ਡੀ.ਜੀ.ਪੀ. ਮਾਮਲਾ – ਸਿੱਖ ਮੁੱਦਿਆਂ ਦੇ ‘ਚੈਂਪੀਅਨ’ ਕਾਂਗਰਸੀ ਮੰਤਰੀਆਂ, ਵਿਧਾਇਕਾਂ ਦੀ ਚੁੱਪ ਸਵਾਲਾਂ ਦੇ ਘੇਰੇ ਵਿੱਚ!

ਯੈੱਸ ਪੰਜਾਬ
ਚੰਡੀਗੜ੍ਹ, 24 ਫ਼ਰਵਰੀ, 2020:

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਦਿਨਕਰ ਗੁਪਤਾ ਵੱਲੋਂ ਇੰਡੀਅਨ ਐਕਸਪ੍ਰੈਸ ਦੇ ਆਈਡੀਆ ਐਕਸਚੇਂਜ ਪ੍ਰੋਗਰਾਮ ਦੌਰਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ 6 ਘੰਟਿਆਂ ਵਿਚ, ਵਾਪਸੀ ਤਕ, ਅੱਤਵਾਦੀ ਬਣ ਮੁੜਣ ਦੇ ਵਿਵਾਦਪੂਰਨ ਬਿਆਨ ਦੀ ਜਿੱਥੇ ਚਹੁੰਆਂ ਪਾਸਿਆਂ ਤੋਂ ਨਿਖ਼ੇਧੀ ਹੋ ਰਹੀ ਹੈ, ਉੱਥੇ ਕਾਂਗਰਸ ਦੇ ‘ਸਿੱਖ ਮੁੱਦਿਆਂ ਬਾਰੇ ਚੈਂਪੀਅਨ’ ਹੋਣ ਦੇ ਦਾਅਵੇ ਕਰਨ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਦੀ ਚੁੱਪ ਹੁਣ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ।

ਮਾਝੇ ਦੇ ਕਾਂਗਰਸੀ ਜਰਨੈਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਸ:ਚਰਨਜੀਤ ਸਿੰਘ ਚੰਨੀ ਜਿਹੇ ਮੰਤਰੀਆਂ ਅਤੇ ਅਨੇਕਾਂ ਪੰਥਕ ਦਿੱਖ ਵਾਲੇ ਵਿਧਾਇਕਾਂ ਨੇ ਡੀ.ਜੀ.ਪੀ.ਗੁਪਤਾ ਦੇ ਬਿਆਨ ’ਤੇ ਚੁੱਪ ਧਾਰੀ ਹੋਈ ਹੈ।

ਇੱਥੇ ਹੀ ਨਹੀਂ ਆਪਣੇ ਆਪ ਨੂੰ ਹੱਕ ਸੱਚ ਦੀ ਮੂਰਤ ਵਜੋਂ ਪੇਸ਼ ਕਰਦੇ ਸ: ਮਨਪ੍ਰੀਤ ਸਿੰਘ ਬਾਦਲ ਵੀ ਅਜੇ ‘ਤੇਲ ਦੀ ਧਾਰ’ ਹੀ ਵੇਖ਼ਦੇ ਨਜ਼ਰ ਆਉਂਦੇ ਹਨ।

ਹੋਰ ਤਾਂ ਹੋਰ ਪੰਥਕ ਸਫ਼ਾਂ ਵਿਚੋਂ ਆਏ ਅਤੇ ਆਪਣੀ ਪੰਥਕ ਦਿੱਖ ’ਤੇ ਪਿਛੋਕੜ ’ਤੇ ਮਾਨ ਕਰਣ ਵਾਲੇ ਸ: ਹਰਮਿੰਦਰ ਸਿੰਘ ਗਿੱਲ ਵੀ ਅਜੇ ਡੀ.ਜੀ.ਪੀ. ਦੇ ਬਿਆਨ ਦੀ ਨੁਕਤਾਚੀਨੀ ਤੋਂ ਬਚਦੇ ਹੀ ਨਜ਼ਰ ਆਏ ਹਨ।

