Tuesday, May 14, 2024

ਵਾਹਿਗੁਰੂ

spot_img
spot_img

‘ਨਾਨਕ ਸ਼ਾਹ ਫ਼ਕੀਰ’ ਬਾਰੇ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਨੂੰ ਕੁਝ ਸਵਾਲ – ਐੱਚ.ਐੱਸ.ਬਾਵਾ

- Advertisement -

ਸਿੱਖਾਂ ਦੇ ਇਤਰਾਜ਼ ਅਤੇ ਵਿਰੋਧ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਅੰਤਲੇ ਸਮੇਂ ਪਾਈ ਜਾ ਰਹੀ ‘ਹਾਲ ਦੁਹਾਈ’ ਦੇ ਬਾਵਜੂਦ ‘ਨਾਨਕ ਸ਼ਾਹ ਫ਼ਕੀਰ’ ਦੇ ਨਿਰਮਾਤਾ 13 ਅਪ੍ਰੈਲ ਨੂੰ ਫ਼ਿਲਮ ਰਿਲੀਜ਼ ਕਰਨ ਲਈ ਬਜ਼ਿਦ ਹਨ।

ਵਿਵਾਦਗ੍ਰਸਤ ਧਾਰਮਿਕ ਫ਼ਿਲਮਾਂ ਨਾਲ ‘ਸਿੱਝਣ’ ਲਈ ਸ਼੍ਰੋਮਣੀ ਕਮੇਟੀ ਹੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਦੇ ਤੌਰ ’ਤੇ ਅੱਗੇ ਆਉਂਦੀ ਹੈ ਪਰ ਅਫ਼ਸੋਸ ਕਿ ਜਿਸ ਫ਼ਿਲਮ ’ਤੇ ਵੀ ਕੋਈ ਕਿੰਤੂ ਹੋ ਜਾਂਦਾ ਹੈ, ਉਸ ਦੇ ਰਿਲੀਜ਼ ਹੋਣ ਤਕ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ।

ਕਦੇ ਕਿਸੇ ਫ਼ਿਲਮ ਨੂੰ ਪਹਿਲਾਂ ਸਹੀ ਅਤੇ ਬਾਅਦ ਵਿਚ ਗ਼ਲਤ ਕਰਾਰ ਦੇ ਦਿੱਤਾ ਜਾਂਦਾ ਹੈ ਅਤੇ ਕਦੇ ਪਹਿਲਾਂ ਉਹੀ ਫ਼ਿਲਮ ਗ਼ਲਤ ਹੁੰਦੀ ਹੈ ਅਤੇ ਬਾਅਦ ’ਚ ਉਸੇ ਨੂੰ ਸਹੀ ਕਰਾਰ ਦਿੰਦਿਆਂ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਐਕਟਰਾਂ ਦੇ ਗਲ ਵਿਚ ਹਾਰ ਪਾ ਕੇ ਤਸਵੀਰਾਂ ਸਾਂਝੀਆਂ ਕਰਨ ਤੋਂ ਇਲਾਵਾ ਸਾਂਝੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ।

ਮੁਕਦੀ ਗੱਲ ਕਿ ਜਿਨ੍ਹਾਂ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਗੱਲ ਕਰਕੇ ਫ਼ਿਲਮ ਸੰਬੰਧੀ ਚਿੰਤਾ ਵਿਖਾਈ ਜਾਂਦੀ ਹੈ, ਉਨ੍ਹਾਂ ਨੂੰ ਤਾਂ ਸਮਝ ਹੀ ਨਹੀਂ ਲੱਗਦੀ ਕਿ ਫ਼ਿਲਮ ਦੇ ਨਾਂਅ ਹੇਠ ਪਰਦੇ ਪਿੱਛੇ ਹੋ ਕੀ ਰਿਹਾ ਹੈ, ਕਿਹੜੀਆਂ ਖ਼ੇਡਾਂ ਖ਼ੇਡੀਆਂ ਜਾ ਰਹੀਆਂ ਹਨ।

ਇਹ ਫ਼ਿਲਮਾਂ ਵਾਲੀ ਗੱਲ ਕੋਈ ‘ਵੱਡੀ ਗੱਲ’ ਹੋਵੇਗੀ। ਇਸੇ ਲਈ ਤਾਂ ਪਹਿਲਾਂ ਨਾਲੋਂ ਸਿਆਸੀ ਤੌਰ ’ਤੇ ‘ਕਮਜ਼ੋਰ’ ਹੋਈ ਸ਼੍ਰੋਮਣੀ ਕਮੇਟੀ ਦੇ ਏਕਾਧਿਕਾਰ ਵਾਲੇ ਇਸ ਮਾਮਲੇ ਵਿਚ ਪਹਿਲਾਂ ਨਾਲੋਂ ਸਿਆਸੀ ਤੌਰ ’ਤੇ ‘ਤਕੜੀ’ ਹੋਈ ਦਿੱਲੀ ਕਮੇਟੀ ਵੀ ਇਸ ਮਾਮਲੇ ਵਿਚ ਧਿਰ ਵਜੋਂ ਵਿਚਰਣ ਲੱਗੀ ਹੈ।

