ਯੈੱਸ ਪੰਜਾਬ
ਚੰਡੀਗੜ੍ਹ, 7 ਸਤੰਬਰ, 2024
ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਆਈ.ਏ.ਐੱਸ.ਅਧਿਕਾਰੀ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ’ਤੇ ਦੂਜੇ ਹੀ ਦਿਨ ਯੂ-ਟਰਨ ਲੈ ਲਿਆ ਹੈ।
ਪਾਰਟੀ ਨੇ ਕਾਰਜਕਾਰੀ ਪ੍ਰਧਾਨ ਸ: ਬਲਵਿੰਦਰ ਸਿੰਘ ਭੂੰਦੜ ਦੇ ਸਲਾਹਕਾਰ ਵਜੋਂ ਕੀਤੀ ਗਈ ਉਨ੍ਹਾਂ ਦੀ ਨਿਯੁਕਤੀ ਵਾਪਸ ਲੈ ਲਈ ਹੈ।
ਜ਼ਿਕਰਯੋਗ ਹੈ ਕਿ ਸ: ਗੁਰੂ ਦੀ ਨਿਯੁਕਤੀ ਤੋਂ ਤੁਰੰਤ ਬਾਅਦ ਪਾਰਟੀ ਦੇ ਇਸ ਫ਼ੈਸਲੇ ਦੀ ਸਖ਼ਤ ਨੁਕਤਾਚੀਨੀ ਕੀਤੀ ਜਾ ਰਹੀ ਸੀ।
ਆਲੋਚਕਾਂ ਵੱਲੋਂ 1986 ਦੇ ਨਕੋਦਰ ਗੋਲੀ ਕਾਂਡ ਦੌਰਾਨ ਸ: ਦਰਬਾਰਾ ਸਿੰਘ ਗੁਰੂ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਪਾਰਟੀ ਲੀਡਰਸ਼ਿਪ ਦੀ ਨੁਕਤਾਚੀਨੀ ਕੀਤੀ ਜਾ ਰਹੀ ਸੀ ਅਤੇ ਕਿਹਾ ਸੀ ਕਿ ਅਕਾਲੀ ਦਲ ਆਪਣੇ ਤੌਰ ਤਰੀਕਿਆਂ ਨੂੰ ਸੁਧਾਰਣ ਲਈ ਅਜੇ ਵੀ ਤਿਆਰ ਨਹੀਂ ਹੈ।
ਜਿੱਥੇ ਇੱਕ ਪਾਸੇ ਪਾਰਟੀ ਨੇ ਇਸ ਗੱਲ ਪ੍ਰਤੀ ਉੱਠ ਰਹੇ ਰੋਹ ਨੂੰ ਵੇਖ਼ਦਿਆਂ ਨਿਯੁਕਤੀ ਵਾਪਸ ਲੈਣ ਦਾ ਫ਼ੈਸਲਾ ਲੈ ਲਿਆ, ਉੱਥੇ ਹੀ ਦੂਜੇ ਬੰਨੇ ਸ: ਦਰਬਾਰਾ ਸਿੰਘ ਗੁਰੂ ਨੇ ਦਾਅਵਾ ਕੀਤਾ ਕਿ ਨਕੋਦਰ ਗੋਲੀ ਕਾਂਡ ਵਿੱਚ ਉਨ੍ਹਾਂ ਦੀ ਕੋੲਂ ਭੂਮਿਕਾ ਨਹੀਂ ਸੀ।
ਉਨ੍ਹਾਂ ਕਿਹਾ ਕਿ ਉਹ ਨਾ ਤਾਂ ਮੌਕੇ ’ਤੇ ਮੌਜੂਦ ਸਨ ਅਤੇ ਨਾ ਹੀ ਉਨ੍ਹਾਂ ਗੋਲੀ ਚਲਾਉਣ ਲਈ ਕੋਈ ਹੁਕਮ ਜਾਂ ਪ੍ਰਵਾਨਗੀ ਦਿੱਤੀ ਸੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਤਾਂ ਪੁਲਿਸ ਦੇ ਅਧਿਕਾਰੀਆਂ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਵੀ ਸੂਚਿਤ ਨਹੀਂ ਕੀਤਾ ਗਿਆ ਸੀ।