ਦਿਲਚਸਪ ਗੱਲ ਤਾਂ ਇਹ ਹੈ ਕਿ ਹਰ ਛੋਟੀ ਵੱਡੀ ਗੱਲ ’ਤੇ ਮੁੱਖ ਮੰਤਰੀ ਦੇ ਨਾਂਅ ਚਿੱਠੀ ਲਿਖ਼ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ‘ਖ਼ਾਸ ਮਿੱਤਰ’ ਸ: ਪ੍ਰਤਾਪ ਸਿੰਘ ਬਾਜਵਾ ਦੀ ਵੀ ਇਸ ਮਾਮਲੇ ਵਿਚ ਕਲਮ ਦੀ ਸਿਆਹੀ ਮੁੱਕ ਗਈ ਜਾਪਦੀ ਹੈ। ਰਾਜਸੀ ਹਲਕਿਆਂ ਅਨੁਸਾਰ ਉਨ੍ਹਾਂ ਦੀ ਇਸ ਮਾਮਲੇ ਵਿਚ ਚਿੱਠੀ ਦੀ ਬੜੀ ਤੀਬਰਤਾ ਨਾਲ ਆਸ ਕੀਤੀ ਜਾ ਰਹੀ ਸੀ ਜੋ ਕਿਤੇ ‘ਡਾਕ’ ਵਿਚ ਰੁਕ ਗਈ ਜਾਪਦੀ ਹੈ।


ALSO READ-
DGP Dinkar Gupta’s “regret” meaningless, damage he did to Sikh community unfathomable: Bir Devinder Singh


ਸਮਝਿਆ ਜਾ ਰਿਹਾ ਹੈ ਕਿ ਇਹ ਮੰਤਰੀ ਅਤੇ ਵਿਧਾਇਕ ਇਸ ਲਈ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਹਨ ਕਿਉਂÎਕ ਇਨ੍ਹਾਂ ਨੂੰ ਪਤਾ ਹੈ ਕਿ ਨਾ ਕੇਵਲ ਸ੍ਰੀ ਗੁਪਤਾ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਪਸੰਦ ਹੋਣ ਕਰਕੇ ਹੀ ਸੂਬੇ ਦੇ ਮੁੱਖ ਮੰਤਰੀ ਹਨ ਸਗੋਂ ਇਸ ਤੋਂ ਪਹਿਲਾਂ ਵੀ ਉਹ ਕੁਝ ਮੌਕਿਆਂ ’ਤੇ ਸ੍ਰੀ ਗੁਪਤਾ ਦੀ ਪਿੱਠ ’ਤੇ ਖੜ੍ਹੇ ਹੋ ਕੇ ਇਹ ਸੰਕੇਤ ਦੇ ਚੁੱਕੇ ਹਨ ਕਿ ਉਹ ਸ੍ਰੀ ਗੁਪਤਾ ਦੇ ਵਿਰੁੱਧ ਕੁਝ ਵੀ ਸੁਨਣ ਨੂੰ ਤਿਆਰ ਨਹੀਂ ਹਨ।

ਸੋਸ਼ਲ ਮੀਡੀਆ ’ਤੇ ਹੁਣ ਇਹ ਗੱਲ ਚੱਲ ਨਿਕਲੀ ਹੈ ਕਿ ਬੇਅਦਬੀ ਮਾਮਲਿਆਂ ’ਤੇ ਬਾਦਲਾਂ ਅਤੇ ਅਕਾਲੀ ਦਲ ਨੂੰ ਘੇਰ ਕੇ ਆਪਣੇ ਆਪ ਨੂੂੰ ਸਿੱਖਾਂ ਦੇ ਵੱਡੇ ਹਿਤੈਸ਼ੀ ਸਾਬਿਤ ਕਰਨ ਵਾਲੇ ਇਹ ਮੰਤਰੀ ਅਤੇ ਵਿਧਾਇਕ ਚੁੱਪ ਕਿਉਂ ਹਨ। ਜ਼ਿਕਰਯੋਗ ਹੈ ਕਿ ਹੁਣ ਤਕ ਕੇਵਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜਲੰਧਰ ਛਾਉਣੀ ਹਲਕੇ ਤੋਂ ਕਾਂਗਰਸ ਵਿਧਾਇਕ ਸ:ਪਰਗਟ ਸਿੰਘ ਨੇ ਹੀ ਡੀ.ਜੀ.ਪੀ. ਦੇ ਉਕਤ ਬਿਆਨ ’ਤੇ ਇਤਰਾਜ਼ ਪ੍ਰਗਟਾਇਆ ਹੈ।

ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਮੰਤਰੀ ਅਤੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਵਿਚ ਲਏ ਜਾਣ ਵਾਲੇ ਸਟੈਂਡ ਦੀ ਉਡੀਕ ਕਰ ਰਹੇ ਹਨ ਅਤੇ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਇਹ ਵੇਖ਼ਣਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਇਸ ਮਾਮਲੇ ਵਿਚ ਕਿਸ ਹੱਦ ਤਕ ਸ੍ਰੀ ਗੁਪਤਾ ਦੇ ਨਾਲ ਖੜ੍ਹਦੇ ਹਨ।

ਉਂਜ ਪੰਜਾਬ ਦੇ ਮੀਡੀਆ ਤੋਂ ਵੀ ਵੱਧ ਜਿਸ ਕਦਰ ਇਹ ਮੁੱਦਾ ਸੋਸ਼ਲ ਮੀਡੀਆ ’ਤੇ ਛਾਇਆ ਹੈ ਅਤੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਸੋਸ਼ਲ ਮੀਡੀਆ ’ਤੇ ਹੋ ਰਹੀਆਂ ਹਨ ਉਸਨੂੰ ਵੇਖ਼ਦਿਆਂ ਇਹ ਕਿਹਾ ਜਾ ਰਿਹਾ ਹੈ ਕਿ ਸ੍ਰੀ ਗੁਪਤਾ ਦੇ ਮਾਮਲੇ ’ਤੇ ਬਲਦੀ ਅੱਗ ਨੂੰ ਠੰਢੀ ਕਰਨ ਲਈ ਹੀ ਉਨ੍ਹਾਂ ਤੋਂ ਟਵਿੱਟਰ ’ਤੇ ਅਫ਼ਸੋਸ ਜ਼ਾਹਿਰ ਕਰਵਾਇਆ ਗਿਆ ਹੈ ਤਾਂ ਜ ਮੁੱਖ ਮੰਤਰੀ ਨੂੰ ਇਸ ਬਾਰੇ ਕੁਝ ਕਹਿਣ ਲੱਗਿਆਂ ਇਹ ਤਰਕ ਮਿਲ ਜਾਵੇ ਕਿ ਸ੍ਰੀ ਗੁਪਤਾ ਤਾਂ ਆਪਣੇ ਬਿਆਨ ਬਾਰੇ ਪਹਿਲਾਂ ਹੀ ਅਫ਼ਸੋਸ ਜ਼ਾਹਿਰ ਕਰ ਚੁੱਕੇ ਹਨ।

ਪੰਜਾਬ ਵਿਧਾਨ ਸਭਾ ਵਿਚ ਇਸ ਮੁੱਦੇ ’ਤੇ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਵੱਲੋਂ ਅੱਜ ਪਾਏ ਰੌਲੇ ਰੱਪੇ ਤੋਂ ਬਾਅਦ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ’ਤੇ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਆਪਣਾ ਪੱਖ ਰੱਖਣਗੇ ਤਾਂ ਜੋ ਸਦਨ ਦੀ ਕਾਰਵਾਈ ਅੱਗੇ ਚਲਾਉਣ ਲਈ ਰਾਹ ਪੱਧਰਾ ਕੀਤਾ ਜਾ ਸਕੇ।

ਸ਼ੇਅਰ ਕਰੋ ਜੀ!

ਅੱਜ ਦੀਆਂ ਅਹਿਮ