ਭਰੋਸਾ ਤਾਂ ਕਿਸੇ ਇਕ ਨੇ ਕੀਤਾ ਹੋਵੇ ਤਾਂ ਜ਼ਿੰਮੇਵਾਰੀ ਬੜੀ ਭਾਰੀ ਆਣ ਪੈਂਦੀ ਹੈ ਪਰ ਜਦ ਸਮੁੱਚੀ ਕੌਮ ਕਿਸੇ ’ਤੇ ਇਹ ਭਰੋਸਾ ਕਰਦੀ ਹੈ ਕਿ ਉਹ ਧਾਰਮਿਕ ਮੁੱਦਿਆਂ ਦੇ ਸੰਬੰਧ ਵਿਚ ਕੌਮ ਦੇ ਹਿਤਾਂ ਦੀ ਰਾਖ਼ੀ ਕਰੇਗਾ ਤਾਂ ਜ਼ਿੰਮੇਵਾਰੀ ਕੇਵਲ ਜ਼ਿੰਮੇਵਾਰੀ ਹੀ ਨਹੀਂ ਰਹਿੰਦੀ ਧਰਮ ਬਣ ਜਾਂਦੀ ਹੈ। ਇਸ ਜ਼ਿੰਮੇਵਾਰੀ ਨੂੰ ਧਰਮ ਵਾਂਗ ਹੀ ਨਿਭਾਇਆ ਜਾਣਾ ਚਾਹੀਦਾ ਹੈ।

ਗੁਰਮੀਤ ਰਾਮ ਰਹੀਮ ਨੂੰ ਦਿੱਤੀ ‘ਕਲੀਨ ਚਿੱਟ’ ’ਤੇ ਸਿੱਖ ਸੰਗਤਾਂ ਵੱਲੋਂ ਕੀਤੀ ‘ਹਾਲ ਪਾਹਰਿਆ’ ਤੋਂ ਬਾਅਦ ਜਿਵੇਂ ਨਿੰਮੋਝੂਣੇ ਹੋ ਕੇ ਗਿਆਨੀ ਗੁਰਬਚਨ ਸਿੰਘ ਸਮੇਤ ਸਾਰਿਆਂ ਹੀ ਸਿੰਘ ਸਾਹਿਬਾਨ ਨੇ ਪੈਰ ਪਿਛਾਂਹ ਖਿੱਚੇ ਸਨ, ਉਸ ਨਾਲ ਇਨ੍ਹਾਂ ਮਾਣ ਮੱਤੇ ਅਹੁਦਿਆਂ ਦੀ ਸ਼ਾਨ ਘਟੀ ਸੀ ਅਤੇ ਕੌਮ ਦੇ ਰਾਹ ਦਸੇਰਿਆਂ ਵਜੋਂ ਸਤਿਕਾਰੇ ਜਾਂਦੇ ਜਥੇਦਾਰਾਂ ਨੂੰ ਐਸੀ ਅਲੋਚਨਾ ਅਤੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਕਿ ਕਈ ਦਿਨ ਬਾਹਰ ਜਾਣਾ ਹੀ ‘ਵਰਜਿਤ’ ਹੋ ਗਿਆ ਸੀ।

ੳਮੀਦ ਸੀ ਕਿ ਉਕਤ ਤੋਂ ਬਾਅਦ ਹਾਲਾਤ ਸੁਧਰਣਗੇ, ਵਿਉਹਾਰ ਬਦਲਣਗੇ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਦੇ ਅਹਿਸਾਸ ਵਿਚ ਵਾਧਾ ਵੇਖ਼ਣ ਨੂੰ ਮਿਲੇਗਾ ਪਰ ਇਸ ਤਰ੍ਹਾਂ ਦਾ ਕੁਝ ਸਾਹਮਣੇ ਨਹੀਂ ਆਇਆ। ਚਾਰ ਦਿਨਾਂ ਦੇ ਨਿਮੋਝੂਣ ਵਾਤਾਵਰਣ ਤੋਂ ਬਾਅਦ ਗੱਡੀ ਮੁੜ ਪਟੜੀ ’ਤੋਂ ਲਹਿ ਗਈ ਹੈ, ਕੌਮ ਦੇ ਮਾਮਲਿਆਂ ਨਾਲ ਨਜਿੱਠਣ ਦੇ ਮੁੜ ਪਹਿਲਾਂ ਜਿਹੇ ਹੀ ਢੰਗ ਤਰੀਕੇ ਸਾਹਮਣੇ ਆ ਰਹੇ ਹਨ।

