Monday, September 23, 2024
spot_img
spot_img
spot_img

ਬਾਬਾ ਫਰੀਦ ਆਗਮਨ ਪੁਰਬ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ, ਟਿੱਲਾ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਮਾਈ ਗੋਦੜੀ ਸਾਹਿਬ ਵਿਖੇ ਹੋਇਆ ਸਮਾਪਤ

ਯੈੱਸ ਪੰਜਾਬ
ਫਰੀਦਕੋਟ, 23 ਸਤੰਬਰ, 2024

12ਵੀਂ ਸਦੀ ਦੇ ਮਹਾਨ ਸੂਫੀ ਦਰਵੇਸ਼ ਬਾਬਾ ਸ਼ੇਖ ਫਰੀਦ ਦੀਆਂ ਸਿੱਖਿਆਵਾਂ ਮਿੱਠਤ, ਹਲੀਮੀ, ਸਾਦਗੀ ਅਤੇ ਬੁਰੇ ਦਾ ਭਲਾ ਕਰਨ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਮਨੋਰਥ ਸਦਕਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਫਰੀਦਕੋਟ ਵਿਖੇ 19 ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ ਆਗਮਨ ਪੁਰਬ ਦੇ 5ਵੇਂ ਦਿਨ ਸਰਬੱਤ ਦੇ ਭਲੇ ਲਈ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਪਰਿਵਾਰ ਸਮੇਤ ਸੰਗਤਾਂ ਦੇ ਦਰਸ਼ਨ ਕੀਤੇ।

ਇਹ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਬਾ ਫਰੀਦ ਜੀ ਦੀ ਇਲਾਹੀ ਬਾਣੀ ਦੇ ਗੁਣਗਾਣ ਨਾਲ ਸ਼ਾਮਿਲ ਭਾਰੀ ਗਿਣਤੀ ਸੰਗਤਾਂ ਨੂੰ ਨਿਹਾਲ ਕਰਦਾ ਆਰੰਭ ਹੋਇਆ । ਨਗਰ ਕੀਰਤਨ ਵਿੱਚ ਸ਼ਾਮਿਲ ਇੱਕ ਵਿਸ਼ੇਸ਼ ਵਾਹਨ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਫੁੱਲਾਂ ਨਾਲ ਸਜਾਈ ਹੋਈ ਸੀ ਜਿਸ ‘ਤੇ ਦੋਨਾਂ ਰਸਤਿਆਂ ‘ਚ ਖੜੀ ਸਾਧ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸੀਸ ਝੁਕਾਇਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।

ਇਸ ਦੌਰਾਨ ਸਾਰੇ ਰਸਤੇ ‘ਤੇ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਕੇ ਪੂਰੇ ਰਸਤੇ ਦੀ ਸਫਾਈ ਦੀ ਸੇਵਾ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਸ਼ਰਧਾਲੂਆਂ ਵੱਲੋਂ ਥਾਂ-ਥਾਂ ‘ਤੇ ਚਾਹ, ਮਠਿਆਈ, ਫਲ ਆਦਿ ਦੇ ਲੰਗਰ ਵੀ ਲਗਾਏ ਗਏ। ਬਾਬਾ ਫਰੀਦ ਜੀ ਦੀ ਉਚਾਰੀ ਬਾਣੀ ਦਾ ਜਾਪ ਕਰਦਿਆਂ ਜਦ ਇਹ ਨਗਰ ਕੀਰਤਨ ਡਿਪਟੀ ਕਮਿਸ਼ਨਰ ਨਿਵਾਸ ਤੇ ਪਹੁੰਚਿਆਂ ਤਾਂ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਫਰੀਦਕੋਟ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਗੁਰੂ ਗਰੰਥ ਸਾਹਿਬ ਦੀ ਦੇਹ ਤੇ ਰੁਮਾਲਾ ਭੇਂਟ ਕੀਤਾ ਅਤੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।

ਇਸ ਤੋਂ ਪਹਿਲਾਂ ਆਪਣੇ ਨਿਵਾਸ ਸਥਾਨ ਦੇ ਬਾਹਰ ਡਿਪਟੀ ਕਮਿਸ਼ਨਰ ਨੇ ਸ਼ਰਧਾਲੂਆਂ ਦੀ ਲੱਡੂਆਂ ਅਤੇ ਚਾਹ ਦੇ ਲੰਗਰ ਨਾਲ ਸੇਵਾ ਵੀ ਕੀਤੀ। ਉਨ੍ਹਾਂ ਸਮੂਹ ਜਿਲ੍ਹਾ ਵਾਸੀਆਂ ਦਾ ਮੇਲੇ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਅਤੇ ਮੇਲੇ ਨੂੰ ਚਾਰ ਚੰਨ ਲਗਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਤਰਾਂ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਰਾਹੀਂ ਹੁੰਦਾ ਹੋਇਆ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਪੁੱਜਾ ਤਾਂ ਇੱਥੇ ਪੁੱਜ ਕੇ ਇਸਨੇ ਵਿਸ਼ਾਲ ਧਾਰਮਿਕ ਦੀਵਾਨ ਦਾ ਰੂਪ ਧਾਰਣ ਕਰ ਲਿਆ ।ਇਸ ਮੌਕੇ ਮਸ਼ਹੂਰ ਰਾਗੀ ਜੱਥਿਆਂ ਵੱਲੋਂ ਸੰਗਤਾਂ ਨੂੰ ਆਪਣੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