Monday, September 23, 2024
spot_img
spot_img
spot_img

ਭਗਵੰਤ ਮਾਨ ਸਰਕਾਰ ਦੇ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ

ਯੈੱਸ ਪੰਜਾਬ
ਚੰਡੀਗੜ੍ਹ, 23 ਸਤੰਬਰ, 2024

ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਦੇ 5 ਨਵੇਂ ਮੰਤਰੀਆਂ ਨੇ ਅੱਜ ਆਪਣੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ।

ਸਹੁੰ ਚੁੱਕ ਸਮਾਗਮ ਰਾਜ ਭਵਨ ਵਿੱਚ ਹੋਇਆ ਜਿੱਥੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ 5 ਵਿਧਾਇਕਾਂ ਸ: ਹਰਦੀਪ ਸਿੰਘ ਮੁੰਡੀਆਂ, ਸ੍ਰੀ ਬਰਿੰਦਰ ਕੁਮਾਰ ਗੋਇਲ, ਸ: ਤਰੁਨਪ੍ਰੀਤ ਸਿੰਘ ਸੌਂਦ, ਡਾ. ਰਵਜੋਤ ਸਿੰਘ ਅਤੇ ਸ੍ਰੀ ਮਹਿੰਦਰ ਭਗਤ ਨੂੰ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ।

ਰਾਜ ਭਵਨ ਵਿਖੇ ਸਾਦਾ ਸਹੁੰ ਚੁੱਕ ਸਮਾਗਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਈ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਹੋਇਆ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ।

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਅਮਨ ਅਰੋੜਾ, ਡਾ.  ਬਲਜੀਤ ਕੌਰ, ਡਾ.  ਬਲਬੀਰ ਸਿੰਘ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈ.ਟੀ.ਓ ਅਤੇ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਸਨ।

ਇਸ ਮੌਕੇ ਕਈ ਵਿਧਾਇਕ, ਪਾਰਟੀ ਆਗੂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਨਵੇਂ ਬਣੇ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਏ।

ਅੱਜ ਸਹੁੰ ਚੁੱਕਣ ਵਾਲਿਆਂ ਵਿੱਚ ਮਾਲਵੇ ਤੋਂ ਤਿੰਨ ਅਤੇ ਦੁਆਬੇ ਤੋਂ 2 ਮੰਤਰੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸ: ਹਰਦੀਪ ਸਿੰਘ ਮੁੰਡੀਆਂ, ਸ੍ਰੀ ਬਰਿੰਦਰ ਕੁਮਾਰ ਗੋਇਲ ਅਤੇ ਸ: ਤਰੁਨਪ੍ਰੀਤ ਸਿੰਘ ਸੌਂਦ ਮਾਲਵੇ ਨਾਲ ਸੰਬੰਧਤ ਹਨ ਜਦਕਿ ਡਾ: ਰਵਜੋਤ ਸਿੰਘ ਅਤੇ ਸ੍ਰੀ ਮਹਿੰਦਰ ਭਗਤ ਦੁਆਬੇ ਨਾਲ ਸੰਬੰਧਤ ਹਨ।

ਯਾਦ ਰਹੇ ਕਿ ਬੀਤੇ ਕਲ੍ਹ ਹੀ ਰਾਜ ਦੇ ਚਾਰ ਮੰਤਰੀਆਂ ਤੋਂ ਪਾਰਟੀ ਨੇ ਅਸਤੀਫ਼ੇ ਲੈ ਲਏ ਸਨ। ਇਨ੍ਹਾਂ ਵਿੱਚ ਸ੍ਰੀ ਬ੍ਰਹਮ ਸ਼ੰਕਰ ਜਿੰਪਾ, ਸ੍ਰੀਮਤੀ ਅਨਮੋਲ ਗਗਨ ਮਾਨ, ਸ: ਚੇਤਨ ਸਿੰਘ ਜੌੜਾਮਾਜਰਾ ਅਤੇ ਸ: ਬਲਕਾਰ ਸਿੰਘ ਸ਼ਾਮਲ ਸਨ।

