ਯੈੱਸ ਪੰਜਾਬ
ਜਲੰਧਰ, 28 ਅਕਤੂਬਰ, 2020:
ਫ਼ਗਵਾੜਾ ਦੇ ਨਾਮਵਰ ਉਦਯੋਗਿਕ ਘਰਾਨੇ ਦੇ ਮਾਲਿਕ ਦੇ ਬੇਟੇ ਵੱਲੋਂ ਆਪਣੇ ਆਪ ਨੂੰ ਦੇਰ ਰਾਤ ਗੋਲੀ ਮਾਰ ਲਈ ਗਈ। ਉਸਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਬੁੱਧਵਾਰ ਦੁਪਹਿਰ ਨੂੰ ਉਸ ਦੇ ਦਮ ਤੋੜ ਜਾਣ ਦੀ ਖ਼ਬਰ ਹੈ।
ਜ਼ਿਕਰਯੋਗ ਹੈ ਕਿ ਜੀ.ਐਨ.ਏ. ਗਰੁੱਪ ਦੇ ਮਾਲਕ ਸ: ਜਗਦੀਸ਼ ਸਿੰਘ ਦੇ 40 ਸਾਲਾ ਬੇਟੇ ਗੁਰਿੰਦਰ ਸਿੰਘ ਸੇਹਰਾ ਵੱਲੋਂ ਵਿਰਕ ਪਿੰਡ ਸਥਿਤ ਆਪਣੇ ਨਿਵਾਸ ’ਤੇ ਰਾਤ ਨੂੰ ਦੋ ਵਜੇ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ।
ਪਰਿਵਾਰ ਪਹਿਲਾਂ ਉਹਨਾਂ ਨੂੰ ਫ਼ਗਵਾੜਾ ਦੇ ਸਿਵਲ ਹਸਪਤਾਲ ਵਿੱਚ ਲੈ ਗਿਆ ਜਿਸ ਮਗਰੋਂ ਉਹਨਾਂ ਨੂੰ ਜਲੰਧਰ ਵਿੱਚ ਰਾਮਾ ਮੰਡੀ ਸਥਿਤ ਜੌਹਲ ਹਸਪਤਾਲ ਵਿਖ਼ੇ ਸ਼ਿਫਟ ਕੀਤਾ ਗਿਆ ਜਿੱਥੇ ਦੁਪਹਿਰ ਨੂੰ ਉਨ੍ਹਾਂ ਦਮ ਤੋੜ ਦਿੱਤਾ। ਗੋਲੀ ਉਨ੍ਹਾਂ ਦੀ ਕੰਨਪੱਟੀ ਵਿੱਚ ਲੱਗੀ ਸੀ ਅਤੇ ਉਨ੍ਹਾਂ ਦੀ ਹਾਲਤ ਸ਼ੁਰੂ ਤੋਂ ਹੀ ਗੰਭੀਰ ਬਣੀ ਹੋਈ ਸੀ।
ਭਾਵੇਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਸੂਤਰਾਂ ਅਨੁਸਾਰ ਉਨ੍ਹਾਂ ਨੇ ਬੁੱਧਵਾਰ ਨੂੰ ਕਿਸੇ ਪਰਿਵਾਰਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਚੰਡੀਗੜ੍ਹ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਰਾਤ ਕਿਸੇ ਪਰਿਵਾਰਕ ਵਿਵਾਦ ਦੇ ਚੱਲਦਿਆਂ ਉਨ੍ਹਾਂ ਆਪਣੇ ਆਪ ਨੂੰ ਗੋਲੀ ਮਾਰ ਲਈ।
14 ਸਾਲ ਪਹਿਲਾਂ ਵਿਆਹੇ ਗੁਰਿੰਦਰ ਸਿੰਘ ਆਪਣੇ ਪਿੱਛੇ ਪਤਨੀ, ਇਕ 12 ਸਾਲਾਂ ਦਾ ਬੇਟਾ ਅਤੇ 6 ਸਾਲਾਂ ਦੀ ਬੇਟੀ ਛੱਡ ਗਏ ਹਨ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