ਯੈੱਸ ਪੰਜਾਬ
ਚੰਡੀਗੜ੍ਹ 19 ਮਾਰਚ 2023:
ਪੰਜਾਬ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਹੋਣ ਜਾਂ ਨਾ ਹੋਣ ਬਾਰੇ ਚੱਲ ਰਹੀਆਂ ਚਰਚਾਵਾਂ ਦੇ ਮੱਦੇਨਜ਼ਰ ਪੁਲਿਸ ਦੇ ਮੁੱਖ ਬੁਲਾਰੇ ਆਈ.ਜੀ.ਸ: ਸੁਖ਼ਚੈਨ ਸਿੰਘ ਗਿੱਲ ਵੱਲੋਂ ਸਥਿਤੀ ਸਪਸ਼ਟ ਕੀਤੀ ਗਈ ਹੈ।
ਸਮਝਿਆ ਜਾਂਦਾ ਹੈ ਕਿ ਆਈ.ਜੀ. ਸ: ਗਿੱਲ ਦਾ ਇਹ ਬਿਆਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ: ਤਰਸੇਮ ਸਿੰਘ ਅਤੇ ਮਾਤਾ ਸ੍ਰੀਮਤੀ ਬਲਵਿੰਦਰ ਕੌਰ ਵੱਲੋਂ ਦਿੱਤੇ ਉਨ੍ਹਾਂ ਬਿਆਨਾਂ ਦੇ ਮੱਦੇਨਜ਼ਰ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਬੇਟਾ ਪੁਲਿਸ ਵੱਲੋਂ ਸਨਿਚਰਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਐਤਵਾਰ ਸ਼ਾਮ ਨੂੰ ਕਿਸੇ ਦਾ ਵੀ ਨਾਂਅ ਨਾ ਲੈਂਦੇ ਹੋਏ ਕੋਈ ਵੀ ਹੋਰ ਹਵਾਲਾ ਨਾ ਦਿੰਦੇ ਹੋਏ ਸ: ਗਿੱਲ ਨੇ ਕਿਹਾ ਕਿ ਸਨਿਚਰਵਾਰ ਨੂੰ ਮਹਿਤਪੁਰ ਵਿਖ਼ੇ ਪੁਲਿਸ ਵੱਲੋਂ ਜੋ ਨਾਕਾ ਲਾਇਆ ਹੋਇਆ ਸੀ, ਉਹ ਇੱਕ ਕੇਸ ਵਿੱਚ ਲੋੜੀਂਦੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਇਆ ਗਿਆ ਸੀ। ਇਹ ਨਾਕਾ ਮੁਕੰਮਲ ਤੌਰ ’ਤੇ ਜਨਤਕ ਥਾਂ ’ਤੇ ਸੀ ਅਤੇ ਉਸ ਜਗ੍ਹਾ ’ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹੋਏ ਹਨ ਅਤੇ ਉੱਥੋਂ ਉਹ ਦੌੜਿਆ ਸੀ, ਜਿਹੜਾ ਕਿ ਸਭ ਨੂੰ ਪਤਾ ਹੈ।
ਉਹਨਾਂ ਕਿਹਾ ਕਿ ਅੱਗੇ ਵੀ ਜੋ ਵੀ ਕੰਮ ਪੰਜਾਬ ਪੁਲਿਸ ਇਸ ਕੇਸ ਵਿੱਚ ਕਰੇਗੀ, ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰੇਗੀੇ।
ਸ: ਗਿੱਲ ਨੇ ਕਿਹਾ ਕਿ ਕਾਨੂੰਨ ਵਿੱਚ ਹਾਜ਼ਰ ਪ੍ਰਾਵਧਾਨਾਂ ਅਨੁਸਾਰ ਹਰ ਕਿਸੇ ਨੂੰ ਹੱਕ ਹੈ ਕਿ ਉਹ ਕੋਈ ਕਾਨੂੂੰਨੀ ਚਾਰਾਜੋਈ ਕਰ ਸਕਦਾ ਹੈ।
ਉਹਨਾਂ ਇੱਕ ਵਾਰ ਫ਼ਿਰ ਸਪਸ਼ਟ ਕੀਤਾ ਕਿ ਇਸ ਕੇਸ ਵਿੱਚ ਅੰਮ੍ਰਿਤਪਾਲ ਸਿੰਘ ਅਜੇ ਵੀ ਪੁਲਿਸ ਨੂੰ ਲੋੜੀਂਦਾ ਹੈ ਅਤੇ ਅਜੇ ਤਕ ਇਸ ਕੇਸ ਵਿੱਚ ਗ੍ਰਿਫ਼ਤਾਰ ਨਹੀਂ ਹੋਇਆ ਜਿਸ ਦੀ ਭਾਲ ਜਾਰੀ ਹੈ।
ਸ: ਸੁਖ਼ਚੈਨ ਸਿੰਘ ਗਿੱਲ ਵੱਲੋਂ ਅਤੇ ਪੰਜਾਬ ਪੁਲਿਸ ਵੱਲੋੀ ਆਪਣੇ ਸੋਸ਼ਲ ਮੀਡੀਆ ਹੈਂਡਲਾਂ ’ਤੇ ਇਕ ਹੋਰ ਸੁਨੇਹਾ ਪਾ ਕੇ ਕਿਹਾ ਹੈ ਕਿ ਇਸ ਬਾਰੇ ਜਾਅਲੀ ਖ਼ਬਰਾਂ, ਅਫ਼ਵਾਹਾਂ ਅਤੇ ਨਫ਼ਰਤ ਭਰੇ ਭਾਸ਼ਣਾਂ ’ਤੇ ਪੁਲਿਸ ਨਜ਼ਰ ਰੱਖ ਰਹੀ ਹੈ ਅਤੇ ਇਨ੍ਹਾਂ’ਤੇ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ ਹੈ।