ਕਿੱਥੇ ਜਾਂਦੇ ਹਨ ਸਤਿਕਾਰ ਕਮੇਟੀ ਵੱਲੋਂ ਸਿੱਖਾਂ ਦੇ ਘਰਾਂ ’ਚੋਂ ਚੁੱਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ?

ਯੈੱਸ ਪੰਜਾਬ
ਜਲੰਧਰ, 14 ਅਗਸਤ, 2020:

ਇਕ ਆਪੂੰ ਬਣੀ ਸਤਿਕਾਰ ਕਮੇਟੀ ਵੱਲੋਂ ਸਿੱਖਾਂ ਦੇ ਘਰਾਂ ਅਤੇ ਹੋਰ ਡੇਰਿਆਂ ਆਦਿ ਥਾਂਵਾਂ ’ਤੇ ਪੁੱਜ ਕੇ ‘ਧਾਰਮਿਕ ਅਵੱਗਿਆ’ ਦਾ ਦੋਸ਼ ਲਗਾਉਂਦਿਆਂ ਧਰਮ ਦੀ ਆਨ ਅਤੇ ਸ਼ਾਨ ਦੀ ਬਹਾਲੀ ਦਾ ਹਵਾਲਾ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਹੋਰ ਸਿੱਖ ਧਾਰਮਿਕ ਲਿਟਰੇਚਰ ਜ਼ਬਰਦਸਤੀ ਚੁੱਕ ਕੇ ਲੈ ਜਾਣ ਦਾ ਲਗਾਤਾਰ ਚੱਲਦਾ ਆ ਰਿਹਾ ਵਰਤਾਰਾ ਇਕ ਵਾਰ ਫ਼ਿਰ ਚਰਚਾ ਵਿਚ ਹੈ।

ਇਹ ਮਾਮਲਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਪੰਥਕ ਹਲਕਿਆਂ ਵਿੱਚ ਹੀ ਵਿਚਾਰ ਚਰਚਾ ਦਾ ਵਿਸ਼ਾ ਨਹੀਂ ਬਣ ਰਿਹਾ ਸਗੋਂ ਕਾਨੂੂੰਨੀ ਪੇਚੀਦਗੀਆਂ ਵੱਲ ਵੀ ਵਧਦਾ ਨਜ਼ਰ ਆ ਰਿਹਾ ਹੈ।

ਭਾਈ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਵਾਲੀ ਸਤਿਕਾਰ ਕਮੇਟੀ ਵੱਲੋਂ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਪਿੰਡ ਬੱਸੀ ਜਲਾਲ ਦੇ ਵਸਨੀਕ ਅੰਮ੍ਰਿਤਧਾਰੀ ਸਿੱਖ ਅਤੇ ਸੇਵਾਮੁਕਤ ਪ੍ਰਿੰਸੀਪਲ ਸ: ਜਸਵੰਤ ਸਿੰਘ ਦੇ ਘਰੋਂ ‘ਅਵੱਗਿਆ’ ਦਾ ਹਵਾਲਾ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕੇ ਜਾਣ ਦਾ ਮਾਮਲਾ ਮੀਡੀਆ ਵਿਚ ਆਉਣ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਨਿਚਰਵਾਰ ਨੂੰ ਸਿੱਖਾਂ ਅਤੇ ਪ੍ਰਸ਼ਾਸ਼ਨ ਨੂੰ ਸੁਚੇਤ ਕਰਦਿਆਂ ਦੱਸਿਆ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਸਿੰਘ ਸਾਹਿਬਾਨ ਵੱਲੋਂ ਜਾਰੀ ਆਦੇਸ਼ ਅਨੁਸਾਰ ਕਿਸੇ ਵੀ ਜੱਥੇਬੰਦੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਗਿਆ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਜ਼ਬਰਦਸਤੀ ਲਿਜਾਣ ਦੀ ਇਜਾਜ਼ਤ ਨਹੀਂ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਹਰ ਵਿਅਕਤੀ ਦਾ ਨੈਤਿਕ ਫਰਜ਼ ਹੈ ਪ੍ਰੰਤੂ ਗੁਰੂ ਸਾਹਿਬ ਦੇ ਸਤਿਕਾਰ ਦੇ ਨਾਂਅ ’ਤੇ ਕੁਝ ਵਿਅਕਤੀਆਂ ਵੱਲੋਂ ਨਿੱਜੀ ਜਥੇਬੰਦੀਆਂ ਬਣਾ ਕੇ ਸੰਗਤਾਂ ਨਾਲ ਧੱਕੇਸ਼ਾਹੀ ਕਰਨੀ ਉਚਿਤ ਨਹੀਂ। ਉਨ੍ਹਾਂ ਇਹ ਵੀ ਆਖ਼ਿਆ ਸੀ ਕਿ ਅਜਿਹੀਆਂ ਧੱਕੇਸ਼ਾਹੀਆਂ ਦੀਆਂ ਇਨ੍ਹਾਂ ਜੱਥੇਬੰਦੀਆਂ ਖਿਲਾਫ਼ ਪਹਿਲਾਂ ਵੀ ਸ਼ਿਕਾਇਤਾਂ ਆ ਚੁੱਕੀਆਂ ਹਨ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ।

