ਯੈੱਸ ਪੰਜਾਬ
ਅੰਮ੍ਰਿਤਸਰ, 14 ਜਨਵਰੀ, 2022:
ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਤਰੁਨ ਚੁੱਘ ਨੇ ਕਿਹਾ ਹੈ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਨਹੀਂ ਹਨ, ਸਗੋਂ ਪਾਰਟੀ ਦੀ ਪੰਜਾਬ ਵਿੱਚ ਜਿੱਤ ਲਈ ਆਪਣਾ ਬਣਦਾ ਯੋਗਦਾਨ ਦੇਣਗੇ।
ਸ੍ਰੀ ਤਰੁਨ ਚੁੱਘ ਨੇ ਕਿਹਾ ਕਿ ਉਹਨਾਂ ਕੋਲ ਪਾਰਟੀ ਦੇ ਕੌਮੀ ਜਨਰਲ ਸਕੱਤਰ ਦੇ ਅਹੁਦੇ ਦੀ ਅਹਿਮ ਜ਼ਿੰਮੇਵਾਰੀ ਹੋਣ ਦੇ ਨਾਲ ਨਾਲ ਜੰਮੂ-ਕਸ਼ਮੀਰ ਅਤੇ ਤੇਲੰਗਾਨਾ ਦੇ ਸਹਿ ਪ੍ਰਭਾਰੀ ਦੀ ਅਤੇ ਭਾਜਪਾ ਦੇ ਦਿੱਲੀ ਸਥਿਤ ਹੈਡਕੁਆਰਟਰ ਵਿੱਚ ਪਾਰਟੀ ਸੰਗਠਨ ਦੀ ਜ਼ਿੰਮੇਵਾਰੀ ਵੀ ਸੰਭਾਲਦੇ ਹਨ।
ਅੰਮ੍ਰਿਤਸਰ ਕੇਂਦਰੀ ਹਲਕੇ ਨਾਲ ਸੰਬੰਧਤ ਸ੍ਰੀ ਤਰੁਨ ਚੁੱਘ ਨੇ ਕਿਹਾ ਕਿ ਇਸ ਹਲਕੇ ਤੋਂ ਪਾਰਟੀ ਜਿਸ ਨੂੰ ਵੀ ਚੋਣ ਮੈਦਾਨ ਵਿੱਚ ਉਤਾਰੇਗੀ ਉਹ ਉਸਨੂੰ ਸਮਰਥਨ ਦੇਣਗੇ। ਉਹਨਾਂ ਕਿਹਾ ਕਿ ਕੌਮੀ ਜ਼ਿੰਮੇਵਾਰੀ ਸੰਭਾਲਦੇ ਹੀ ਉਨ੍ਹਾਂ ਨੇ ਹਲਕੇ ਦੇ ਆਗੂਆਂ ਨੂੰ ਅੱਗੇ ਆ ਕੇ ਸਰਗਰਮੀ ਨਾਲ ਹਲਕੇ ਵਿੱਚ ਪਾਰਟੀ ਦਾ ਕੰਮ ਕਰਨ ਲਈ ਕਿਹਾ ਸੀ ਅਤੇ ਪਾਰਟੀ ਹੀ ਇਹ ਫ਼ੈਸਲਾ ਕਰੇਗੀ ਕਿ ਇਸ ਹਲਕੇ ਤੋਂ ਕੌਣ ਚੋਣ ਲੜੇਗਾ।
ਉਹਨਾਂ ਕਿਹਾ ਕਿ ਪਹਿਲਾਂ ਪ੍ਰਦੇਸ਼ ਇਕਾਈ ਆਈਆਂ ਦਰਖ਼ਾਸਤਾਂ ਵਿੱਚੋਂ ਯੋਗ ਸਮਝੇ ਜਾਂਦੇ ਉਮੀਦਵਾਰਾਂ ਦੀ ਚੋਣ ਕਰੇਗੀ ਜਿਸ ਉਪਰੰਤ ‘ਸ਼ਰਟਲਿਸਟ’ ਕੀਤੀ ਹੋਈ ਸੂਚੀ ਪਾਰਟੀ ਹਾਈਕਮਾਨ ਨੂੰ ਭੇਜੀ ਜਾਵੇਗੀ ਜਿੱਥੇ ਅੰਤਿਮ ਫ਼ੈਸਲਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਕਰੇਗੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬਹੁਤ ਹੀ ਨਿਮਰਤਾ ਅਤੇ ਵੱਡਾ ਦਿਲ ਵਿਖ਼ਾਉਂਦੇ ਹੋਏ ਖ਼ੇਤੀ ਕਾਨੂੰਨ ਵਾਪਸ ਲੈਣ ਦੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕੀਤੇ ਐਲਾਨ ਤੋਂ ਬਾਅਦ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਵੱਖ ਵੱਖ ਪਾਰਟੀਆਂ ਅਤੇ ਖ਼ੇਤਰਾਂ ਦੀਆਂ ਪ੍ਰਮੁੱਖ ਹਸਤੀਆਂ ਭਾਜਪਾ ਵਿੱਚ ਸ਼ਾਮਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਬੜੀ ਮਜ਼ਬੂਤੀ ਨਾਲ ਇਹ ਚੋਣਾਂ ਆਪਣੇ ਭਾਈਵਾਲਾਂ ਨਾਲ ਮਿਲ ਕੇ ਲੜੇਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