ਹਾਲਾਤ ਇਕ ਵਾਰ ਫ਼ਿਰ ਗੰਭੀਰ ਹਨ। ਇਸ ਫ਼ਿਲਮ ਵਿਚ ਗੁਰੂ ਨਾਨਕ ਸਾਹਿਬ ਨੂੰ ‘ਐਨੀਮੇਸ਼ਨ’ ਰਾਹੀਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰਾਂ ਨੂੰ ਕਲਾਕਾਰਾਂ ਵੱਲੋਂ ਪੇਸ਼ ਕੀਤੇ ਜਾਣ ਕਾਰਨ ਅਨੇਕਾਂ ਪੰਥਕ ਧਿਰਾਂ ਅਤੇ ਆਮ ਸਿੱਖ ਚਿੰਤਿਤ ਹਨ ਕਿਉਂਕਿ ਸਿੱਖ ਧਰਮ ਦੇ ਫ਼ਲਸਫ਼ੇ ਅਤੇ ਹੁਣ ਤਕ ਪ੍ਰਚੱਲਿਤ ਵਿਵਸਥਾਵਾਂ ਤਹਿਤ ਕਿਸੇ ਨਾਟਕ, ਫ਼ਿਲਮ ਜਾਂ ਹੋਰ ਕਾਰਜਾਂ ਲਈ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਚਿਤਰਣ ਦੀ ਮਨਾਹੀ ਰਹੀ ਹੈ।

ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਜੱਕੋ ਤੱਕੀ ਨੇ ਸਥਿਤੀ ਇੱਥੇ ਲਿਆ ਖੜ੍ਹੀ ਕੀਤੀ ਹੈ ਕਿ ਫ਼ਿਲਮ ਨਿਰਮਾਤਾ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇਕ ਸਮੇਂ ਭਰੀ ਹਾਮੀ ’ਤੇ ਆਧਾਰਿਤ ਚਿੱਠੀਆਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਫ਼ਿਲਮ ਦੀ ਪ੍ਰਸੰਸਾ ਸੰਬੰਧੀ ਅੰਗਰੇਜ਼ੀ ਵਿਚ ਜਾਰੀ ਪੱਤਰ ਨੂੰ ਅਕਾਲ ਤਖ਼ਤ ਸਾਹਿਬ ਦੀ ‘ਕਲੀਨ ਚਿੱਟ’ ਦੇ ਰੂਪ ਵਿਚ ਪੇਸ਼ ਕਰਕੇ ਆਪਣਾ ਕੇਸ ਮਜ਼ਬੂਤ ਕਰ ਰਹੇ ਹਨ।

ਉਧਰ ਨਿਰਮਾਤਾ ਫ਼ਿਲਮ ਰਿਲੀਜ਼ ਕਰਨ ਲਈ ਬਜ਼ਿਦ ਹੈ ਅਤੇ ਇਧਰ ਸਿੱਖ ਇਸ ਗੱਲ ’ਤੇ ਅੜੇ ਹਨ ਕਿ ਫ਼ਿਲਮ ਕਿਸੇ ਵੀ ਸੂਰਤ ਵਿਚ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਗਿਆਨੀ ਗੁਰਬਚਨ ਸਿੰਘ ਵੀ ਇਸ ਵੇਲੇ ‘ਪ੍ਰੈਸ਼ਰ’ ਵਿਚ ਹਨ ਕਿਉਂਕਿ ਨਿਰਮਾਤਾ ਉਨ੍ਹਾਂ ਤੋਂ ਇਕ ਵਾਰ ‘ਕਲੀਨ ਚਿੱਟ’ ਲੈ ਲੈਣ ਦਾ ਦਾਅਵਾ ਕਰਦਾ ਹੁਣ ਉਨ੍ਹਾਂ ਦੀ ਗੱਲ ਸੁਨਣ ਲਈ ਤਿਆਰ ਨਹੀਂ ਅਤੇ ਸੰਗਤ ਇਹ ਫ਼ਿਲਮ ਰਿਲੀਜ਼ ਹੋਣ ਦੇਣ ਨੂੰ ਤਿਆਰ ਨਹੀਂ।

