ਯੈੱਸ ਪੰਜਾਬ
ਮੁਜ਼ੱਫ਼ਰਨਗਰ, 29 ਸਤੰਬਰ, 2022:
ਇਕ ਹੈਰਾਨ ਕਰ ਦੇਣ ਵਾਲੇ ਘਟਨਾਕ੍ਰਮ ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿੱਚ ਡਾਕਟਰਾਂ ਵੱਲੋਂ ਕੀਤੇ ਗਏ ਇਕ ਮਰੀਜ਼ ਦੇ ਅਪ੍ਰੇਸ਼ਨ ਦੌਰਾਨ ਉਸ ਦੇ ਸਰੀਰ ਵਿੱਚੋਂ 63 ਚਮਚੇ ਕੱਢੇ ਗਏ ਹਨ। ਇਸ ਮਾਮਲੇ ਵਿੱਚ ਇਕ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ’ਤੇ ਦੋਸ਼ ਲੱਗੇ ਹਨ।
32 ਸਾਲਾ ਵਿਜੇ ਕੁਮਾਰ ਦਾ ਅਪ੍ਰੇਸ਼ਨ ਲਗਪਗ 2 ਘੰਟੇ ਇਕ ਨਿੱਜੀ ਹਸਪਤਾਲ ਵਿੱਚ ਕੀਤਾ ਗਿਆ ਜਿੱਥੇ ਉਹ ਪੇਟ ਵਿੱਚ ਦਰਦ ਦੀ ਸ਼ਿਕਾਇਤ ਲੈ ਕੇ ਦਾਖ਼ਲ ਕਰਵਾਇਆ ਗਿਆ ਸੀ।
ਆਈ.ਸੀ.ਯੂ. ਵਿੱਚ ਦਾਖ਼ਲ ਵਿਜੇ ਕੁਮਾਰ ਨੇ ਦੋਸ਼ ਲਗਾਇਆ ਹੈ ਕਿ ਉਸਨੂੰ ਇਹ ਚਮਚੇ ਖ਼ਾਣ ਲਈ ਮਜਬੂਰ ਇਕ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕਾਂ ਨੇ ਕੀਤਾ ਸੀ, ਜਿੱਥੇ ਉਹ ਦਾਖ਼ਲ ਰਿਹਾ ਹੈ। ਉਸਨੂੰ ਜਬਰੀ ਚਮਚੇ ਅੰਦਰ ਲੰਘਾਉਣ ਲਈ ਮਜਬੂਰ ਕਰਨ ਤੋਂ ਪਹਿਲਾਂ ਚਮਚੇ ਦਾ ਅਗਲਾ ਹਿੱਸਾ ਵੱਢ ਦਿੱਤਾ ਜਾਂਦਾ ਸੀ।
ਵਿਜੇ ਦੇ ਇਕ ਰਿਸ਼ਤੇਦਾਰ ਅਜੇ ਚੌਧਰੀ ਨੇ ਕਿਹਾ ਕਿ ਉਸਨੂੰ ਸਾਲ ਪਹਿਲਾਂ ਇਕ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਅਪ੍ਰੇਸ਼ਨ ਕਰਨ ਵਾਲੇ ਡਾ: ਰਾਕੇਸ਼ ਖ਼ੁਰਾਨਾ ਨੇ ਦੱਸਿਆ ਕਿ 15 ਦਿਨ ਪਹਿਲਾਂ ਉਸਨੂੰ ਹਸਪਤਾਲ ਲਿਆਂਦਾ ਗਿਆ ਸੀ ਅਤੇ ਐਕਸਰੇਅ ਵਿੱਚ ਪਾਇਆ ਗਿਆ ਕਿ ਅੰਦਰ ਕੋਈ ‘ਮੈਟਾਲਿਕ’ ਚੀਜ਼ ਹੈ। ਅਸੀਂ ਇਸ ਤਰ੍ਹਾਂ ਦਾ ਅਪ੍ਰੇਸ਼ਨ ਪਹਿਲਾਂ ਕਦੇ ਨਹੀਂ ਕੀਤਾ।
ਇਸ ਮਾਮਲੇ ਵਿੱਚ ਅਜੇ ਤਕ ਪਰਿਵਾਰ ਵੱਲੋਂ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