ਇਸ ਤੋਂ ਪਹਿਲਾਂ ਰਾਜ ਕੈਬਨਿਟ ਵਿੱਚ 15 ਮੰਤਰੀ ਸ਼ਾਮਲ ਸਨ ਜਿਨ੍ਹਾਂ ਦੀ ਗਿਣਤੀ ਵਧ ਕੇ ਹੁਣ 16 ਹੋ ਗਈ ਹੈ।

ਨਵੇਂ ਕੈਬਨਿਟ ਮੰਤਰੀ ਸ: ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਤੋਂ ਪਹਿਲੀ ਵਾਰ ਦੇ ਵਿਧਾਇਕ ਹਨ।

ਸ੍ਰੀ ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ ਤੋਂ ਪਹਿਲੀ ਵਾਰ ਦੇ ਵਿਧਾਇਕ ਹਨ। ਉਹ 2022 ਵਿੱਚ ਸ੍ਰੀਮਤੀ ਰਜਿੰਦਰ ਕੌਰ ਭੱਠਲ ਅਤੇ ਸ: ਪਰਮਿੰਦਰ ਸਿੰਘ ਢੀਂਡਸਾ ਨੂੰ ਹਰਾ ਕੇ ਵਿਧਾਨ ਸਭਾ ਪੁੱਜੇ ਸਨ।

ਪੇਸ਼ੇ ਤੋਂ ਕਾਰੋਬਾਰੀ ਸ: ਤਰੁਨਪ੍ਰੀਤ ਸਿੰਘ ਸੌਂਦ ਵੀ ਹਲਕਾ ਖੰਨਾ ਤੋਂ ਪਹਿਲੀ ਵਾਰ ਦੇ ਵਿਧਾਇਕ ਹੋਣ ਦੇ ਨਾਲ ਨਾਲ ‘ਆਮ ਆਦਮੀ ਪਾਰਟੀ’ਪੰਜਾਬ ਦੇ ਉਪ-ਪ੍ਰਧਾਨ ਹਨ।

ਪੇਸ਼ੇ ਤੋਂ ਇੱਕ ਡਾਕਟਰ ਡਾ: ਰਵਜੋਤ ਸਿੰਘ ਸ਼ਾਮ ਚੁਰਾਸੀ ਤੋਂ ਪਹਿਲੀ ਵਾਰ ਦੇ ਵਿਧਾਇਕ ਹਨ ਜਿਨ੍ਹਾਂ ਨੂੰ ਹੁਣ ਮੰਤਰੀ ਬਣਾਇਆ ਗਿਆ ਹੈ।

ਸ੍ਰੀ ਮਹਿੰਦਰ ਭਗਤ ਵੀ ਪਹਿਲੀ ਵਾਰ ਦੇ ਵਿਧਾਇਕ ਹਨ। ਉਹ ਭਾਜਪਾ ਨਾਲ ਸੰਬੰਧਤ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਬੇਟੇ ਹਨ ਅਤੇ ਉਨ੍ਹਾਂ ਨੇ ਲੋਕ ਸਭਾ ਚੋਣਾਂ ਮੌਕੇ ਭਾਜਪਾ ਨੂੰ ਛੱਡ ਕੇ ‘ਆਪ’ ਦਾ ਪੱਲਾ ਫ਼ੜਿਆ ਸੀ। ਪਾਰਟੀ ਨੇ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਪੱਛਮੀ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਸੀ ਜਿਸ ਵਿੱਚ ਉਹ ਜੇਤੂ ਰਹੇ ਸਨ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਆਪਣੇ ਵਾਅਦੇ ਮੁਤਾਬਕ ਉਨ੍ਹਾਂ ਨੂੰ ਮੰਤਰੀ ਬਣਾਇਆ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