ਇਕ ਵਾਰ ਫ਼ਿਰ ਟਕਰਾਅ ਵਾਲੀ ਸਥਿਤੀ ਬਣ ਰਹੀ ਹੈ, ਇਕ ਵਾਰ ਫ਼ਿਰ ਸਿੱਖਾਂ ਨੂੰ ਨਮੋਸ਼ੀ ਅਤੇ ਬਦਨਾਮੀ ਝੱਲਣੀ ਪੈ ਸਕਦੀ ਹੈ। ਜਦ ਇਸ ਫ਼ਿਲਮ ਨੂੰ ਰੋਕਣ ਲਈ ਧਰਨੇ, ਮੁਜ਼ਾਹਰੇ ਹੋਣਗੇ ਤਾਂ ਫ਼ਿਰ ਕੌਮ ਸਵਾਲਾਂ ਦੇ ਘੇਰੇ ਵਿਚ ਆਏਗੀ, ਕੌਮ ਪ੍ਰਤੀ ਨਾਕਾਰਾਤਮਕ ਪ੍ਰਚਾਰ ਹੋਵੇਗਾ। ਸਿੱਖ ਤਾਂ ਇਸ ਫ਼ਿਲਮ ਦੇ ਖਿਲਾਫ਼ ਹੁਣ ਤੋਂ ਹੀ ਸੜਕਾਂ’ਤੇ ਹਨ। ਇਸ ਲਈ ਜਿੰਮੇਵਾਰ ਕੌਣ ਹੈ?

ਇਸ ਮਾਮਲੇ ਵਿਚ ਸਿੱਖ ਹਿਤਾਂ’ਤੇ ਪਹਿਰਾ ਦੇਣ ਲਈ ਚੁਣੀ ਗਈ ਸ਼੍ਰੋਮਣੀ ਕਮੇਟੀ ਕਈ ‘ਫਾਊਲ’ ਖੇਡਣ ਤੋਂ ਬਾਅਦ ਅੱਜ ਇੱਥੇ ਖੜ੍ਹੀ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਇਹ ਕਹਿ ਰਹੇ ਹਨ ਕਿ ‘ਦਾਸ’ ਨੇ ਪ੍ਰਧਾਨ ਮੰਤਰੀ ਨੂੰ ਇਹ ਫ਼ਿਲਮ ਰੋਕਣ ਦੀ ਅਪੀਲ ਕੀਤੀ ਹੈ। ਸਥਿਤੀ ਇਹ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਵੀ ਇਸ ਮਾਮਲੇ ਵਿਚ ਨਿਭਾਈ ਭੂਮਿਕਾ ਸੰਬੰਧੀ ਸਫ਼ਾਈਆਂ ਦੇਣੀਆਂ ਪੈ ਰਹੀਆਂ ਹਨ।

ਸਾਡਾ ਇਹ ਲੇਖ਼ ਗਿਆਨੀ ਗੁਰਬਚਨ ਸਿੰਘ ਵੱਲੋਂ ਪਹਿਲਾਂ ਜਾਰੀ ਇਕ ਪੱਤਰ ਅਤੇ ਹੁਣ ਬੋਲੇ ਜਾ ਰਹੇ ਬੋਲਾਂ ਦੇ ਸੰਬੰਧ ਵਿਚ ਹੋਣ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੀ ਇਸ ਮਸਲੇ ’ਤੇ ਪਹੁੰਚ ਬਾਰੇ ਹੀ ਹੈ। ਅਸੀਂ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਨੂੰ ਨਾ ਤਾਂ ਘਟਾ ਕੇ ਵੇਖ਼ਦੇ ਹਾਂ ਅਤੇ ਨਾ ਹੀ ਇਸ ਦਾ ਸਤਿਕਾਰ ਘਟਾਉਣਾ ਸਾਡਾ ਮਨਸ਼ਾ ਹੈ। ਹਾਂ, ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਚਾਹ ਰਹੇ ਹਾਂ।

ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਬਾਰੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ: ਸੁਖ਼ਦੇਵ ਸਿੰਘ ਭੌਰ ਨੇ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿਚ ਕਿਹਾ ਕਿ ਜਥੇਦਾਰ ਸਾਹਿਬ ਤਾਂ ਪਹਿਲਾਂ ਹੀ ਫ਼ਿਲਮ ਨੂੰ ‘ਕਲੀਨ ਚਿੱਟ’ ਦੇ ਚੁੱਕੇ ਹਨ, ਹੁਣ ਕੀ ਹੋ ਸਕਦਾ ਹੈ? ਇਸ ਦਾ ਜੁਆਬ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਈ ਕਲੀਨ ਚਿੱਟ ਨਹੀਂ ਦਿੱਤੀ। ਸ: ਭੌਰ ਨੇ ਮੋੜਵਾਂ ਜਵਾਬ ਸੀ ਕਿ ਜੇ ਜਥੇਦਾਰ ਜੀ ਚਾਹੁਣ ਤਾਂ ਉਹ ਉਨ੍ਹਾਂ ਵੱਲੋਂ ਲਿਖ਼ੀ ਚਿੱਠੀ ਵਿਖਾ ਸਕਦੇ ਹਨ।

