ਯੈੱਸ ਪੰਜਾਬ
ਚੰਡੀਗੜ੍ਹ, 7 ਸਤੰਬਰ, 2024
ਪੰਜਾਬ ਵਿੱਚ ਖੇਤੀਬਾੜੀ ਵਾਸਤੇ ਸੂਰਜੀ ਊਰਜਾ ਦੀ ਵਰਤੋਂ ਲਈ ਅਹਿਮ ਪਹਿਲਕਦਮੀ ਕਰਦਿਆਂ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ 20,000 ਸੋਲਰ ਪੰਪਾਂ (ਸਰਫੇਸ ਅਤੇ ਸਬਮਰਸੀਬਲ) ਲਈ ਅਰਜ਼ੀਆਂ ਮੰਗੀਆਂ ਹਨ।
ਸੰਗਰੂਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੋਲਰ ਪੰਪ ਲਗਾਉਣ ਦੇ ਇੱਛੁਕ ਕਿਸਾਨ www.pmkusum.peda.gov.in ਉਤੇ 9 ਸਤੰਬਰ ਤੋਂ 30 ਸਤੰਬਰ, 2024 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕਿਸਾਨ 3, 5, 7.5 ਅਤੇ 10 ਐਚ.ਪੀ. ਦੀ ਸਮਰੱਥਾ ਵਾਲੇ ਸੋਲਰ ਪੰਪਾਂ ਵਾਸਤੇ ਅਪਲਾਈ ਕਰ ਸਕਦੇ ਹਨ। ਸੋਲਰ ਪੰਪ ਲਗਾਉਣ ਲਈ ਜਨਰਲ ਸ਼੍ਰੇਣੀ ਦੇ ਕਿਸਾਨਾਂ ਲਈ 60% ਅਤੇ ਅਨੁਸੂਚਿਤ ਜਾਤੀ (ਐਸ.ਸੀ.) ਦੇ ਕਿਸਾਨਾਂ ਲਈ 80% ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ 2000 ਅਤੇ ਗ੍ਰਾਮ ਪੰਚਾਇਤਾਂ ਲਈ 3000 ਸੋਲਰ ਪੰਪ ਰਾਖਵੇਂ ਰੱਖੇ ਹਨ।
ਉਨ੍ਹਾਂ ਦੱਸਿਆ ਕਿ ਡਾਰਕ ਜ਼ੋਨ (ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਵਾਲੇ ਬਲਾਕ) ਵਜੋਂ ਸ਼੍ਰੇਣੀਬੱਧ ਕੀਤੇ ਗਏ ਖੇਤਰਾਂ ਵਿੱਚ, ਇਹ ਪੰਪ ਉਨ੍ਹਾਂ ਕਿਸਾਨਾਂ ਨੂੰ ਅਲਾਟ ਕੀਤੇ ਜਾਣਗੇ ਜਿਨ੍ਹਾਂ ਦੀਆਂ ਮੋਟਰਾਂ ‘ਤੇ ਪਹਿਲਾਂ ਤੋਂ ਹੀ ਮਾਈਕਰੋ (ਤੁਪਕਾ/ਫੁਹਾਰਾ) ਸਿੰਜਾਈ ਸਿਸਟਮ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਛੱਪੜਾਂ, ਖੇਤਾਂ ਦੇ ਤਲਾਬਾਂ, ਜਾਂ ਨਹਿਰੀ ਪਾਣੀ ਵਾਲੀਆਂ ਡਿੱਗੀਆਂ ‘ਚੋਂ ਪਾਣੀ ਕੱਢਣ ਲਈ ਡੀਜ਼ਲ ਪੰਪਾਂ ਦੀ ਵਰਤੋਂ ਕਰਨ ਵਾਲੇ ਕਿਸਾਨ ਅਤੇ ਪੰਚਾਇਤਾਂ ਵੀ ਇਸ ਸਕੀਮ ਅਧੀਨ ਅਪਲਾਈ ਕਰਨ ਦੇ ਯੋਗ ਹਨ।
