- Advertisement -
ਅੱਜ-ਨਾਮਾ
ਆਪਸ ਵਿੱਚ ਦੋ ਮਿਲੇ ਕੱਲ੍ਹ ਭਾਜਪਾਈਏ,
ਕਹਿੰਦੇ ਜਾਂਦੀ ਨਹੀਂ ਕੋਈ ਹੈ ਵਾਹ ਬੇਲੀ।
ਜਿਹੜੇ ਨਗਰ ਨੂੰ ਗੱਡੀ ਦਾ ਮੂੰਹ ਕਰੀਏ,
ਰੋਕਿਆ ਹੁੰਦਾ ਕਿਸਾਨਾਂ ਹਰ ਰਾਹ ਬੇਲੀ।
ਜਾਈਏ ਦਿੱਲੀ ਜੇ ਕਹਿਣ ਨੂੰ ਗੱਲ ਕੋਈ,
ਮਿਲਦੀ ਓਥੋਂ ਕੋਈ ਨਵੀਂ ਸਲਾਹ ਬੇਲੀ।
ਹਰ ਥਾਂ ‘ਘੇਰ ਲੋ-ਘੇਰ ਲੋ’ ਹੋਈ ਜਾਂਦੀ,
ਮਿਲਦਾ ਸਾਹ ਦੇ ਨਾਲ ਨਹੀਂ ਸਾਹ ਬੇਲੀ।
ਇਹੀ ਹਾਲ ਜੇ ਰਹਿਣਾ ਤਾਂ ਫਿਕਰ ਲੱਗਾ,
ਕਿਸ ਤਰ੍ਹਾਂ ਲੜਨੀ ਅਸੈਬਲੀ ਚੋਣ ਬੇਲੀ।
ਜਿੱਤਦੀ ਹੋਰ ਨਹੀਂ ਦਿੱਸਦੀ ਸੀਟ ਕੋਈ,
ਝਟਕਾ ਪਹਿਲੀਆਂ ਦਾ ਲੱਗਾ ਹੋਣ ਬੇਲੀ।
-ਤੀਸ ਮਾਰ ਖਾਂ
ਜਨਵਰੀ 07, 2021
- Advertisement -