ਉਸ ਤੋਂ ਬਾਅਦ ਵੀ ਕਈ ਵੇਰਾਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਫ਼ਿਲਮ ਨੂੰ ਕੋਈ ‘ਕਲੀਨ ਚਿੱਟ’ ਜਾਂ ਪ੍ਰਵਾਨਗੀ ਨਹੀਂ ਦਿੱਤੀ। ਅੱਜ ਐਤਵਾਰ, 8 ਅਪ੍ਰੈਲ, 2018 ਦੇ ਅਖ਼ਬਾਰਾਂ ਵਿਚ ਵੀ ਉਨ੍ਹਾਂ ਦਾ ਪਟਿਆਲੇ ਤੋਂ ਬਿਆਨ ਪੜ੍ਹਿਐ ਜਿਸਦਾ ਸੰਬੰਧਤ ਹਿੱਸਾ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।

ਖ਼ਬਰ ’ਚ ਜਥੇਦਾਰ ਹੁਰਾਂ ਦੇ ਹਵਾਲੇ ਨਾਲ ਕਿਹਾ ਗਿਐ ਕਿ ‘ਜਦੋਂ ਸਾਨੂੂੰ ਪਤਾ ਲੱਗਾ ਕਿ ‘ਨਾਨਕ ਸ਼ਾਹ ਫ਼ਕੀਰ’ਨਾਂਅ ਦੀ ਵੀ ਇਕ ਫ਼ਿਲਮ ਬਣ ਰਹੀ ਹੈ ਤਾਂ ਅਸੀਂ ਇਸ ਉਪਰਾਲੇ ਦੀ ਸ਼ਲਾਘਾ ਸੰਬੰਧੀ ਪੱਤਰ ਲਿਖ਼ਿਆ ਸੀ ਪਰ ਜਦੋਂ ਫ਼ਿਲਮ ਸੰਚਾਲਕਾਂ ਨੇ ਉਨ੍ਹਾਂ ਨੂੰ ਫ਼ਿਲਮ ਬਣਾ ਕੇ ਦਿਖ਼ਾਈ ਤਾਂ ਉਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਕਿਰਦਾਰ ਕਲਾਕਾਰਾਂ ਵੱਲੋਂ ਅਦਾ ਕੀਤੇ ਗਏ ਸਨ ਜਿਸ ’ਤੇ ਅਸੀਂ ਇਤਰਾਜ਼ ਜਤਾਉਂਦਿਆਂ ਇਸ ਨੂੰ ਦਰੁਸਤ ਕਰਨ ਲਈ ਆਖ਼ਿਆ ਸੀ। ਇਸ ਕਰਕੇ ਮੇਰੇ ਵੱਲੋਂ ਫ਼ਿਲਮ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।’

ਅਸੀਂ ਜਥੇਦਾਰ ਜੀ ਦੇ ਉਕਤ ਬੋਲ ਸਮਝ ਲਏ ਹਨ ਅਤੇ ਇਨ੍ਹਾਂ ਨੂੰ ਮੰਨ ਲਿਆ ਹੈ ਪਰ ਦੂਜੇ ਬੰਨੇ ਸਾਡੇ ਸਾਹਮਣੇ ਅਕਾਲ ਤਖ਼ਤ ਦੇ ਲੈਟਰ ਹੈਡ ’ਤੇ ਉਨ੍ਹਾਂ ਵੱਲੋਂ 22 ਫ਼ਰਵਰੀ 2015 ਨੂੰ ਫ਼ਿਲਮ ਦੇ ਪ੍ਰੋਡਿਊਸਰ ਦੇ ਨਾਂਅ ਅੰਗਰੇਜ਼ੀ ਵਿਚ ਲਿਖ਼ੀ ਚਿੱਠੀ ਨੰ: ਅ.ਤ. 3736 ਪਈ ਹੈ। ਇਸ ਚਿੱਠੀ ਦਾ ਪੰਜਾਬੀ ਉਲਥਾ ਕੁਝ ਇਉਂ ਹੋਵੇਗਾ।

