ਯੈੱਸ ਪੰਜਾਬ
ਬਠਿੰਡਾ, 25 ਨਵੰਬਰ, 2022:
ਪੰਜਾਬ ਦੇ ਇਕ ਪੁਲਿਸ ਸਟੇਸ਼ਨ ਵਿੱਚੋਂ ਵੱਖ-ਵੱਖ ਕੇਸਾਂ ਦੇ ਦੌਰਾਨ ਬਰਾਮਦ ਕੀਤੇ ਜਾਂ ਦੋਸ਼ੀਆਂ ਤੇ ਹੋਰ ਲੋਕਾਂ ਤੋਂ ਰਖ਼ਵਾਏ ਗਏ ਇਕ ਦਰਜਨ ਤੋਂ ਵੀ ਵੱਧ ਹਥਿਆਰ ਗਾਇਬ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਥਾਣੇ ਦੇ ਮੁਨਸ਼ੀ ਦੇ ਖਿਲਾਫ਼ ਐਫ.ਆਈ.ਆਰ.ਦਰਜ ਕੀਤੀ ਹੈ।
ਇਸ ਦੇ ਨਾਲ ਹੀ ਇਸ ਸੰਬੰਧ ਵਿੱਚ ਬਣਾਈ ਗਈ ਐਸ.ਆਈ.ਟੀ. ਦੀ ਜਾਂਚ ਰਿਪੋਰਟ ਵਿੱਚ ਅਹਿਮ ਖ਼ੁਲਾਸੇ ਹੋਏ ਹਨ।
ਕੇਵਲ 12 ਤੋਂ ਵੱਧ ਹਥਿਆਰ ਹੀ ਗਾਇਬ ਨਹੀਂ ਹੋਏ, ਥਾਣੇ ਵਿੱਚੋਂ 300 ਕਾਰਤੂਸ ਅਤੇ 7 ਲੱਖ 20 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਗਾਇਬ ਪਾਈ ਗਈ ਹੈ।
ਇਸ ਰਿਪੋਰਟ ਦੇ ਆਧਾਰ ’ਤੇ ਹੀ ‘ਫ਼ਰਾਰ’ ਹੋ ਚੁੱਕੇ ਮੁਨਸ਼ੀ ਦੇ ਖਿਲਾਫ਼ ਐਫ.ਆਈ.ਆਰ.ਦਰਜ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦ ਪੁਲਿਸ ਨੇ ਇਕ ਸਮੱਗਲਰ ਨੂੰ ਫ਼ੜਿਆ ਅਤੇ ਉਸਤੋਂ ਇਕ ਹਥਿਆਰ ਬਰਾਮਦ ਹੋਇਆ। ਹਥਿਆਰ ਦਾ ਨੰਬਰ ਚੈੱਕ ਕੀਤਾ ਗਿਆ ਤਾਂ ਇਹ ਇਕ ਵਿਅਕਤੀ ਦੇ ਨਾਂਅ ’ਤੇ ਬਣੇ ਲਾਇਸੰਸ ਵਿੱਚ ਦਰਜ ਸੀ। ਪ੍ਰੀਤਮ ਸਿੰਘ ਨਾਂਅ ਦੇ ਇਸ ਵਿਅਕਤੀ ਤੋਂ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਦਾ ਹਥਿਆਰ ਤਾਂ ਦਿਆਲਪੁਰਾ ਥਾਣੇ ਵਿੱਚ ਜਮ੍ਹਾਂ ਹੈ। ਇਸ ਤੋਂ ਬਾਅਦ ਤੁਰੀ ਗੱਲ ਇੱਥੇ ਆਈ ਕਿ ਥਾਣੇ ਵਿੱਚੋਂ ਇਕ ਹੀ ਨਹੀਂ ਦਰਜਨ ਤੋਂ ਵੱਧ ਹਥਿਆਰ ਗਾਇਬ ਹਨ।
ਇਸੇ ਮਾਮਲੇ ਦੇ ਚੱਲਦਿਆਂ ਫ਼ਰਾਰ ਹੋਏ ਮੁਨਸ਼ੀ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