Giani Harpreet Singhਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਆਏ ਸੰਦੇਸ਼ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਸਤਿਕਾਰ ਕਮੇਟੀ ਜਾਂ ਇਸੇ ਤਰ੍ਹਾਂ ਦੀਆਂ ਹੋਰ ਜੱਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦੀ ਕੋਈ ਪ੍ਰਵਾਨਗੀ ਨਹੀਂ ਹੈ ਅਤੇ ਇਨ੍ਹਾਂ ਦੀ ‘ਧੱਕੇਸ਼ਾਹੀ’ ਦੇ ਖਿਲਾਫ਼ ਸ਼ਿਕਾਇਤਾਂ ਵੀ ਮਿਲਦੀਆਂ ਰਹਿੰਦੀਆਂ ਹਨ।

ਸਵਾਲ ਇਹ ਹੈ ਕਿ ਧਾਰਮਿਕ ਅਵੱਗਿਆ ਦੇ ਨਾਂਅ ’ਤੇ ਇਨ੍ਹਾਂ ਕਮੇਟੀਆਂ ਵੱਲੋਂ ਚੁੱਕੇ ਜਾਂਦੇ ਸਰੂਪਾਂ ਦਾ ਕੀ ਕਿਸੇ ਕੋਲ ਕੋਈ ਰਿਕਾਰਡ ਹੈ? ਇਨ੍ਹਾਂ ਕਮੇਟੀਆਂ ਵੱਲੋਂ ਸਤਿਕਾਰ ਦੇ ਨਾਂਅ ’ਤੇ ਚੁੱਕੇ ਜਾਂਦੇ ਸਰੂਪ ਕਿੱਥੇ ਜਾਂਦੇ ਹਨ ਇਸ ਦਾ ਕੋਈ ਸਬੂਤ ਹੈ? ਕੀ ਇਹ ਸਾਰਾ ਕੰਮ ‘ਪਾਰਦਰਸ਼ੀ’ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਜਾਂ ਇਸ ਵਿੱਚ ਵੀ ਕੋਈ ਗੋਲਮਾਲ ਹੈ?

Balbir Singh Muchhalਜੇ ਜਲੰਧਰ ਵਿੱਚੋਂ 2016 ਵਿਚ ਭਾਈ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਵਿਚ ਇਕ ਘਰ ਵਿੱਚੋਂ ਚੁੱਕੇ ਗਏ ਪੁਰਾਤਨ ਸਰੂਪ ਦੀ ਗੱਲ ਕੀਤੀ ਜਾਵੇ ਤਾਂ ਸਾਹਮਣੇ ਇਹ ਆਇਆ ਹੈ ਕਿ ਇਹ ਸਾਰਾ ਵਰਤਾਰਾ ਅੱਖਾਂ ਖੋਲ੍ਹਣ ਵਾਲਾ ਹੈ ਅਤੇ ਵੱਡੀ ਜਾਂਚ ਦਾ ਵਿਸ਼ਾ ਹੋ ਸਕਦਾ ਹੈ। ਇਹ ਗੱਲ ਉਦੋਂ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਜਦ ਪਰਿਵਾਰ ਇਹ ਦੱਸਦਾ ਹੈ ਕਿ ਉਨ੍ਹਾਂ ਦੇ ਘਰੋਂ ਚੁੱਕਿਆ ਗਿਆ ਸਰੂਪ ਉਹਨਾਂ ਦੇ ਪਰਿਵਾਰ ਨੇ ਬੜੀ ਸ਼ਰਧਾ ਨਾਲ 1947 ਵਿੱਚ ਹੋਈ ਦੇਸ਼ ਵੰਡ ਦੌਰਾਨ ਹਿਜਰਤ ਕਰਦੇ ਹੋਏ ਬੜੇ ਮਾਨ ਸਤਿਕਾਰ ਨਾਲ ਆਪਣੇ ਨਾਲ ਲਿਆਂਦਾ ਸੀ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਸਰੂਪ ਉਸ ਵੇਲੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ (ਪਾਕਿਸਤਾਨ) ਵਿੱਚੋਂ ਲਿਆਂਦਾ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਕ ਬਜ਼ੁਰਗ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ।

ਇਹ ਹੱਥ ਲਿਖ਼ਤ ਸਰੂਪ ਸੀ ਅਤੇ ਪਹਿਲੇ ਚਾਰ-ਪੰਜ ਅੰਗ ਸੋਨੇ ਨਾਲ ਲਿਖ਼ੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰਿਵਾਰ ਅਨੁਸਾਰ ਇਸ ਤੋਂ ਇਲਾਵਾ ਇਸ ਇਤਿਹਸਾਕ ਅਤੇ ਪੁਰਾਤਨਸਰੂਪ ਦੇ ਅੰਤਲੇ ਪੰਨਿਆਂ ਵਿਚ ਕੁਝ ਇਤਿਹਾਸ ਵੀ ਲਿਖ਼ਿਆ ਹੋਇਆ ਸੀ।

ਜਲੰਧਰ ਵਿਚ ਇਹ ਸਰੂਪ ਪੰਥਕ ਹਲਕਿਆਂ ਵਿਚ ਜਾਣੇ ਪਛਾਣੇ ਸਵਰਗੀ ਭਾਈ ਅਮਰੀਕ ਸਿੰਘ ਦੇ ਪਰਿਵਾਰ ਵਿੱਚ ਸੀ ਅਤੇ ਭਾਈ ਅਮਰੀਕ ਸਿੰਘ ਨੇ ਇਹ ਸਰੂਪ ਆਪਣੇ ਛੋਟੇ ਭਰਾਤਾ ਸ: ਰਣਜੀਤ ਸਿੰਘ ਰਾਣਾ ਦੇ ਘਰ ਸੁਸ਼ੋਭਿਤ ਕਰਵਾ ਦਿੱਤਾ ਸੀ।

ਪਰਿਵਾਰ ਅਨੁਸਾਰ ਸਵਰਗੀ ਸ: ਰਣਜੀਤ ਸਿੰਘ ਰਾਣਾ ਨਾ ਕੇਵਲ ਗੁਰੂ ਗ੍ਰੰਥ ਸਾਹਿਬ ਵਿਚ ਅਨਿਣ ਸ਼ਰਧਾ ਵਾਲੇ ਸਿੱਖ ਸਨ ਸਗੋਂ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਵੀ ਇਕ ਸਰੂਪ ਲਿਖ਼ਣਾ ਸ਼ੁਰੂ ਕੀਤਾ ਸੀ ਅਤੇ 2016 ਵਿੱਚ ਚੱਲ ਰਹੇ ਇਸੇ ਕਾਰਜ ਦੌਰਾਨ ਹੀ ਭਾਈ ਮੁੱਛਲ ਦੀ ਅਗਵਾਈ ਵਿਚ ਆਏ ਸਿੰਘਾਂ ਨੇ ਪਾਕਿਸਤਾਨ ਤੋਂ ਲਿਆਂਦਾ ਪੁਰਾਤਨ ਇਤਿਹਾਸਕ ਸਰੂਪ ਉਨ੍ਹਾਂ ਦੇ ਘਰੋਂ ‘ਅਵੱਗਿਆ’ ਦਾ ਹਵਾਲਾ ਦੇ ਕੇ ਚੁੱਕ ਲਿਆ ਸੀ।


ਇਸ ਨੂੰ ਵੀ ਪੜ੍ਹੋ:
ਮੰਨ ਗਈ ਸਤਿਕਾਰ ਕਮੇਟੀ ਕਿ ਪੁਰਾਤਨ ਸਰੂਪ ਉਨ੍ਹਾਂ ਕੋਲ ਹੈ – ਪਰ ਵਾਪਿਸ ਦੇਣ ’ਚ ਅਜੇ ਵੀ ‘ਮੈਂ ਨਾ ਮਾਨੂੰ’


ਪਹਿਲੀ ਅਕਤੂਬਰ 2016 ਨੂੰ ਜਲੰਧਰ ਦੇ ਮੁਹੱਲਾ ਸੁਰਾਜ ਗੰਜ ਵਿੱਚ ਸਵਰਗੀ ਸ: ਰਾਣਾ ਦੇ ਘਰ ਤੋਂ ਚੁੱਕੇ ਗਏ ਇਸ ਸਰੂਪ ਬਾਰੇ ਬਕਾਇਦਾ ਲਿਖ਼ਤੀ ਰਸੀਦ ਭਾਈ ਮੁੱਛਲ ਅਤੇ ਹੋਰਨਾਂ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਗਈ ਅਤੇ ਇਹ ਵੀ ਲਿਖ਼ ਕੇ ਦਿੱਤਾ ਗਿਆ ਕਿ 16 ਅਕਤੂਬਰ ਤਕ ਇਹ ਸਰੂਪ ਵਾਪਸ ਕਰ ਦਿੱਤੇ ਜਾਣਗੇ। ਇਸ ਲਿਖ਼ਤ (ਅਸਲ ਕਾਪੀ ਹੇਠਾਂ ਵੇਖ਼ੋ) ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਹ ਸਰੂਪ ਗੁਰਦੁਆਰਾ ਨੌਂਵੀਂ ਪਾਤਸ਼ਾਹੀ, ਦੂਖ਼ ਨਿਵਾਰਣ ਸਾਹਿਬ, ਗੁਰੁੂ ਤੇਗ ਬਹਾਦਰ ਨਗਰ, ਜਲੰਧਰ ਵਿਖ਼ੇ ਸੁਸ਼ੋਭਿਤ ਕੀਤੇ ਜਾਣਗੇ।

Jagjit Singh Gabaਇਸ ਸੰਬੰਧੀ ਯੈੱਸ ਪੰਜਾਬ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ: ਜਗਜੀਤ ਸਿੰਘ ਗਾਬਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਤਿਕਾਰ ਕਮੇਟੀ ਨੇ ਗੁਰਦੁਆਰਾ ਸਾਹਿਬ ਵਿਖ਼ੇ ਇਹ ਸਰੂਪ ਲਿਆਂਦਾ ਸੀ ਜੋ ਗੁਰਦੁਆਰਾ ਸਾਹਿਬ ਵਿਖ਼ੇ ਸੰਭਾਲਿਆ ਗਿਆ ਸੀ ਪਰ ਦੋ ਤਿੰਨ ਮਹੀਨਿਆਂ ਬਾਅਦ ਹੀ ਇਹ ਸਰੂਪ ਸਤਿਕਾਰ ਕਮੇਟੀ ਇੱਥੋਂ ਲੈ ਗਈ ਸੀ।

ਪਰਿਵਾਰ ਦਾ ਦੋਸ਼ ਹੈ ਕਿ ਭਾਈ ਮੁੱਛਲ ਨੂੰ ਵਾਰ ਵਾਰ ਫ਼ੋਨ ਕਰਨ ’ਤੇ ਉਹ ਕੋਈ ਸਹੀ ਉੱਤਰ ਨਹੀਂ ਦਿੰਦੇ ਅਤੇ ਕਦੇ ਕੁਝ ਅਤੇ ਕੁਝ ਕਹਿ ਦਿੰਦੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਜਦ ਭਾਈ ਮੁੱਛਲ ਸ: ਰਾਣਾ ਵੱਲੋਂ ਹੱਥੀਂ ਲਿਖ਼ੇ ਜਾ ਰਹੇ ਗੁਰੂ ਗ੍ਰੰਥ ਸਾਹਿਬ ਦੇ ਨਵੇਂ ਸਰੂਪ ਦੇ ਦਰਸ਼ਨਾਂ ਦਾ ਹਵਾਲਾ ਦੇ ਕੇ ਫ਼ੋਨ ਕਰਕੇ ਉਨ੍ਹਾਂ ਦੇ ਘਰ ਦਾ ਪਤਾ ਪੁੱਛ ਕੇ ਬਹੁੜੇ ਤਾਂ ਉਨ੍ਹਾਂ ਦੇ ਨਾਲ ਕਈ ਲੋਕ ਸਨ ਅਤੇ ਉਨ੍ਹਾਂ ਨੇ ਅਵੱਗਿਆ ਦਾ ਹਵਾਲਾ ਦੇ ਕੇ ਇਤਿਹਾਸਕ ਅਤੇ ਪੁਰਾਤਨ ਸਰੂਪ ਉਨ੍ਹਾਂ ਦੇ ਘਰੋਂ ਚੁੱਕ ਲਿਆ ਅਤੇ 16 ਅਕਤੂਬਰ ਤਕ ਵਾਪਿਸ ਕਰਨਾ ਵੀ ਲਿਖ਼ ਕੇ ਦਿੱਤਾ। ਇੰਨਾ ਹੀ ਨਹੀਂਉਹ ਤਾਂ ਸ: ਰਾਣਾ ਵੱਲੋਂ ਹੱਥੀਂ ਲਿਖ਼ੇ ਜਾ ਰਹੇ ਸਰੂਪ ਨੂੰ ਵੀ ਆਪਣੇ ਨਾਲ ਇਹ ਤਰਕ ਦੇ ਕੇ ਲੈ ਗਏ ਕਿ ਉਹ ਨਵੇਂ ਲਿਖ਼ੇ ਜਾ ਰਹੇ ਸਰੂਪ ਨੂੰ ਟਕਸਾਲ ਨੂੰ ਵਿਖਾਉਣਗੇ ਪਰ ਬਾਅਦ ਵਿੱਚ ਇਹ ਸਰੂਪ ਉਨ੍ਹਾਂ ਨੂੰ ਮੋੜ ਦਿੱਤੇ ਗਏ।

ਇਸ ਤੋਂ ਇਲਾਵਾ ਵੀ ਕਾਫ਼ੀ ਸਿੱਖ ਲਿਟਰੇਚਰ ਵੀ ਉਹ ਘਰ ਵਿੱਚੋਂ ਲੈ ਗਏ। ਸਵਰਗੀ ਸ: ਰਾਣਾ ਦੇ ਬੇਟੇ ਸ: ਹਰਸਿਮਰਨਬੀਰ ਸਿੰਘ ਅਤੇ ਭਾਈ ਅਮਰੀਕ ਸਿੰਘ ਦੇ ਬੇਟੇ ਸ: ਚਰਨ ਕੰਵਲਪ੍ਰੀਤ ਸਿੰਘ ਹੈਪੀ ਨੇ ਦੱÎਸਆ ਕਿ ਸ: ਰਾਣਾ ਨੇ ਉਸੇ ਵੇਲੇ ਇਹ ਪੇਸ਼ਕਸ਼ ਕੀਤੀ ਸੀ ਕਿ ਜੇ ਸਰੂਪ ਵਾਲੀ ਥਾਂ ਸਤਿਕਾਰ ਕਮੇਟੀ ਨੂੰ ਠੀਕ ਨਹੀਂ ਲੱਗ ਰਹੀ ਤਾਂ ਉਹ ਉੱਪਰਲੇ ਕਮਰੇ ਵਿਚ ਮਹਾਰਾਜ ਦਾ ਸਰੂਪ ਸੁਸ਼ੋਭਿਤ ਕਰ ਦੇਣ ਲਈ ਤਿਆਰ ਹਨ ਪਰ ਭਾਈ ਮੁੱਛਲ ਨਹੀਂ ਮੰਨੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਭਾਵ ਸ:ਰਾਣਾ ਦੀ ਬੇਟੀ ਦੀ ਕੁਝ ਹੀ ਦਿਨਾਂ ਬਾਅਦ ਸ਼ਾਦੀ ਸੀ ਜਿਸ ਕਰਕੇ ਇਹ ਤੈਅ ਹੋਇਆ ਕਿ ਸ਼ਾਦੀ ਤੋਂ ਬਾਅਦ ਕਮਰਾ ਸਤਿਕਾਰ ਕਮੇਟੀ ਅਨੁਸਾਰ ਸਵਾਰ ਕੇ ਸਰੂਪ ਵਾਪਿਸ ਰੱਖਿਆ ਜਾਵੇਗਾ ਪਰ ਇੰਜ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕਦੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਸਰੂਪ ਗੁਰਦਾਸਪੁਰ ਕਿਸੇ ਕੋਲ ਸੁਸ਼ੋਭਿਤ ਕਰਵਾ ਦਿੱਤਾ ਹੈ ਅਤੇ ਕਦੇ ਕਿਹਾ ਜਾਂਦਾ ਹੈ ਕਿ ਗੋਇੰਦਵਾਲ ਸਾਹਿਬ ਲਿਜਾ ਕੇ ਉਕਤ ਬਿਰਧ ਇਤਿਹਾਸਕ ਅਤੇ ਪੁਰਾਤਨ ਸਰੂਪ ਦਾ ‘ਸਸਕਾਰ’ ਕਰ ਦਿੱਤਾ ਗਿਆ ਹੈ।

ਹੁਣ ਇਹ ਸਰੂਪ ਕਿੱਥੇ ਹੈ?

Sukhbir Badal 3ਇਹ ਬੜਾ ਅਹਿਮ ਸਵਾਲ ਹੈ। ਪਰਿਵਾਰ ਭਾਈ ਮੁੱਛਲ ਤੋਂ ਪੁੱਛ ਪੁੱਛ ਕੇ ਨਿਰਾਸ਼ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਕੋਈ ਦੇਹੀ ਫ਼ੜਾਈ ਨਹੀਂ ਦਿੱਤੀ ਜਾ ਰਹੀ। ਇਕ ਪਾਸੇ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਆਪਣੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਪਟਿਆਲਾ ਵਿਚ ਇਕ ਲਗਪਗ Gobind Singh Longowal 100 ਸਾਲ ਪੁਰਾਣੇ ਸਰੂਪ ਦੇ ‘ਚੋਰੀ’ ਹੋ ਜਾਣ ਦੇ ਮਾਮਲੇ ਵਿਚ ਰੋਜ਼ ਧਰਨੇ ਦਿੱਤੇ ਜਾ ਰਹੇ ਹਨ ਅਤੇ ਦੂਜੇ ਬੰਨੇ ਜਿੱਥੇ 267 ਸਰੂਪਾਂ ਦੇ ਗੁਰਦੁਆਰਾ ਰਾਮਸਰ, ਅੰਮ੍ਰਿਤਸਰ ਤੋਂ ‘ਗਾਇਬ’ ਹੋ ਜਾਣ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਬਣਾਈ ਕਮੇਟੀ ਜਾਂਚ ਕਰ ਰਹੀ ਹੈ, ਉੱਥੇ ਇਕ 150 ਤੋਂ 200 ਸਾਲ ਪੁਰਾਣਾ ਹੱਥਲਿਖ਼ਤ ਸਰੂਪ ਸਤਿਕਾਰ ਕਮੇਟੀ ਵੱਲੋਂ ਘਰੋਂ ਲਿਜਾ ਕੇ ਪਰਿਵਾਰ ਨੂੰ ਵਾਪਿਸ ਨਾ ਕਰਨਾ ਵੀ ਜਾਂਚ ਦਾ ਵਿਸ਼ਾ ਹੋ ਸਕਦਾ ਹੈ।

ਇਸ ਸੰਬੰਧੀ ਯੈੱਸ ਪੰਜਾਬ ਨੇ ਸਿੱਧੇ ਤੌਰ ’ਤੇ ਭਾਈ ਮੁੱਛਲ ਨਾਲ ਗੱਲਬਾਤ ਕੀਤੀ। ਭਾਈ ਮੁੱਛਲ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲੰਘੇ ਕਲ੍ਹ ਕੀਤੇ ਆਦੇਸ਼ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਹਰ ਸਿੱਖ ਦਾ ਫਰਜ਼ ਅਤੇ ਹੱਕ ਹੈ ਕਿ ਉਹ ਗੁਰੂ ਸਾਹਿਬ ਦੇ ਨਿਰਾਦਰ ਦੇ ਸੰਬੰਧ ਵਿਚ ਬਣਦੀ ਕਾਰਵਾਈ ਕਰੇ।

ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ’ਤੇ ਕੀ ਨਿਰਭਰ ਕਰੀਏ, ਅਸੀਂ ਤਾਂ ਕਈ ਵਾਰ ਇਸ ਮੁੱਦੇ ’ਤੇ ਗੱਲਬਾਤ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮਾਂ ਮੰਗਿਆ ਹੈ, ਪਰ ਇਨ੍ਹਾਂ ਕੋਲ ਸਿੱਖ ਮਸਲਿਆਂ ’ਤੇ ਗੱਲਬਾਤ ਲਈ ਸਮਾਂ ਹੀ ਨਹੀਂ ਹੈ। ਉਹਨਾਂ ਕਿਹਾ ਕਿ ਸਾਡੀ ਸੁਣਵਾਈ ਨਾ ਹੋਣ ਕਾਰਨ ਹੀ ਸਾਨੂੰ ਸਤਿਕਾਰ ਕਮੇਟੀ ਬਣਾਉਣੀ ਪਈ। ਉਂਜ ਉਹਨਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਕਾਰਵਾਈਆਂ ਕੀਤੀਆਂ ਹਨ ਅਤੇ ਇਸ ਸੰਬੰਧੀ ਕਈ ਚਿੱਠੀਆਂ ਵੀ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੂੰ ਪਾਈਆਂ ਹਨ ਪਰ ਕੋਈ ਧਿਆਨ ਨਹੀਂ ਦਿੰਦਾ।

ਜਲੰਧਰ ਤੋਂ ਚੁੱਕੇ ਸਰੂਪ ਬਾਰੇ ਪੁੱਛੇ ਜਾਣ ’ਤੇ ਭਾਈ ਮੁੱਛਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਰੂਪ ਅਵੱਗਿਆ ਦੇ ਚੱਲਦਿਆਂ ਹੀ ਚੁੱਕਿਆ ਸੀ ਜਿਹੜਾ ਸਾਲ ਭਰ ਜਲੰਧਰ ਦੇ ਗੁਰਦੁਆਰਾ ਸਾਹਿਬ ਵਿਖ਼ੇ ਸੀ ਜਿਸ ਬਾਅਦ ਉਹ ਇਹ ਸਰੂਪ ਉੱਥੋਂ ਲੈ ਗਏ ਸਨ।

ਇਹ ਪੁੱਛੇ ਜਾਣ ’ਤੇ ਕਿ ਇਹ ਸਰੂਪ ਹੁਣ ਕਿੱਥੇ ਹੈ, ਭਾਈ ਮੁੱਛਲ ਕੋਈ ਸਪਸ਼ਟ ਉੱਤਰ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਇਹ ਸਰੂਪ ਉਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਘੋੜੇਵਾਹਾ (ਘੋੜੇਵਾਲਾ) ਵਿੱਚ ਭਾਈ ਕੁਲਦੀਪ ਸਿੰਘ ਨਾਂਅ ਦੇ ਇਕ ਵਿਅਕਤੀ ਨੂੰ ਸੌਂਪਿਆ ਹੈ ਜੋ ਬਿਰਧ ਅਤੇ ਪੁਰਾਤਨ ਸਰੂਪਾਂ ਦੀ ਸੇਵਾ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਈ ਕੁਲਦੀਪ ਸਿੰਘ ਨੇ ਅੱਗੋਂ ਇਹ ਸਰੂਪ ਗੋਇੰਦਵਾਲ ਸਾਹਿਬ ਵਿਖ਼ੇ ਸੁਭਾਏਮਾਨ ਕਰ ਦਿੱਤਾ ਸੀ।

ਭਾਈ ਮੁੱਛਲ ਨੇ ਮੰਨਿਆ ਕਿ ਇਸ ਸਰੂਪ ਨੂੰ ਭਾਈ ਕੁਲਦੀਪ ਸਿੰਘ ਨੂੰ ਸੌਂਪੇ ਜਾਣ ਦਾ ਕੋਈ ਰਿਕਾਰਡ ਉਨ੍ਹਾਂ ਕੋਲ ਮੌਜੂਦ ਨਹੀਂ ਹੈ ਅਤੇ ਨਾ ਹੀ ਇਹ ਸਰੂਪ ਗੋਇੰਦਵਾਲ ਸਾਹਿਬ ਵਿਖੇ ਸੌਂਪੇ ਜਾਣ ਜਾਂ ਸੁਸ਼ੋਭਿਤ ਕੀਤੇ ਜਾਣ ਸੰਬੰਧੀ ਹੀ ਉਨ੍ਹਾਂ ਕੋਲ ਕੋਈ ਰਿਕਾਰਡ ਹੈ।

ਭਾਈ ਮੁੱਛਲ ਨੂੰ ਇਹ ਵੀ ਪੁੱਛਿਆ ਗਿਆ ਕਿ ਸਤਿਕਾਰ ਕਮੇਟੀ ਨੇ ਅੱਜ ਤਕ ਕਿੰਨੇ ਲੋਕਾਂ ਦੇ ਘਰਾਂ ਜਾਂ ਹੋਰ ਥਾਂਵਾਂ ਤੋਂ ਕਿੰਨੇ ਸਰੂਪ ਚੁੱਕੇ ਅਤੇ ਉਹ ਸਰੂਪ ਕਿੱਥੇ ਸੌਂਪੇ ਗਏ ਪਰ ਇਸ ਸੰਬੰਧੀ ਵੀ ਉਹ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਦੇ ਸਕੇ। ਜਾਪਦਾ ਹੈ ਕਿ ਸਤਿਕਾਰ ਕਮੇਟੀ ਵੱਲੋਂ ਚੁੱਕੇ ਜਾਂਦੇ ਸਰੂਪਾਂ ਅਤੇ ਉਨ੍ਹਾਂ ਨੂੰ ਕਿਸੇ ਥਾਂ ਸੌਂਪੇ ਜਾਣ ਸੰਬੰਧੀ ਜਿਵੇਂ ਕੋਈ ਰਿਕਾਰਡ ਮੌਜੂਦ ਹੀ ਨਾ ਹੋਵੇ। ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਸਰੂਪ ਲਿਆਏ ਜਾਂਦੇ ਹਨ ਉਹ ਗੁਰਦੁਆਰਾ ਰਾਮਸਰ ਜਾਂ ਫ਼ਿਰ ਗੋਇੰਦਵਾਲ ਸਾਹਿਬ ਵਿਖੇ ਸੁਭਾਏਮਾਨ ਕਰ ਦਿੱਤੇ ਜਾਂਦੇ ਹਨ। (ਜੇ ਅਜੇ ਵੀ ਭਾਈ ਮੁੱਛਲ ਇਸ ਸੰਬੰਧੀ ਕੋਈ ਰਿਕਾਰਡ ਸਾਹਮਣੇ ਲਿਆਉਂਦੇ ਹਨ ਤਾਂ ਯੈੱਸ ਪੰਜਾਬ ਉਸਨੂੰ ਇਸੇ ਪ੍ਰਮੁੱਖਤਾ ਨਾਲ ਛਾਪ ਦੇਵੇਗਾ)

ਆਪ ਹੀ ਹੁਸ਼ਿਆਰਪੁਰ ਵਿੱਚੋਂ ਪ੍ਰਿੰਸੀਪਲ ਜਸਵੰਤ ਸਿੰਘ ਦੇ ਘਰੋਂ ਚੁੱਕੇ ਸਰੂਪ ਬਾਰੇ ਗੱਲ ਛੇੜਦਿਆਂ ਉਨ੍ਹਾਂ ਕਿਹਾ ਕਿ ਉਸ ਘਰ ਵਿਚ ਮੀਟ ਆਂਡੇ ਦਾ ਸੇਵਨ ਹੁੰਦਾ ਹੈ ਅਤੇ ਇਸ ਸੰਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਕਤ ਹੁਕਮਨਾਮੇ ਦੀ ਕਾਪੀ ਯੈੱਸ ਪੰਜਾਬ ਨੂੰ ਭੇਜ ਰਹੇ ਹਨ ਪਰ ਉਨ੍ਹਾਂ ਵੱਲੋਂ 17 ਸਤੰਬਰ 2013 ਦੇ ਹੁਕਮਨਾਮੇ ਦੀ ਭੇਜੀ ਗਈ ਕਾਪੀ (ਹੇਠਾਂ ਵੇਖ਼ੋ) ਨੂੰ ਵਾਚਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਸ ਵਿੱਚ ਸ਼ਰਾਬ ਦੀ ਬਾਰ ਅਤੇ ਹੋਰ ਗੁਰਮਤਿ ਵਿਰੋਧੀ ਵਸਤਾਂ ਤਾਂ ਜ਼ਰੂਰ ਲਿਖ਼ਿਆ ਹੈ ਪਰ ਕਿਤੇ ਵੀ ਮੀਟ ਅਤੇ ਆਂਡੇ ਦਾ ਜ਼ਿਕਰ ਨਹੀਂ ਹੈ।

Parminder Singh Dhingra Advocateਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਲੀਗਲ ਸੈੱਲ ਦੇ ਚੇਅਰਮੈਨ ਐਡਵੋਕੇਟ ਸ: ਪਰਮਿੰਦਰ ਸਿੰਘ ਢੀਂਗਰਾ ਨੇ ਕਿਹਾ ਹੈ ਕਿ ਇਹ ਮਾਮਲਾ ਬਹੁਤ ਹੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਹ ਅਮਾਨਤ ਵਿਚ ਖ਼ਿਆਨਤ ਅਤੇ ਧੋਖ਼ਾਧੜੀ ਦੇ ਨਾਲ ਨਾਲ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਵੀ ਮਾਮਲਾ ਹੈ ਅਤੇ ਉਨ੍ਹਾਂ ਦਾ ਮੰਨਣਾ ਇਹ ਹੈ ਕਿ ਉਕਤ ਅਤੇ ਹੋਰ ਪੁਰਾਤਨ ਅਤੇ ਇਤਿਹਾਸਕ ਸਰੂਪ ਸਤਿਕਾਰ ਕਮੇਟੀ ਜਾਂ ਫ਼ਿਰ ਜਿਸ ਨੂੰ ਵੀ ਉਨ੍ਹਾਂ ਨੇ ਸੌਂਪੇ ਹਨ ਉਨ੍ਹਾਂ ਤੋਂ ਬਰਾਮਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਜੋ ਵੀ ਬਣਦੀ ਕਾਨੂੰਨੀ ਚਾਰਾਜੋਈ ਹੋਵੇਗੀ, ਕੀਤੀ ਜਾਵੇਗੀ।

Satkar Committee Proceeding BookAkal Takht Mataa 14Aug20Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