‘ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਅਤੇ ਸਿੱਖ ਧਰਮ ਬਾਰੇ ਤੁਹਾਡੇ ਵੱਲੋਂ ਬਣਾਈ ਗਈ ਫ਼ਿਲਮ ਸ਼ਲਾਘਾਯੋਗ ਹੈ। ਇਸ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਇਹ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਇਕ ਚੰਗੀ ਉਦਾਹਰਣ ਹੈ।’

ਸਾਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਹੈ ਕਿ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਸਿੱਖ ਕੌਮ ਇਸ ਮਾਮਲੇ ਵਿਚ ਉਨ੍ਹਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਨੂੰ ਮੰਨੇ ਜਾਂ ਫ਼ਿਰ ਉਨ੍ਹਾਂ ਵੱਲੋਂ ਹੁਣ ਬੋਲੇ ਜਾ ਰਹੇ ਬੋਲਾਂ ਨੂੰ। ਦੋਵੇਂ ਹੀ ਗੱਲਾਂ ਠੀਕ ਹੋਣ, ਮਨ ਇਹ ਗਵਾਹੀ ਨਹੀਂ ਭਰਦਾ।

ਸ਼੍ਰੋਮਣੀ ਕਮੇਟੀ ਵੱਲੋਂ ਇਸ ਮਸਲੇ ਉੱਤੇ ਕਈ ਵਾਰ ‘ਫਲਿੱਪ ਫਲਾਪ’ ਭਾਵ ਹਰ ਵੇਲੇ ਪੈਂਤੜੇ ਬਦਲਦਿਆਂ ਬਿਆਨ ਦਾਗੇ ਗਏ, ਕਮੇਟੀਆਂ ਬਣਾਈਆਂ ਗਈਆਂ ਪਰ ਸ਼੍ਰੋਮਣੀ ਕਮੇਟੀ ਵਿਚੋਂ ਕੀ ਕੋਈ ਇਹ ਦੱਸ ਸਕੇਗਾ ਕਿ ਇਕ ਫ਼ਿਲਮ ਜਿਸ ਵਿਚ ਗੁਰੂ ਨਾਨਕ ਸਾਹਿਬ ਦੀ ‘ਐਨੀਮੇਸ਼ਨ’, ਜਿਸ ਦੇ ‘ਐਨੀਮੇਸ਼ਨ’ ਹੋਣ ਸੰਬੰਧੀ ਵੀ ਸ਼ੱਕ ਜ਼ਾਹਿਰ ਕੀਤੇ ਜਾ ਰਹੇ ਹਨ ਅਤੇ ਗੁਰੂ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਕਲਾਕਾਰਾਂ ਵੱਲੋਂ ਅਦਾ ਕੀਤੇ ਗਏ ਹੋਣ, ਉਸ ਫ਼ਿਲਮ ਵਿਚ ਕੀ ਸੋਧਾਂ ਕਰਵਾਈਆਂ ਜਾ ਸਕਦੀਆਂ ਸਨ ਜਾਂ ਕਰਵਾਈਆਂ ਜਾ ਸਕਦੀਆਂ ਹਨ? ਕੀ ਇਸ ਤਰ੍ਹਾਂ ਦੀ ਫ਼ਿਲਮ ਦੇ ਸੰਬੰਧ ਵਿਚ ਕੋਈ ਐਸੀ ਵਿਧੀ ਹੈ ਕਿ ਇਸ ਸੰਬੰਧੀ ਉਠਾਏ ਗਏ ਇਤਰਾਜ਼ ਦੂਰ ਕਰਕੇ ਉਸਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ?

