31.7 C
Delhi
Monday, May 6, 2024
spot_img
spot_img

‘ਸੁਰਖ਼ ਸਮੁੰਦਰ’ ਕਾਵਿ ਸੰਗ੍ਰਹਿ ਦੇ ਪ੍ਰਸੰਗ ਵਿੱਚ ਨਵੀਂ ਕਾਵਿ ਸੰਵੇਦਨਾ ਦਾ ਕਵੀ ਗੁਰਭਜਨ ਗਿੱਲ

ਗੁਰਭਜਨ ਗਿੱਲ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ । ਉਹ ਤਾਂ ਹਰ ਪੜ੍ਹੇ-ਲਿਖੇ ਪੰਜਾਬੀ ਦੇ ਮਨ ਵਿਚ ਗੂੰਜ ਰਿਹਾ ਹੈ । ਹੁਣ ਤੀਕ ਉਸ ਨੇ ਤਿੰਨ ਕਾਵਿ-ਪੁਸਤਕਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਦੀ ਬਦੌਲਤ ਉਹ ਪੰਜਾਬੀ ਦੇ ਸਾਹਿਤਕ ਹਲਕਿਆਂ ਵਿਚ ਖੂਬ ਚਰਚਿਤ ਹੋਇਆ ਹੈ । ਪੰਜਾਬ ਦੀ ਧਰਤੀ ਅਤੇ ਦੂਰ-ਦੁਰਾਡੇ ਦੇਸਾਂ-ਪ੍ਰਦੇਸਾਂ ਵਿਚ ਵੀ ਮੀਡੀਆ ਨੇ ਉਸ ਦੀ ਕਵਿਤਾ ਦਾ ਨੋਟਿਸ ਲਿਆ ਹੈ । ਇਸ ਲਈ ਟੀ ਵੀ, ਰੇਡੀਉ, ਮਹਿਫ਼ਲਾਂ ਤੇ ਮੇਲਿਆਂ ਵਿਚ ਉਸ ਦੀ ਸ਼ਾਇਰੀ ਦੇ ਬੋਲ ਗੂੰਜਦੇ ਹਨ ।

ਸੁਰਖ਼ ਸਮੁੰਦਰ ਉਸ ਦੀ ਸੱਜਰੀ ਕਾਵਿ ਪੁਸਤਕ ਹੈ ਜੋ ਐਤਕੀਂ ਚੜ੍ਹਦੇ ਸਾਲ ਹੀ ਪੰਜਾਬੀ ਜਗਤ ਨੂੰ ਉਸ ਦਾ ਇਕ ਲਿਟਰੇਰੀ ਤੋਹਫ਼ਾ ਹੈ । ਇਹ ਪੁਸਤਕ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਦਾ ਸੰਗ੍ਰਹਿ ਹੈ ਜਿਨ੍ਹਾਂ ਵਿਚ ਗੁਰਭਜਨ ਦੀ ਕਾਵਿ ਚੇਤਨਾ ਦਾ ਅਗਲਾ ਵਿਕਾਸ ਉੱਭਰਦਾ ਦਿਖਾਈ ਦਿੰਦਾ ਹੈ ।

ਅਸਲ ਵਿਚ ਗੁਰਭਜਨ ਨੂੰ ਲੁਧਿਆਣਾ ਸ਼ਹਿਰ ਵਿਚ ਰਹਿਣ ਦਾ ਸ਼ਰਫ਼ ਹਾਸਲ ਹੈ ਜੋ ਪੰਜਾਬੀ ਕਵਿਤਾ ਦਾ ‘ਤੀਰਥ’ ਬਣਦਾ ਜਾ ਰਿਹਾ ਹੈ । ਲੁਧਿਆਣਾ ਪੰਜਾਬੀ ਦੇ ਕਈ ਨਾਮਵਰ ਤੇ ਪ੍ਰੋੜ ਕਵੀਆਂ ਦੀ ਰਿਹਾਇਸ਼ਗਾਹ ਬਣਿਆ ਹੈ । ਪੰਜਾਬੀ ਦੇ ਸਿਰਮੌਰ ਕਵੀ ਮੋਹਨ ਸਿੰਘ ਨੇ ਲੁਧਿਆਣਾ ਨਗਰ ਨੂੰ ਆਪਣੀ ਆਖ਼ਰੀ ਕਿਆਮ-ਗਾਹ ਬਣਾ ਲਿਆ ਸੀ । ਇਨ੍ਹਾਂ ਵਰ੍ਹਿਆਂ ਵਿਚ ਹੀ ਦੁਆਬਾ ਅੰਚਲ ਦੇ ਜੰਮਪਲ ਅਤੇ ਪਟਿਆਲਾ ਯੂਨੀਵਰਸਿਟੀ ਦੇ ਮੇਰੇ ਵਿਦਿਆਰਥੀ, ਕਵੀ ਸੁਰਜੀਤ ਪਾਤਰ ਦਾ ਨਿਵਾਸ-ਅਸਥਾਨ ਵੀ ਲੁਧਿਆਣਾ ਬਣ ਗਿਆ। ਲੁਧਿਆਣੇ ਦੀ ਇਸੇ ਧਰਤੀ ਤੇ ਗੁਰਭਜਨ ਗਿੱਲ ਦੀ ਸ਼ਾਇਰੀ ਪੁੰਗਰੀ ਤੇ ਪ੍ਰਵਾਨ ਚੜ੍ਹੀ ਹੈ। ਹੁਣ ਏਥੇ ਹੀ ਉਸਦੀ ਸ਼ਾਇਰੀ ਦਾ ਪੌੜ-ਯੁਗ ਉਦੈ ਹੋਇਆ ਹੈ । ਅੱਜ ਉਹ ਲਾਲ ਸੂਹਾ ਸੁਰਖ਼ ਸਮੁੰਦਰ ਲੈ ਕੇ ਸਾਡੇ ਸਾਹਮਣੇ ਹਾਜ਼ਰ ਹੋਇਆ ਹੈ ।

