Defamation Case against Kejriwal filed by Manpreet Badal’s relative Jojo Johal dismissed
ਯੈੱਸ ਪੰਜਾਬ
ਚੰਡੀਗੜ੍ਹ, 3 ਫ਼ਰਵਰੀ, 2023:
ਬਠਿੰਡਾ ਦੀ ਇਕ ਅਦਾਲਤ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਸ: ਜੈਜੀਤ ਸਿੰਘ ਜੋਜੋ ਜੌਹਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਇਆ ਮਾਣਹਾਨੀ ਦਾ ਕੇਸ ਖ਼ਾਰਜ ਕਰ ਦਿੱਤਾ ਹੈ।
ਸ: ਜੋਜੋ ਜੌਹਲ ਸਾਬਕਾ ਵਿੱਤ ਮੰਤਰੀ ਦੀ ਪਤਨੀ ਸ੍ਰੀਮਤੀ ਵੀਨੂੰ ਬਾਦਲ ਦੇ ਭਰਾ ਹਨ ਅਤੇ ਉਨ੍ਹਾਂ ’ਤੇ ਸ੍ਰੀ ਕੇਜਰੀਵਾਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਵਿਖ਼ੇ ਹੋਈ ਵਪਾਰੀਆਂ ਦੀ ਇਕ ਮੀਟਿੰਗ ਵਿੱਚ ਤਿੱਖੀ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਭੜਕੇ ਸ੍ਰੀ ਜੋਜੋ ਜੌਹਲ ਨੇ ਸ੍ਰੀ ਕੇਜਰੀਵਾਲ ’ਤੇ ਮਾਣਹਾਨੀ ਦਾ ਕੇਸ ਕਰ ਦਿੱਤਾ ਸੀ।
ਸ੍ਰੀ ਕੇਜਰੀਵਾਲ ਨੇ ਵਪਾਰੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਇੱਥੇ ਤੁਹਾਨੂੰ ਕੋਈ ‘ਜੋਜੋ ਟੈਕਸ’ ਵੀ ਦੇਣਾ ਪੈਂਦਾ ਹੈ, ਕੀ ਐਸੀ ਕੋਈ ਗੱਲ ਹੈ?
ਇਸ ਤੋਂ ਭੜਕੇ ਜੋਜੋ ਜੌਹਲ ਨੇ ਮੀਡੀਆ ਵਿੱਚ ਆ ਕੇ ਕਿਹਾ ਸੀ ਕਿ ਉਹ ਸ੍ਰੀ ਕੇਜਰੀਵਾਲ ਨੂੰ ਮਾਣਹਾਨੀ ਦੇ ਕੇਸ ਵਿੱਚ ਘਸੀਟਣਗੇ ਪਰ ਅਦਾਲਤ ਵੱਲੋਂ ਆਏ ਫ਼ੈਸਲੇ ਨਾਲ ਸ੍ਰੀ ਕੇਜਰੀਵਾਲ ਨੂੰ ਭਾਰੀ ਰਾਹਤ ਮਿਲੀ ਹੈ ਕਿਉਂਕਿ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਕੀਤ ਬਿਨਾਂ ਹੀ ਕੇਸ ਖ਼ਾਰਜ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ ਸ: ਮਨਪ੍ਰੀਤ ਸਿੰਘ ਬਾਦਲ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ।