਚਾਰ ਜ਼ਿਲ੍ਹਿਆਂ ਤੋਂ ਇੰਸਪੈਕਟਰ ਅਤੇ ਇਸ ਤੋਂ ਉਪਰਲੇ ਰੈਂਕ ਦੇ 150 ਤੋਂ ਵੱਧ ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੇ ਭਰਵੀਂ ਸ਼ਮੂਲੀਅਤ ਕੀਤੀ।

ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਮੌਜੂਦਾ ਅਤੇ ਸੇਵਾਮੁਕਤ ਪੁਲਿਸ ਕਰਮਚਾਰੀਆਂ ਵਿਚਕਾਰ ਪਾੜੇ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸੇਵਾਮੁਕਤ ਪੁਲਿਸ ਮੁਲਾਜ਼ਮਾਂ ਦੀ ਮਦਦ ਅਹਿਮ ਹੈ, ਇਸ ਲਈ ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਨਸ਼ਿਆਂ ਨੂੰ ਠੱਲ ਪਾਉਣ ਲਈ ਸਾਬਕਾ ਪੁਲਿਸ ਮੁਲਾਜ਼ਮ ਸਾਥ ਦੇਣ।

ਉਨ੍ਹਾਂ ਕਿਹਾ ਕਿ ਭਾਂਵੇ ਉਹ ਪੁਲਿਸ ਵਿੱਚੋ ਰਿਟਾਇਡ ਹੋ ਚੁੱਕੇ ਹਨ ਪਰੰਤੁ ਫਿਰ ਵੀ ਉਨ੍ਹਾਂ ਵੱਲੋ ਨਸ਼ਾ ਵਿਕਣ ਸਬੰਧੀ ਆਪਣਾ ਫਰਜ ਸਮਝਦੇ ਹੋਏ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਦੇ ਨਾਲ ਹੀ ਥਾਣਾ ਪੱਧਰ ‘ਤੇ ਜੋ ਵੀ ਕਮੇਟੀ ਬਣਾਈ ਜਾਵੇਗੀ ਉਸ ਵਿੱਚ ਰਿਟਾਇਡ ਅਧਿਕਾਰੀਆਂ/ਕਰਮਚਾਰੀਆਂ ਨੂੰ ਸਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਿਟਾਇਡ ਪੁਲਿਸ ਅਧਿਕਾਰੀਆਂ ਦਾ ਇਕ ਵੱਖਰਾ ਵੱਟਸ ਐਪ ਗਰੁੱਪ ਵੀ ਬਣਾਇਆ ਜਾਵੇਗਾ ਜਿਸ ਵਿੱਚ ਉਹ ਹਰ ਕਿਸਮ ਦੀ ਜਾਣਕਾਰੀ ਸਾਂਝੀ ਕਰ ਸਕਣਗੇ।

ਵਿਚਾਰ-ਵਟਾਂਦਰੇ ਦੌਰਾਨ ਪ੍ਰਾਪਤ ਫੀਡਬੈਕ ਮੁਤਾਬਕ ਸੇਵਾਮੁਕਤ ਕਰਮਚਾਰੀਆਂ ਨਾਲ ਮੀਟਿੰਗਾਂ ਨੂੰ ਯਕੀਨੀ ਬਣਾਉਣ ਲਈ ਪੁਲਿਸ ਸਟੇਸ਼ਨ ਪੱਧਰ ‘ਤੇ ਨਿਯਮਤ ਗੱਲਬਾਤ ਲਈ ਮੀਟਿੰਗਾਂ ਕਰਨਾ, ਹਰੇਕ ਪੁਲਿਸ ਸਟੇਸ਼ਨ ‘ਤੇ ਸੇਵਾਮੁਕਤ ਪੁਲਿਸ ਕਰਮਚਾਰੀਆਂ ਦਾ ਇੱਕ ਰਜਿਸਟਰ ਰੱਖਣਾ, ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਸੁਝਾਵਾਂ ਨੂੰ ਹੱਲ ਕਰਨ ਲਈ ਪੁਲਿਸ ਦੇ ਸੀਨੀਅਰ ਸੁਪਰਡੈਂਟਾਂ ਨਾਲ ਨਿਯਮਤ ਮੀਟਿੰਗਾਂ ਕਰਨਾ ਸ਼ਾਮਲ ਹੈ।

ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਸੇਵਾਮੁਕਤ ਅਧਿਕਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਐਸਐਸਪੀਜ਼ ਅਤੇ ਹੋਰ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਨਮਾਨ ਨੂੰ ਬਰਕਰਾਰ ਰੱਖਣ ਨੂੰ ਯਕੀਨੀ ਬਣਾਉਣ। ਮ੍ਰਿਤਕ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ, ਸੇਵਾਮੁਕਤੀ ਪਾਰਟੀਆਂ ਦਾ ਆਯੋਜਨ ਕਰਨ ਅਤੇ ਸੇਵਾਮੁਕਤ ਪੁਲਿਸ ਮੁਲਾਜ਼ਮਾਂ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਦੇ ਯਤਨਾਂ ਬਾਰੇ ਵੀ ਚਰਚਾ ਕੀਤੀ ਗਈ।

ਇਸ ਤੋਂ ਬਿਨ੍ਹਾਂ ਸੇਵਾਮੁਕਤ ਕਰਮਚਾਰੀਆਂ ਦੇ ਬੱਚਿਆਂ ਲਈ ਪੁਲਿਸ ਡੀਏਵੀ ਸਕੂਲਾਂ ਵਿੱਚ ਫੀਸਾਂ ਵਿੱਚ ਰਿਆਇਤਾਂ ਅਤੇ ਨੌਕਰੀਆਂ ਵਿੱਚ ਰਾਖਵਾਂਕਰਨ ਪ੍ਰਦਾਨ ਕਰਨਾ, ਸਾਬਕਾ ਪੁਲਿਸ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਨਜਿੱਠਣ ਲਈ ਇੱਕ ਵਿਸ਼ੇਸ਼ ਰਜਿਸਟਰ ਰੱਖਣਾ ਵੀ ਸ਼ਾਮਲ ਸੀ।

ਸ੍ਰੀਵਾਸਤਵ ਸਰ ਦੁਆਰਾ ਡੀਏਵੀ ਸਕੂਲ ਕਮੇਟੀ ਦੀ ਨਿਗਰਾਨੀ, ਸੇਵਾਮੁਕਤ ਪੁਲਿਸ ਕਰਮਚਾਰੀਆਂ ਨੂੰ ਚੋਣਾਂ ਦੌਰਾਨ ਹਥਿਆਰ ਜਮ੍ਹਾਂ ਕਰਨ ਤੋਂ ਛੋਟ ਦੇਣ, ਪੁਲਿਸ ਲਾਈਨ ਹਸਪਤਾਲ ਵਿਖੇ ਸਿਹਤ ਸਹੂਲਤਾਂ ਵਿੱਚ ਸੁਧਾਰ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਮੈਡੀਕਲ ਬਿੱਲਾਂ ਨੂੰ ਸਮੇਂ ਸਿਰ ਕਲੀਅਰ ਕਰਨ ਨੂੰ ਯਕੀਨੀ ਬਣਾਉਣਾ ਵੀ ਸ਼ਾਮਲ ਸਨ।

ਡੀ.ਆਈ.ਜੀ ਨੇ ਰਿਟਾਇਡ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਉਨ੍ਹਾਂ ਦੀਆਂ/ਉਨ੍ਹਾਂ ਦੇ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਬਾਰੇ ਪੁੱਛਿਆ ਅਤੇ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਭਰੋਸਾ ਦਿੱਤਾ।

ਉਪਰੋਕਤ ਤੋ ਇਲਾਵਾ ਰਿਟਾਇਡ ਕਰਮਚਾਰੀਆਂ ਨੇ ਦੱਸਿਆ ਕਿ ਨਵੇਂ ਪ੍ਰੋਬੇਸ਼ਨਰ ਭਰਤੀ ਕਰਮਚਾਰੀਆਂ ਦੇ ਪੁਲਿਸ ਇੰਨਵੈਸਟੀਗੇਸਨ ਕਰਨ ਦੇ ਤਰੀਕਿਆਂ ਦੇ ਸਪੈਸ਼ਲ ਕੋਰਸ ਚਲਾਏ ਜਾਣ ਜਿਸ ਵਿੱਚ ਉਨ੍ਹਾਂ ਵੱਲੋ ਆਪਣੇ ਤਜੁਰਬੇ ਦੇ ਅਧਾਰ ‘ਤੇ ਉਨ੍ਹਾਂ ਨੂੰ ਲੈਕਚਰ ਦੇਣ ਲਈ ਬੁਲਾਇਆ ਜਾਵੇ ਜਿਸ ਸਬੰਧੀ ਉਨ੍ਹਾਂ ਨੂੰ ਹਾਂ ਪੱਖੀ ਹੁੰਗਾਰਾ ਦਿੰਦੇ ਹੋਏ ਕਿਹਾ ਗਿਆ ਕਿ ਇਸ ਸਬੰਧੀ ਸੈਮੀਨਾਰ ਲਗਾਏ ਜਾਣਗੇ ਜਿਸ ਵਿੱਚ ਉਨ੍ਹਾਂ ਨੂੰ ਇੰਨਵੈਸਟੀਗੇਸਨ ਬਾਬਤ ਲੈਕਚਰ ਦੇਣ ਲਈ ਉਚੇਚੇ ਤੌਰ ਤੇ ਸੱਦਾ ਦਿੱਤਾ ਜਾਵੇਗਾ।

ਇਸ ਤੋ ਇਲਾਵਾ ਉਨ੍ਹਾਂ ਵੱਲੋ ਕਿਹਾ ਗਿਆ ਕਿ ਆਉਣ ਵਾਲੀ 15 ਅਗਸਤ (ਅਜਾਦੀ ਦਿਹਾੜੇ) ਮੌਕੇ ਹੋਣ ਵਾਲੇ ਸਮਾਗਮ ਦੌਰਾਨ ਸਮਾਗਮ ਵਿੱਚ ਰਿਟਾਇਡ ਕਰਮਚਾਰੀਆਂ ਲਈ ਰਾਖਵੀਂ ਕੁਰਸੀਆਂ ਲਗਾਉਣ ਦੀ ਸਹੂਲਤ ਹੋਣੀ ਚਾਹੀਦੀ ਹੈ ਜਿਸ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰਜ ਨੂੰ ਲਿਖਕੇ ਭੇਜਿਆ ਜਾਵੇਗਾ।

ਇਸ ਦੌਰਾਨ, ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸਨ ਪਟਿਆਲਾ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਜਿਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਐਸ.ਪੀ/ਡੀ.ਐਸ.ਪੀ/ਇੰਸਪੈਕਟਰ ਤੋ ਐਸ.ਆਈ ਰੈਂਕ ਦੇ ਕਰੀਬ 150 ਦੇ ਰਿਟਾਇਡ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