ਇਸ ਕਵਿਤਾ-ਸੰਗ੍ਰਹਿ ਵਿਚ ਕਵੀ ਦੀ ਚਿੰਤਨ-ਧਾਰਾ ਵਿਚ ਵਿਕਾਸ ਹੋਇਆ ਹੈ । ਹੁਣ ਉਸ ਦੀ ਕਾਵਿ-ਸਿਰਜਣਾ ਵਿਚ ਭਾਵੁਕ ਪ੍ਰਤੀਕਰਮ ਤੋਂ ਅਗਾਂਹ ਲੰਘ ਕੇ ਵਿਸ਼ਲੇਸ਼ਣ, ਚਿੰਤਨ, ਤਰਕ ਤੇ ਦਲੀਲ ਦਾ ਸੁਰ ਵੀ ਉੱਭਰਿਆ ਹੈ। ਪਹਿਲਾਂ ਗੁਰਭਜਨ ਇਕੋ ਨੁਕਤੇ ਤੇ ਸਰਗਰਮ ਸੀ ਪਰ ਹੁਣ ਉਸ ਦੀ ਸੋਚ ਤੇ ਸੋਚਣੀ ਵਿਚ ਗਤੀ ਹੈ, ਵੇਗ ਹੈ, ਪਸਾਰ ਹੈ। ਅਤੇ ਨਵੇਂ ਧਰਾਤਲ ਉਸਾਰਨ ਦੀ ਤਮੰਨਾ ਹੈ । ਪੜਚੋਲਵੀਂ ਨਜ਼ਰ ਨਾਲ ਕੀਤਾ ਸ੍ਵੈ ਵਿਸ਼ਲੇਸ਼ਣ ਗੁਰਭਜਨ ਦੀਆਂ ਇਨ੍ਹਾਂ ਕਾਵਿ-ਸਤਰਾਂ ਵਿਚੋਂ ਜ਼ਾਹਰ ਹੁੰਦਾ ਹੈ :

ਮੇਰੇ ਸਿਰ ਤੇ
ਇਹ ਕਿੱਦਾਂ ਦੀ ਸ਼ਾਮ ਢਲੀ ਹੈ
ਆਸਾਂ ਵਾਲੇ ਸਾਰੇ ਪੰਛੀ
ਬਿਨਾਂ ਚੋਗਿਉਂ ਮੁੜ ਆਏ ਨੇ…

ਮੈਨੂੰ ਮੇਰਾ ਮਨ ਪੁੱਛਦਾ ਹੈ
ਤੇਰੇ ਸ਼ਬਦ-ਕੋਸ਼ ਵਿਚ
ਖ਼ਰਵੇ ਅੱਖਰਾਂ ਦੀ ਭਰਮਾਰ ਕਿਉਂ ਹੈ ?
ਕਈ ਜਨਮਾਂ ਦੀ ਪੀੜ ਭਟਕਣਾ
ਤੇਰੇ ਪੱਲੇ ਆਮ ਕਿਉਂ ਹੈ ?

ਇਸੇ ਤਰ੍ਹਾਂ ਆਪਣੀ ਇਕ ਹੋਰ ਕਵਿਤਾ ਆਪਣੇ ਖਿਲਾਫ਼ ਅਤੇ ਦੁਚਿੱਤੀ ‘ਚੋਂ ਲੰਘਦਿਆਂ ਵਿਚ ਵੀ ਕਵੀ ਗੁਰਭਜਨ ਗਿੱਲ ਚਿੰਤਨ ਤੇ ਵਿਸ਼ਲੇਸ਼ਣ ਦੀ ਵਿਧੀ ਦਾ ਹੀ ਪ੍ਰਗਟਾਵਾ ਕਰਦਾ ਹੈ।
ਇਕ ਵੰਨਗੀ ਪੇਸ਼ ਹੈ :