ਸ੍ਰੀ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਪੀ.ਐੱਸ.ਪੀ.ਸੀ.ਐੱਲ. ਦੇ ਇਲੈਕਟ੍ਰਿਕ ਮੋਟਰ ਕੁਨੈਕਸ਼ਨ ਹਨ ਜਾਂ ਜਿਨ੍ਹਾਂ ਨੇ ਆਪਣੇ ਨਾਂ ‘ਤੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਸਿੰਜਾਈ ਲਈ ਸੋਲਰ ਪੰਪ ਲਗਾਏ ਹੋਏ ਹਨ, ਉਹ ਇਸ ਸਕੀਮ ਅਧੀਨ ਅਪਲਾਈ ਕਰਨ ਦੇ ਯੋਗ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਛੁੱਕ ਕਿਸਾਨ www.pmkusum.peda.gov.in ਉਤੇ ਜਾ ਕੇ ਇਸ ਸਕੀਮ ਬਾਰੇ ਹੋਰ ਜਾਣਕਾਰੀ ਲੈਣ ਤੋਂ ਇਲਾਵਾ ਬਰੋਸ਼ਰ ਡਾਊਨਲੋਡ ਕਰ ਸਕਦੇ ਹਨ।
12 ਜ਼ਿਲ੍ਹਿਆਂ ਵਿਚਲੇ 37 ਸੁਰੱਖਿਅਤ ਬਲਾਕਾਂ ਦਾ ਵੇਰਵਾ
ਪੇਡਾ ਨੇ ਸੂਬੇ ਦੇ 12 ਜ਼ਿਲ੍ਹਿਆਂ ਵਿੱਚ 37 ਸੁਰੱਖਿਅਤ ਬਲਾਕਾਂ ਦੀ ਪਛਾਣ ਕੀਤੀ ਹੈ, ਜਿੱਥੇ ਜ਼ਮੀਨੀ ਪਾਣੀ ਸੁਰੱਖਿਅਤ ਪੱਧਰ ‘ਤੇ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ, ਸੰਗਤ, ਰਾਮਪੁਰਾ, ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ, ਲੰਬੀ, ਮਲੋਟ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ, ਅਰਨੀਵਾਲਾ ਸ਼ੇਖ ਸੁਬਾਨਪੁਰ, ਫ਼ਾਜ਼ਿਲਕਾ, ਖੂਈਆਂ ਸਰਵਰ, ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ, ਗੁਰਦਾਸਪੁਰ ਦੇ ਦੀਨਾਨਗਰ, ਦੋਰਾਂਗਲਾ, ਸ੍ਰੀ ਹਰਗੋਬਿੰਦਰਪੁਰ,
ਹੁਸ਼ਿਆਰਪੁਰ ਜ਼ਿਲ੍ਹੇ ਦੇ ਹੁਸ਼ਿਆਰਪੁਰ-2, ਭੁੰਗਾ, ਹਾਜ਼ੀਪੁਰ, ਮਾਹਿਲਪੁਰ, ਤਲਵਾੜਾ, ਮੁਕੇਰੀਆਂ, ਮਾਨਸਾ ਦੇ ਬੁਢਲਾਡਾ, ਝੁਨੀਰ, ਸਰਦੂਲਗੜ੍ਹ, ਐੱਸ.ਬੀ.ਐੱਸ.ਨਗਰ ਦੇ ਬਲਾਚੌਰ ਅਤੇ ਸੜੋਆ, ਪਠਾਨਕੋਟ ਜ਼ਿਲ੍ਹੇ ਦੇ ਬਮਿਆਲ, ਧਾਰ ਕਲਾਂ, ਨਰੋਟ ਜੈਮਲ ਸਿੰਘ, ਪਠਾਨਕੋਟ, ਘਰੋਟਾ, ਸੁਜਾਨਪੁਰ, ਪਟਿਆਲ਼ਾ ਦਾ ਘਨੌਰ, ਰੋਪੜ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ, ਰੋਪੜ ਅਤੇ ਨੂਰਪੁਰ ਬੇਦੀ ਅਤੇ ਐਸ.ਏ.ਐਸ. ਨਗਰ ਦਾ ਮਾਜਰੀ ਬਲਾਕ ਸੁਰੱਖਿਅਤ ਜ਼ੋਨ ਵਿੱਚ ਆਉਂਦੇ ਹਨ। ਇਨ੍ਹਾਂ ਸੁਰੱਖਿਅਤ ਜ਼ੋਨਾਂ ਦੇ ਕਿਸਾਨ ਬਿਨਾਂ ਕਿਸੇ ਸ਼ਰਤ ਦੇ ਸੋਲਰ ਪੰਪਾਂ ਲਈ ਅਪਲਾਈ ਕਰ ਸਕਦੇ ਹਨ।