ਇਹ ਫ਼ਿਲਮ ਪਹਿਲੇ ਦਿਨ ਤੋਂ ਹੀ ਮੁੱਢੋਂ ਹੀ ਰੱਦ ਕੀਤੀ ਜਾਣੀ ਬਣਦੀ ਸੀ ਕਿਉਂਕਿ ਇਹ ਸਿੱਖਿਜ਼ਮ ਦੇ ਫ਼ਲਸਫ਼ੇ ਦੇ ਉਲਟ ਸੀ ਪਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਖ਼ੇਡ ਨੂੰ ਇਸ ਕਦਰ ਵਿਗਾੜ ਦਿੱਤਾ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਪ੍ਰਵਾਨਗੀ ਵਾਲੀ ਚਿੱਠੀ ਅਤੇ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਵਾਲੀਆਂ ਚਿੱਠੀਆਂ ਤੋਂ ਇਲਾਵਾ ਫ਼ਿਲਮ ਦਾ ਸੈਂਸਰ ਸਰਟੀਫੀਕੇਟ ਨਿਰਮਾਤਾ ਦੇ ਹੱਥ ਵਿਚ ਹੈ ਅਤੇ ਜੇ ਕਿਸੇ ਤਰ੍ਹਾਂ ਸਿੱਖ ਸੰਗਤਾਂ ਪੰਜਾਬ ਅੰਦਰ ਇਹ ਫ਼ਿਲਮ ਨਹੀਂ ਚੱਲਣ ਦਿੱਦੀਆਂ ਤਾਂ ਵੀ ਸਮੁੱਚੇ ਭਾਰਤ ਅਤੇ ਹੋਰ ਦੇਸ਼ਾਂ ਵਿਚ ਇਸ ਦੇ ਚੱਲਣ ’ਤੇ ਕੋਈ ਰੋਕ ਨਹੀਂ ਹੋਵੇਗੀ। (ਦੋਵੇਂ ਚਿੱਠੀਆਂ ਇਸ ਲੇਖ਼ ਦੇ ਹੇਠਾਂ ਵੇਖ਼ ਸਕਦੇ ਹੋ)

ਸਾਡੇ ਕੋਲ ਸ਼੍ਰੋਮਣੀ ਕਮੇਟੀ ਦੀ ਵੀ ਇਕ ਚਿੱਠੀ ਦੀ ਕਾਪੀ ਹੈ, ਅਤੇ ਇਹ ਚਿੱਠੀ ਤਾਜ਼ਾ ਹੈ, ਅਜੇ ਮਹੀਨਾ ਪੁਰਾਣੀ ਵੀ ਨਹੀਂ ਹੈ। ਭਾਵੇਂ ਕਿਹਾ ਜਾ ਰਿਹਾ ਹੈ ਕਿ ਇਹ ਚਿੱਠੀ ਹੁਣ ਵਾਪਿਸ ਲੈ ਲਈ ਗਈ ਹੈ ਪਰ ਇਹ ਜਥੇਦਾਰ ਹੁਰਾਂ ਦੀ ਚਿੱਠੀ ਤੋਂ ਘੱਟ ਦਿਲਚਸਪ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ: ਰੂਪ ਸਿੰਘ ਦੇ ਦਸਤਖ਼ਤਾਂ ਹੇਠ ਸ਼੍ਰੋਮਣੀ ਕਮੇਟੀ ਦੇ ਲੈਟਰ ਹੈਡ ’ਤੇ ਸਰਕੂਲਰ ਦੇ ਰੂਪ ਵਿਚ ਨੰਬਰ 1192/8 ਮਿਤੀ 19 ਮਾਰਚ, 2018 ਨੂੰ ਜਾਰੀ ਇਹ ਸਰਕੂਲਰ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ 85 ਤਹਿਤ ਪ੍ਰਬੰਧ ਹੇਠ ਆਉਂਦੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਲਿਖ਼ਿਆ ਗਿਆ ਹੈ।

ਪੱਤਰ ਵਿਚ ਲਿਖ਼ਿਆ ਗਿਆ ਹੈ ਕਿ ਸ: ਹਰਿੰਦਰ ਸਿੰਘ ਸਿੱਕਾ, ਪ੍ਰੋਡਿਊਸਰ, ਨਾਨਕ ਸ਼ਾਹ ਫ਼ਕੀਰ ਵੱਲੋਂ ਪੁੱਜੀ ਪੱਤ੍ਰਿਕਾ ਦੇ ਸੰਬੰਧ ਵਿਚ ਲਿਖ਼ਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਸਬ-ਕਮੇਟੀ ਵੱਲੋਂ ਮੰਨਜ਼ੂਰਸ਼ੁਦਾ ਧਾਰਮਿਕ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇ ਪ੍ਰਚਾਰ ਲਈ ਗੁਰਦੁਆਰਾ ਸਾਹਿਬਾਨ ਦੇ ਕੰਪਲੈਕਸ ਵਿਚ ਯੋਗ ਥਾਂਵਾਂ ਪੁਰ ਇਸ਼ਤਿਹਾਰ ਲਗਾਉਣ ਦੀ ਆਗਿਆ ਹੈ। ਮੈਨੇਜਰ, ਗੁਰਦੁਆਰਾ ਸਾਹਿਬਾਨ ਆਪਣੀ ਹਾਜ਼ਰੀ ਵਿਚ ਢੁਕਵੀਂ ਜਗ੍ਹਾ ਦੇਖ ਕੇ ਇਸ਼ਤਿਹਾਰ ਲਗਵਾ ਦੇਣ ਦੀ ਕ੍ਰਿਪਾਲਤਾ ਕਰਨ। ਇਸ ਚਿੱਠੀ ਦਾ ਉਤਾਰਾ ਸ: ਹਰਿੰਦਰ ਸਿੰਘ ਸਿੱਕਾ ਨੂੰ ਵੀ ਭੇਜਿਆ ਗਿਆ ਹੈ।

ਉਕਤ ਦੋਵੇਂ ਚਿੱਠੀਆਂ ਇਸ ਮਾਮਲੇ ਵਿਚ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ ’ਤੇ ਪਹੁੰਚ ਅਤੇ ਉਨ੍ਹਾਂ ਦੀ ਇਸ ਘਟਨਾ¬ਕ੍ਰਮ ਵਿਚ ਭੂਮਿਕਾ ਬਾਰੇ ਕੀ ਸੰਕੇਤ ਕਰਦੀਆਂ ਹਨ, ਇਹ ਗੱਲ ਸਮਝਣ ਲਈ ਕੋਈ ਬਹੁਤੇ ਪੜ੍ਹੇ ਲਿਖ਼ੇ ਹੋਣਾ ਵੀ ਜ਼ਰੂਰੀ ਨਹੀਂ। ਕਿਸੇ ਇਕ ਵਿਵਾਦਗ੍ਰਸਤ ਮੁੱਦੇ ’ਤੇ ਲਿਖ਼ਤੀ ਪੜ੍ਹਤੀ ’ਤੇ ਹੱਦੋਂ ਬਾਹਰੀ ਹਾਂ ਅਤੇ ਫ਼ਿਰ ਉਸੇ ਬਾਰੇ ਨਾਂਹ ਕਿਵੇਂ ਹੋ ਸਕਦੀ ਹੈ? ਇਹ ਗੱਲਾਂ ਸਿੱਖਾਂ ਨੂੰ ਸਮਝਾ ਦਿੱਤੀਆਂ ਜਾਣ ਤਾਂ ਚੰਗਾ ਹੋਵੇ, ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਸਤਿਕਾਰ ਵਧੇਗਾ।

ਉਂਜ, ਜ਼ਿੰਮੇਵਾਰ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਤੋਂ ਕੌਮ ਦੇ ਇੰਨੇ ਸੰਵੇਦਨਸ਼ੀਲ ਮਸਲਿਆਂ ਦੇ ਸੰਬੰਧ ਵਿਚ ਇਸ ਤਰ੍ਹਾਂ ਦੇ ਵਿਉਹਾਰ ਦੀ ਤਵੱਕੋ ਨਹੀਂ ਕੀਤੀ ਜਾਂਦੀ।

ਇਹ ਫ਼ਿਲਮ ਅਗਰ ਸਿਨੇਮਾ ਘਰਾਂ ਵਿਚ ਲੱਗਦੀ ਹੈ ਜਾਂ ਇਸ ਫ਼ਿਲਮ ਕਰਕੇ ਕੋਈ ਟਕਰਾਅ ਵਾਲੀ ਸਥਿਤੀ ਬਣਦੀ ਹੈ, ਕੌਮ ਨੂੰ ਕੋਈ ਨਮੋਸ਼ੀ ਜਾਂ ਬਦਨਾਮੀ ਝੱਲਣੀ ਪੈਂਦੀ ਹੈ, ਜਾਂ ਕੌਮ ਦੇ ਇਸ ਫ਼ਿਲਮ ਦੇ ਵਿਰੋਧ ਵਿਚ ਦ੍ਰਿੜ੍ਹਤਾ ਨਾਲ ਖੜ੍ਹੇ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਣਾ ਚਾਹੀਦਾ ਹੈ। ਕੌਮ ਦੇ ਸਤਿਕਾਰਤ ਅਹੁਦਿਆਂ ’ਤੇ ਬੈਠ ਕੇ ਉਸ ਸਤਿਕਾਰ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੀ ਹੁੰਦੀ ਹੈ ਜਿਹੜੇ ਇਨ੍ਹਾਂ ਅਹੁਦਿਆਂ ’ਤੇ ਸੁਸ਼ੋਭਿਤ ਹੁੰਦੇ ਹਨ। ਕੌਮ ਨਾਲ ਇਸ ਤਰ੍ਹਾਂ ਖ਼ੇਡਾਂ ਖੇਡਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।

ਐੱਚ.ਐੱਸ.ਬਾਵਾ

ਸੰਪਾਦਕ, ਯੈੱਸ ਪੰਜਾਬ ਡਾਟ ਕਾਮ

8 ਅਪ੍ਰੈਲ, 2018

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,127FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...