ਯੈੱਸ ਪੰਜਾਬ
ਚੰਡੀਗੜ੍ਹ, 17 ਜੂਨ, 2021:
ਕੈਪਟਨ ਅਮਰਿੰਦਰ ਸਿੰਘ ਦੇ ਮੁਖ਼ਰ ਵਿਰੋਧੀਆਂ ਵਿੱਚੋਂ ਸਿਖ਼ਰਲੀ ਕਤਾਰ ਵਿੱਚ ਖੜ੍ਹੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਅਤੇ ਕਾਂਗਰਸ ਵਿਧਾਇਕ ਸ: ਫ਼ਤਹਿ ਜੰਗ ਸਿੰਘ ਬਾਜਵਾ, ਜਿਨ੍ਹਾਂ ਦੀ ਬੀਤੇ ਦਿਨੀਂ ਮੁੱਖ ਮੰਤਰੀ ਨਾਲ ਮੁਲਾਕਾਤ ਮਗਰੋਂ ਚਰਚਾਵਾਂ ਦਾ ਬਜ਼ਾਰ ਗਰਮ ਹੈ ਨੇ ਗੱਲ ਸਿਰੇ ਲਾ ਦਿੱਤੀ ਹੈ।
ਅੱਜ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸ: ਫ਼ਤਹਿ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਸ: ਪ੍ਰਤਾਪ ਸਿੰਘ ਬਾਜਵਾ ਮੇਰੀ ਵੱਡੇ ਭਾਈ ਹਨ, ਉਨ੍ਹਾਂ ਦੀ ਜਗ੍ਹਾ ਵੱਡੇ ਭਾਈ ਵਾਲੀ ਹੈ ਪਰ ਜਿੱਥੇ ਤਕ ਰਾਜਸੀ ਗੱਲ ਹੈ, ਮੇਰੇ ਲੀਡਰ ਕੈਪਟਨ ਅਮਰਿੰਦਰ ਸਿੰਘ ਹਨ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਵੱਡਾ ਚਿਹਰਾ ਕਿਸੇ ਵੀ ਪਾਰਟੀ ਕੋਲ ਨਹੀਂ ਹੈ ਜੋ ਪੰਜਾਬ ਦੇ ਮੁੱਦਿਆਂ ਲਈ ਖੜ੍ਹਾ ਹੋਵੇ। ਉਨ੍ਹਾਂ ਇਹ ਵੀ ਆਖ਼ਿਆ ਕਿ ਕੈਪਟਨ ਨੇ ਮੇਰੀ ਬਾਂਹ ਕਦੇ ਨਹੀਂ ਛੱਡੀ ਇਸ ਲਈ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਛੱਡਣ ਦਾ ਸਵਾਲ ਹੀ ਨਹੀਂ।
ਸ: ਫ਼ਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਜਿੱਥੇ ਤਕ ਭਰਾ ਦੇ ਨਾਤੇ ਦੀ ਗੱਲ ਹੈ, ਉਹ ਸ: ਪ੍ਰਤਾਪ ਸਿੰਘ ਬਾਜਵਾ ਨਾਲ ਹੈ ਪਰ ਲੀਡਰ ਕੈਪਟਨ ਅਮਰਿੰਦਰ ਸਿੰਘ ਹੀ ਹਨ ਕਿਉਂਕਿ ਉਹ ਮੇਰੇ ਨਾਲ ਹਰ ਵੇਲੇ ਖੜ੍ਹੇ ਹੋਏ ਹਨ।
ਉਂਜ ਉਨ੍ਹਾਂ ਇਹ ਵੀ ਆਖ਼ਿਆ ਕਿ ਇਹ ਚੰਦ ਦਿਨਾਂ ਦੀ ਹੀ ਗੱਲ ਹੈ ਅਤੇ ਛੇਤੀ ਹੀ ਕੈਪਟਨ ਅਮਰਿੰਦਰ ਸਿੰਘ, ਸ: ਪ੍ਰਤਾਪ ਸਿੰਘ ਬਾਜਵਾ ਅਤੇ ਸ: ਨਵਜੋਤ ਸਿੰਘ ਸਿੱਧੂ ਆਦਿ ਸਾਰੇ ਹੀ ਆਗੂ ਪੰਜਾਬ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਦੇ ਨਜ਼ਰ ਆਉਣਗੇ।
ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਾਟੋ ਕਲੇਸ਼ ਦੀ ਗੱਲ ਕਰਦਿਆਂ ਸ: ਫ਼ਤਹਿ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਇਹ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬਾਗੀ ਸੁਰਾਂ ਉਠਾ ਰਹੇ ਆਗੂਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਪਣੇ ਜਿਹੜੇ ਨੇੜਲੇ ਸਾਥੀਾਂ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਵਿਸ਼ਵਾਸ ਕੀਤਾ ਸੀ ਉਹਨਾਂ ਦੇ ਵਿਉਹਾਰ ਤੋਂ ਕੈਪਟਨ ਅਮਰਿੰਦਰ ਮਾਯੂਸ ਹਨ ਕਿਉਂਕਿ ਉਹ ਸਮਝਦੇ ਹਨ ਕਿ ਇਨ੍ਹਾਂ ਆਗੂਆਂ ਨੇ ਉਨ੍ਹਾਂ ਦਾ ਸਾਥ ਨਹੀਂ ਨਿਭਾਇਆ। ਉਹਨਾਂ ਕਿਹਾ ਕਿ ਗੱਲਾਂ ਤਾਂ ਪਰਿਵਾਰਾਂ ਵਿੱਚ ਹੋ ਹੀ ਜਾਂਦੀਆਂ ਹਨ ਪਰ ਬਾਹਰ ਜਾ ਕੇ ਬਿਆਨਬਾਜ਼ੀ ਕਰਨੀ ਠੀਕ ਨਹੀਂ ਲੱਗਦੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