ਯੈੱਸ ਪੰਜਾਬ
ਚੰਡੀਗੜ੍ਹ, 25 ਸਤੰਬਰ, 2021:
1988 ਬੈੱਚ ਦੇ ਆਈ.ਪੀ.ਐਸ. ਅਧਿਕਾਰੀ ਸ: ਇਕਬਾਲ ਪ੍ਰੀਤ ਸਿੰਘ ਸਹੋਤਾ ਪੰਜਾਬ ਦੇ ਨਵੇਂ ਡੀ.ਜੀ.ਪੀ. ਬਣੇ ਹਨ।
ਆਰਮਡ ਬਟਾਲੀਅਨਜ਼, ਜਲੰਧਰ ਵਿਖ਼ੇ ਸਪੈਸ਼ਲ ਡੀ.ਜੀ.ਪੀ. ਵਜੋਂ ਤਾਇਨਾਤ ਸ:ਸਹੋਤਾ ਨੂੰ ਹਾਲ ਦੀ ਘੜੀ ਡੀ.ਜੀ.ਪੀ. ਵਜੋਂ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।
ਇਸ ਸੰਬੰਧੀ ਹੁਕਮ ਅੱਜ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ।
ਸ੍ਰੀ ਦਿਨਕਰ ਗੁਪਤਾ ਜੋ ਹੁਣ ਤਕ ਰਾਜ ਦੇ ਡੀ.ਜੀ.ਪੀ.ਸਨ, ਚੰਨੀ ਸਰਕਾਰ ਦੇ ਬਣਨ ’ਤੇ ਛੁੱਟੀ ’ਤੇ ਚਲੇ ਗਏ ਹਨ ਜਿਸ ਨਾਲ ਸਰਕਾਰ ਲਈ ਸ: ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀ.ਜੀ.ਪੀ. ਵਜੋਂ ਐਡੀਸ਼ਨਲ ਚਾਰਜ ਦੇਣ ਦਾ ਰਾਹ ਪੱਧਰਾ ਹੋ ਗਿਆ। ਇਸ ਹੁਕਮ ਤੋਂ ਬਾਅਦ ਹੁਣ ਸ: ਸਹੋਤਾ ਰਾਜ ਦੇ ਡੀ.ਜੀ.ਪੀ. ਦੇ ਅਧਿਕਾਰਾਂ ਦੀ ਵਰਤੋਂ ਕਰਨਗੇ।
ਯਾਦ ਰਹੇ ਕਿ ਅਜੇ ਬੀਤੇ ਕਲ੍ਹ ਹੀ ਸ:ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਸ੍ਰੀ ਦਿਨਕਰ ਗੁਪਤਾ ਦੀ ਧਰਮਪਤਨੀ ਸ੍ਰੀਮਤੀ ਵਿਨੀ ਮਹਾਜਨ ਆਈ.ਏ.ਐਸ. ਮੁੱਖ ਸਕੱਤਰ ਦੇ ਵਕਾਰੀ ਅਹੁਦੇ ਤੋਂ ਹਟਾ ਕੇ ਇਕ ਹੋਰ ਸੀਨੀਅਰ ਆਈ.ਏ.ਐਸ.ਅਧਿਕਾਰੀ ਸ੍ਰੀ ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਸੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