ਅੰਬਰ ਵਿਚ ਅੱਜ ਤੁਰ ਜਾਵਣ ਨੂੰ ਜੀਅ ਕਰਦਾ ਸੀ
ਇਹ ਹੀ ਸੋਚ ਕੇ ਬੈਠ ਗਿਆ ਹਾਂ
ਖੰਭਾਂ ਤੋਂ ਬਿਨ ਕੀਕਣ
ਅੰਬਰੀਂ ਪਹੁੰਚ ਸਕਾਂਗਾ।
ਹੱਥਾਂ ਤੋਂ ਬਿਨ
ਕੀਕਣ ਤਾਰੇ ਤੋੜ ਸਕਾਂਗਾ ।

ਹੁਣ ਕਵੀ ਸੋਚਸ਼ੀਲ ਹੈ, ਚਿੰਤਾਤੁਰ ਹੈ, ਗੁਆਚਿਆਂ ਲਈ ਫ਼ਿਕਰਮੰਦ ਹੈ । ਉਸ ਦੀ ਇਹ ਚਿੰਤਾ ਵੀ ਉਸ ਦੀ ਜਾਗਰੂਕ ਚੇਤਨਾ ਦੀ ਹੀ ਪੈਦਾਵਾਰ ਹੈ । ਚਿੰਤਾ ਆਖ਼ਰਕਾਰ ਚੇਤਨਾ ਦਾ ਹੀ ਅਗਲਾ ਪੜਾਅ ਹੈ । ਚਿੰਤਤ ਹੋ ਕੇ ਕਵੀ ਗੁਆਚਿਆਂ ਦੀ ਤਲਾਸ਼ ਕਰਦਾ ਹੈ ਅਤੇ ਉਨਾਂ ਨੂੰ ਹਾਕਾਂ ਮਾਰਦਾ ਹੈ :

ਗੁਆਚੇ ਯਾਰ ਸਾਰੇ
ਸ਼ਹਿਰ ਵਿਚ ਕਿਸ ਨੂੰ ਬੁਲਾਵਾਂਗਾ।
ਮੈਂ ਕਿਸ ਦੇ ਕੋਲ ਜਾ ਕੇ
ਆਪਣੀ ਵਿਥਿਆ ਸੁਣਾਵਾਂਗਾ।

ਗੁਆਚੇ ਚਿਹਰਿਓ! ਆਓ!
ਤੁਹਾਨੂੰ ਘਰ ਨੂੰ ਲੈ ਚੱਲਾਂ,
ਨਹੀਂ ਤਾਂ ਆਪ ਵੀ ਮੈਂ ਰੌਲਿਆਂ ਵਿੱਚ ਗ਼ਰਕ ਜਾਵਾਂਗਾ।

ਇਸ ਤਰ੍ਹਾਂ ਹੀ ਉਸ ਦੇ ਵਿਚਾਰ-ਚਿੰਤਨ ਦੀ ਕਾਵਿ-ਧਾਰਾ ਵਿਚੋਂ ਇਕ ਹੋਰ ਪਹਿਲੂ ਝਲਕਦਾ ਹੈ, ਉਹ ਹੈ ਉਸ ਦੀ ਦੁਚਿੱਤੀ ਤੇ ਦੁਬਿਧਾ ਗ੍ਰਸਤ ਅਵਸਥਾ । ਇਹ ਦੁਚਿੱਤੀ ਅਤੇ ਇਹ ਦਵੰਦ ਵੀ ਉਸ ਦੇ ਬਹੁਤ ਸਾਰੇ ਸ਼ੇਅਰਾਂ ਵਿਚੋਂ ਪ੍ਰਗਟ ਹੁੰਦਾ ਹੈ । ਜਿਵੇਂ :

ਨਾ ਜੀਂਦੇ ਨਾ ਮੋਇਆਂ ਅੰਦਰ
ਦੋ – ਚਿੱਤੀ ਨੇ ਘੇਰੇ ,
ਕਿੱਥੇ ਤੀਕ ਪੁਚਾ ਛੱਡਿਆ ਏ ਨਿੱਕਿਆਂ-ਨਿੱਕਿਆਂ ਚਾਵਾਂ।

ਦਿਨ ਭਰ ਜਿਹੜੀ ਰਾਤ ਉਡੀਕਾਂ
ਰਾਤ ਪਿਆਂ ਘਬਰਾਵਾਂ।
ਸਮਝ ਨਹੀਂ ਆਉਂਦੀ ਅੰਨ੍ਹੇ ਖੂਹ ‘ਚੋਂ ਕਿੱਧਰ ਨੂੰ ਮੈਂ ਜਾਵਾਂ।

ਹੁਣ ਇਸ ਸਾਰੀ ਸ੍ਵੈ-ਪੜਚੋਲ ਦੀ ਕਸ਼ਮਕਸ਼ ਵਿਚੋਂ ਕਵੀ ਦੇ ਮਨਅੰਤਰ ਵਿਚ ਕਿਸੇ ਡੂੰਘੇ ਪਛਤਾਵੇ ਦੀ ਧੁਨੀ ਉੱਠਦੀ ਹੈ ਜਿਸ ਕਾਰਨ ਕਵੀ ਗ਼ਮਗੀਨ ਹੁੰਦਾ ਹੈ । ਪਰ ਛੇਤੀ ਹੀ ਉਹ ਆਪਣੀ ਹਸਤੀ, ਆਪਣੇ ਪਰਛਾਵੇਂ ਅਤੇ ਆਪਣੇ ਗੁਆਚੇ ਨਕਸ਼ਾਂ ਦੀ ਮੁੜ-ਪਹਿਚਾਣ ਸਥਾਪਤ ਕਰਨ ਲਈ ਉਤਸੁਕ ਹੁੰਦਾ ਹੈ । ਅਜਿਹੇ ਸ੍ਵੈ-ਪਛਤਾਵੇ ਦਾ ਰੰਗ ਇਨ੍ਹਾਂ ਸ਼ੇਅਰਾਂ ਵਿਚ ਝਲਕਦਾ ਹੈ :

ਇਹ ਤਾਂ ਇਕ ਦਿਨ ਹੋਣੀ ਹੀ ਸੀ, ਬਹੁਤ ਉਡੀਕ ਰਿਹਾ ਸਾਂ
ਹਾਦਸਿਆਂ ਵਿਚ ਨਕਸ਼ ਗੁਆ ਕੇ, ਹੁਣ ਕਾਹਨੂੰ ਪਛਤਾਵਾਂ।

ਤੇਰੀ ਧੁੱਪ ਮੁਬਾਰਕ ਤੈਨੂੰ
ਛਾਂ ਤੇਰੀ ਵੀ ਤੈਨੂੰ,
ਮੈਨੂੰ ਬਹੁਤ ਗੁਜ਼ਾਰੇ ਜੋਗਾ
ਆਪਣਾ ਹੀ ਪਰਛਾਵਾਂ।

ਕਵੀ ਦਾ ਇਹ ਪਛਤਾਵਾ, ਇਹ ਗ਼ਮ ਅਤੇ ਆਪਣੇ ਗੁਆਚੇ ਨਕਸ਼ਾਂ ਦਾ ਫ਼ਿਕਰ, ਇਹ ਸੱਭੋ ਕੁਝ ਉਸ ਦੀ ਕਾਵਿ-ਸੰਵਦੇਨਾ ਵਿਚ ਗਹਿਰੀ ਉਪਰਾਮਤਾ ਪੈਦਾ ਕਰਦਾ ਹੈ । ਉਹ ਹੁਣ ਬੇਗਾਨਗੀ ਦੇ ਇਸ ਅਜਨਬੀ ਪ੍ਰਪੰਚ ਤੋਂ ਉਦਾਸ ਹੈ, ਇਸ ਲਈ ਉਹ ਡੂੰਘੀ ਮਮਤਾ , ਨਿੱਘ ਤੇ ਅਪਣੱਤ ਨੂੰ ਲੋਚਦਾ ਹੈ । ਕੁੜੱਤਣਾਂ ਭਰੇ ਮਾਹੌਲ ਵਿਚ ਉਸ ਦਾ ਜੀਅ ਨਹੀਂ ਲੱਗਦਾ । ਸੁਰਖ਼ ਸਮੁੰਦਰ ਦੀ ਕਵਿਤਾ ਇਸ ਰੁੱਖ ਥੱਲੇ ਜੀਅ ਨਹੀ ਲੱਗਦਾ ਵਿਚ ਕਵੀ ਦੀ ਘੋਰ ਉਪਰਾਮਤਾ ਦੇ ਇਹ ਬੋਲ ਸੁਣੋ :

ਇਸ ਰੁੱਖ ਥੱਲੇ ਜੀਅ ਨਹੀਂ ਲੱਗਦਾ ਵਾਂਗ ਕਿਸੇ ਅਣਚਾਹੀ ਬੂਟੀ
ਬਾਬੂ ਵਾਂਗੂ ਉੱਗੇ ਰਹਿਣਾ
ਜਾਂ ਫਿਰ ਤੋਤੇ-ਟੁੱਕੀਆਂ ਗੋਲਾਂ
ਖਾਣ ਨੂੰ ਉੱਕਾ ਮਨ ਨਹੀਂ ਮੰਨਦਾ
ਜੀਅ ਕਰਦੈ ਮੈਂ
ਹੁਣ ਤਾਂ ਦੌੜ ਮੈਦਾਨੀ ਜਾਵਾਂ
ਚੁੰਗੀਆਂ ਭਰਾਂ
ਮਿਰਗ ਬਣ ਜਾਵਾਂ ।

ਪੰਜਾਬੀ ਦੇ ਆਧੁਨਿਕ ਕਵੀ ਸ ਸ ਮੀਸ਼ਾ ਦੀ ਇਸ ਕਵਿਤਾ ਦਾ ਕੁਝ ਇਸੇ ਤਰਾਂ ਦਾ ਹੀ ਅੰਦਾਜ਼ ਦੇਖਣਯੋਗ ਹੈ ।
ਹੁਣ ਇਸ ਘਰ ਵਿਚ
ਜੀਅ ਨਹੀਂ ਲੱਗਦਾ
ਸਾਰਾ ਦਿਨ ਤੱਕਿਆ ਅਸਮਾਨੀਂ
ਭੈ ਦੀਆਂ ਗਿਲਝਾਂ
ਭਾਉਂਦੀਆਂ ਰਹੀਆਂ।

ਇਸ ਤੋਂ ਬਿਨਾਂ ਗੁਰਭਜਨ ਦੇ ਉਪਰੋਕਤ ਬੋਲ ‘ਚੁੰਗੀਆਂ ਭਰਾਂ ਮਿਰਗ ਬਣ ਜਾਵਾਂ ਵਿਚ ਮਨੁੱਖ ਦੇ ਮੂਲ ਅਸਲੇ ਵੱਲ ਮੁੜਨ ਦਾ ਜੋ ਸੰਕਲਪ ਜ਼ਾਹਿਰ ਹੁੰਦਾ ਹੈ, ਉਹ ਅੰਗਰੇਜ਼ੀ ਰੋਮਾਂਟਿਕ ਕਵੀਆਂ ਦੇ back to nature ਜਾਂ back to roots ਦੇ ਨਾਅਰੇ ਨਾਲ ਮਿਲਦਾ ਜੁਲਦਾ ਹੈ । ਪ੍ਰੋ. ਪੂਰਨ ਸਿੰਘ ਨੇ ਵੀ ਜਦੋਂ ਆਪਣੀ ਖੁੱਲੀ ਕਵਿਤਾ ਵਿਚ ਕਿਹਾ ਸੀ,

ਮੈਂ ਮੁੜ ਮੁੜ ਲੋਚਾਂ ਪਸ਼ੂ ਥੀਣ ਨੂੰ,
ਮੈਂ ਆਦਮੀ ਬਣ ਬਣ ਥੱਕਿਆ

ਤਾਂ ਇਸ ਵਿਚ ਵੀ ਇਸੇ ਬ੍ਰਹਿਮੰਡੀ ਸੰਕਲਪ ਦੀ ਧ੍ਵਨੀ (concept of cosmic awareness) ਗੂੰਜਦੀ ਹੈ।
ਸੁਰਖ਼ ਸਮੁੰਦਰ ਦੀਆਂ ਇਨ੍ਹਾਂ ਕਵਿਤਾਵਾਂ ਦੇ ਵਸਤੂ-ਵਿਵੇਕ ਤੋਂ ਇਕ ਗੱਲ ਤਾਂ ਪ੍ਰਤੱਖ ਹੁੰਦੀ ਹੈ ਕਿ ਕਵੀ ਗੁਰਭਜਨ ਹੁਣ ਇਸ ਪੜਾਅ ਤੇ ਆ ਕੇ ਕਿਸੇ ਚਿੰਤਨ-ਬਿਰਤੀ ਨਾਲ ਜੁੜਿਆ ਹੋਇਆ ਹੈ। ਉਸ ਦੀ ਚਿੰਤਨਸ਼ੀਲ ਤੇ ਸੋਚਸ਼ੀਲ ਬਿਰਤੀ ਚਿੰਤਨ ਦੀ ਇਹ ਥੀਮ ਕਈ ਹੋਰ ਪਸਾਰਾਂ ਵਿਚ ਵੀ ਫ਼ੈਲੀ ਹੋਈ ਹੈ ।

ਸੋ ਚਿੰਤਨ-ਪਰਕ ਥੀਮ ਦਾ ਇਕ ਹੋਰ ਪਸਾਰ ਹੈ ਕਵੀ ਦੀ ਇਤਿਹਾਸ ਚੇਤਨਾ । ਇਤਿਹਾਸ ਚੇਤਨਾ ਦੇ ਪਿਛੋਕੜ ਵਿਚ ਕਵੀ ਗੁਰਭਜਨ ਗਿੱਲ ਮਨੁਖ ਦੀ ਪੁਰਾਤਨ ਸੱਭਿਅਤਾ ਅਤੇ ਆਧੁਨਿਕ ਸੱਭਿਅਤਾ ਵਿਚਕਾਰ ਟਾਕਰਾ ਕਰਕੇ ਮਨੁੱਖ ਦੀ ਮੌਜੂਦਾ ਸਥਿਤੀ ਵਿਚ ਤਕਰਾਰ ਤੇ ਤਣਾਉ ਅਨੁਭਵ ਕਰਦਾ ਹੈ । ਮਾਡਰਨ ਤਹਿਜ਼ੀਬ ਨੇ ਮਨੁੱਖ ਦਾ ਇਸ ਕਦਰ ਪਤਨ ਕੀਤਾ ਹੈ ਕਿ ਉਹ ਦਿਨੇ-ਰਾਤ ਸਹਿਮ, ਖ਼ੌਫ਼ ਤੇ ਸੰਤ੍ਰਾਸ ਦੇ ਸਾਏ ਹੇਠ ਸਾਹ ਹੀ ਲੈਂਦਾ ਹੈ ।

ਕਵੀ ਤਰੱਕੀ-ਯਾਫ਼ਤਾ ਤਹਿਜ਼ੀਬ ਤੋਂ ਅਕੇਵਾਂ ਮਹਿਸੂਸ ਕਰਦਾ ਹੋਇਆ ਐਸੀ ਤਹਿਜ਼ੀਬ ਨੂੰ ਪ੍ਰਸ਼ਨ-ਚਿੰਨ੍ਹਤ ਕਰਦਾ ਹੈ । ਗੁਰਭਜਨ ਦੀ ਕਵਿਤਾ ਬਨਾਮ ਸੱਭਿਅਤਾ ਵਿਚ ਮਨੁੱਖੀ ਸਭਿਅਤਾ ਵਿਚ ਤਣਾਉ ਤੇ ਟਕਰਾਉ ਦਾ ਜੋ ਦਵੰਦ ਪੇਸ਼ ਕੀਤਾ ਗਿਆ ਹੈ, ਉਸ ਦੀਆਂ ਵੰਨਗੀਆਂ ਹਾਜ਼ਰ ਹਨ :

ਉੱਕ ਗੱਲ ਕਿੰਨੀ ਕੁ ਪੁਰਾਣੀ
ਹੋ ਸਕਦੀ ਏ ਭਲਾ
ਉਦੋਂ ਤਾਂ ਅਜੇ ਸੜਕਾਂ ਤੇ ਰਿੜ੍ਹਦੇ ਸਾਂ… ਜਦ ਰਿੜ੍ਹਦੇ ਪਹੇ ਵਿਚਕਾਰ ਰਿੜ੍ਹਦੇ। ਕਦੇ ਹਾਦਸੇ ਵਿਚ ਨਾ ਮਰਦੇ
ਨਾ ਸਮੱਸਿਆ ਸੀ ਕੋਈ
ਹੱਲ ਸੋਚਣ ਦੀ ਲੋੜ ਹੀ ਕੀ ਸੀ ?… ਇਹ ਬਹੁਤ ਮਗਰੋਂ ਦੀ ਗੱਲ ਹੈ
ਕਿ ਸੜਕਾਂ ਭੀੜ ਵਿਚ ਡੁੱਬੀਆਂ
ਤੇ ਉਮਰਾਂ ਸੜਕ ਤੇ
ਦੁਰਘਟਨਾ ‘ਚ ਮਰੀਆਂ ।

ਗੁਰਭਜਨ ਦੀ ਇਕ ਹੋਰ ਕਵਿਤਾ ਪੁਰਾਣੀ ਸਾਂਝ
ਵਿਚ ਵੀ ਪੁਰਾਣੀ ਤੇ ਨਵੀਂ ਸੱਭਿਅਤਾ ਦੇ ਵਿਰੋਧਾਤਮਕ ਸ਼ਬਦ-ਚਿੱਤਰ ਪੇਸ਼ ਕੀਤੇ ਗਏ ਹਨ, ਮੁਲਾਹਜ਼ਾ ਫੁਰਮਾਓ :
ਕਈ ਸਦੀਆਂ ਪੁਰਾਣਾ ਆਜੜੀ
ਅੱਜ ਫੇਰ ਆਇਆ ਹੈ…
ਦੁਆਰੇ ਤੇ ਖਲੋਤਾ ਸੱਭਿਅਤਾ ਨੂੰ
‘ ਵਾਜ਼ ਦਿੰਦਾ ਹੈ…
ਤੇਰੇ ਮੱਥੇ ਤੇ ਭੈੜੇ ਦਾਗ਼ ਕਾਹਦੇ ਨੇ
ਇਕ ਤੇਰੇ ਮੂੰਹ ‘ਤੇ ਝਰੀਟਾਂ ਕਿੰਝ ਪਈਆਂ ਨੇ… …
ਤੇ ਹੁਣ ਇਕਲਾਪੇ ਦੀ ਪੰਡ ਨੂੰ
ਸਿਰ ਟਿਕਾਈ
ਫਿਰ ਰਿਹਾਂ ਅੱਜ ਵੀ…
ਇਸ ਤਰ੍ਹਾਂ ਗੁਰਭਜਨ ਦੀ ਕਵਿਤਾ ਦੀ ਰੂਹ ਵਿਚ ਦੋ ਨਵੀਆਂ ਰੇਖਾਵਾਂ ਉੱਭਰੀਆਂ ਹਨ । ਇਕ ਹੈ ਸ੍ਵੈ -ਚਿੰਤਨ ਤੇ ਚੇਤਨਾ, ਜਿਸ ਨਾਲ ਚੁਤਰਫ਼ੇ ਪੱਸਰੀਆਂ ਬੇਇਨਸਾਫ਼ੀਆਂ ਤੇ ਵਿਸੰਗਤੀਆਂ ਦੇ ਦੌਰ ਵਿਚ ਕਵੀ ਆਪਣੀ ਹਸਤੀ ਤੇ ਹੋਂਦ ਦੀ ਮੁੜ-ਪਹਿਚਾਣ ਤਲਾਸ਼ ਕਰਦਾ ਹੈ।

ਦੂਜੀ ਹੈ ਇਤਿਹਾਸਕ ਚੇਤਨਾ, ਜਿਸ ਨਾਲ ਉਹ ਵਿਸ਼ਵ-ਮਨੁੱਖ ਨੂੰ ਮੁਖ਼ਾਤਿਬ ਹੁੰਦਾ ਹੈ।

ਉਸ ਦੀ ਹੋਣੀ ਤੇ ਹਸਤੀ ਦੇ ਦਵੰਦਵਾਦੀ ਰਿਸ਼ਤੇ ਦਾ ਮਹਾਂ-ਬਿੰਬ ਉਜਾਗਰ ਕਰਦਾ ਹੈ । ਇਸ ਚਿੰਤਨ ਤੇ ਚੇਤਨਾ ਦੇ ਕਾਰਨ ਕਵੀ ਗੁਰਭਜਨ ਗਿੱਲ ਆਪਣੀ ਕਾਵਿ-ਸਿਰਜਣਾ ਵਿਚ ਮੈਂ ਤੋਂ ਅਮੈਂ ਤੱਕ ਯਾਤਰਾ ਕਰਦਾ ਹੈ ।

ਮਨੁੱਖ ਦੇ ਸੰਤਾਪਗ੍ਰਸਤ ਤੇ ਸਾਮਿਅਕ ਹਾਲਾਤ ਦੀ ਆਲੋਚਨਾ ਕਰਦਾ ਹੋਇਆ ਵੀ ਕਵੀ ਗੁਰਭਜਨ ਗਿੱਲ ਮਨੁੱਖਤਾ ਦੀਆਂ ਮੂਲ ਸਮੱਸਿਆਵਾਂ ਨਾਲ ਜਾ ਜੁੜਦਾ ਹੈ। ਨਿਰਸੰਦੇਹ ਇਹ ਉਸ ਦੀ ਸਾਹਿਤਕ ਪ੍ਰਾਪਤੀ ਹੈ ।

ਏਥੇ ਸੁਰਖ਼ ਸਮੁੰਦਰ ਦੇ ਕਵੀ ਗੁਰਭਜਨ ਗਿੱਲ ਦੇ ਸਿਰਫ਼ ਮੁੱਖ ਅਨੁਭਵੀ ਦਾਇਰਿਆਂ ਦੀ ਹੀ ਗੱਲ ਕੀਤੀ ਜਾ ਸਕੀ ਹੈ, ਭਾਵੇਂ ਇਸ ਸੰਗ੍ਰਹਿ ਵਿਚ ਉਸ ਦੇ ਕਈ ਹੋਰ ਅਨੁਭਵ ਵੀ ਕਵਿਤਾ-ਬੱਧ ਹੋਏ ਹਨ ।

ਗੁਰਭਜਨ ਦੇ ਕਾਵਿ-ਅਨੁਭਵਾਂ ਦੀ ਵਸਤੂ ਜਿਸ ਰੂਪ-ਰੇਖਾ, ਜਿਸ ਤਰਜ਼ ਅਤੇ ਜਿਸ ਅਦਾ ਤੇ ਅੰਦਾਜ਼ ਰਾਹੀਂ ਉਜਾਗਰ ਹੋਈ ਹੈ, ਇਹ ਵੀ ਇਨ੍ਹਾਂ ਕਵਿਤਾਵਾਂ ਦਾ ਮਹਤੱਵਪੂਰਨ ਪਹਿਲੂ ਹੈ । ਵਸਤੂ ਅਤੇ ਰੂਪ ਵਿਚ ਇਕ ਅਦਵੈਤ ਰਿਸ਼ਤਾ ਜੋੜ ਕੇ ਕਵੀ ਨੇ ਕਲਾ ਦੇ ਅਭਿਆਸ ਦਾ ਜੋ ਪ੍ਰਗਟਾਵਾ ਕੀਤਾ ਹੈ, ਉਸ ਨਾਲ ਉਸ ਦੀ ਸਿਰਜਣਾ ਵਿਚ ਇਕ ਤਾਜ਼ਗੀ ਤੇ ਵਿਲੱਖਣਤਾ ਦੇ ਚਿੰਨ੍ਹ ਰੂਪਮਾਨ ਹੋਏ ਹਨ ।

ਗੁਰਭਜਨ ਦੀ ਕਾਵਿ-ਕਲਾ ਦਾ ਉੱਘੜਵਾ ਤੱਤ ਉਸ ਦੀ ਭਾਸ਼ਾ ਦੀ ਸਮਰਥਾ ਅਤੇ ਉਸ ਦਾ ਨਵਾਂ ਕਾਵਿ-ਮੁਹਾਵਰਾ ਹੈ, ਜ਼ਿੰਦਗੀ ਦੇ ਆਮ-ਫਹਿਮ ਸ਼ਬਦਾਂ ਨੂੰ ਉਸ ਨੇ ਰਵਾਇਤੀ ਪ੍ਰਸੰਗਾਂ ਵਿਚੋਂ ਕੱਢ ਕੇ ਨਵੇਂ ਪ੍ਰਸੰਗਾਂ ਅਤੇ ਨਵੇਂ ਸੰਦਰਭਾਂ ਨਾਲ ਇਸ ਤਰ੍ਹਾਂ ਜੋੜਿਆ ਹੈ ਕਿ ਉਹ ਆਮ-ਫਹਿਮ ਸ਼ਬਦਾਂ, ਅਰਥਾਂ ਦੇ ਨਵੇਂ ਧਰਾਤਲ ਸਿਰਜਣ ਵਿਚ ਸਮਰਥ ਹੋਏ ਹਨ।
ਇਸ ਤਰ੍ਹਾਂ ਗੁਰਭਜਨ ਗਿੱਲ ਕਾਵਿ-ਸ਼ਬਦਾਂ ਦੀ ਧੁਰ ਅੰਦਰਲੀ ਆਤਮਾ ਦਾ ਦ੍ਰਸ਼ਟਾ ਕਵੀ (A visionary poet) ਬਣ ਨਿਬੜਿਆ ਹੈ । ਮਿਸਾਲਾਂ ਹਾਜ਼ਰ ਹਨ :

ਅਸਾਂ ਨੂੰ ਆਸ ਸੀ ਪਹਿਲਾਂ
ਉਹ ਕੀਕਣ ਤੁਰਣਗੇ ਯਾਰੋ
ਜਦੋਂ ਵੀ ਧੁੱਪ ਲੜਦੀ ਹੈ।
ਉਦੋਂ ਈ ਵੱਟ ਚੜ੍ਹਦਾ ਹੈ।

ਕਾਫ਼ਲਿਆਂ ਦਾ ਸਾਥ ਭਲਾ ਕੀ
ਰਾਹ ਵਿਚ ਉੱਗੀਆਂ ਛਾਵਾਂ ਨਾਲ।
ਕਦਮ ਜੋੜ ਕੇ ਜਿਨ੍ਹਾਂ ਤੁਰਨਾ
ਭਰ ਵਗਦੇ ਦਰਿਆਵਾਂ ਨਾਲ।

ਧੁੱਪਾਂ ਦਾ ਲੜਨਾ, ਛਾਵਾਂ ਦਾ ਉੱਗਣਾ, ਦਰਿਆਵਾਂ ਨਾਲ ਤੁਰਨਾ, ਅਜਿਹੇ ਵਾਕੰਸ਼ ਹਨ ਜਿਹੜੇ ਰਵਾਇਤੀ ਅਰਥਾਂ ਤੋਂ ਹਟ ਕੇ ਨਵੇਂ ਅਰਥਾਂ ਸੰਗ ਆ ਜੁੜੇ ਹਨ । ਗੁਰਭਜਨ ਦੀ ਇਹੋ ਭਾਸ਼ਾ-ਸ਼ਕਤੀ ਹੈ ਅਤੇ ਨਵਾਂ ਕਾਵਿ-ਮੁਹਾਵਰਾ ਹੈ ।
ਮੈਂ ਤੇ ਮੈਂ ਦੇ ਹਮਸਫ਼ਰ ਕਵੀ ਗੁਰਭਜਨ ਗਿੱਲ ਦੀ ਨਵੀਂ ਸਿਰਜਣਾ ਸੁਰਖ਼ ਸਮੁੰਦਰ ਦਾ ਅਭਿਨੰਦਨ ਹੈ ।

ਪ੍ਰੇਮ ਪ੍ਰਕਾਸ਼ ਸਿੰਘ (ਡਾ.) (ਰਿਟਾਇਰਡ ਪ੍ਰੋਫ਼ੈਸਰ)
ਪੰਜਾਬੀ ਯੂਨੀਵਰਸਿਟੀ ਪਟਿਆਲਾ

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION