ਯੈੱਸ ਪੰਜਾਬ
ਨਵੀਂ ਦਿੱਲੀ, 22 ਮਾਰਚ, 2023:
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਰੋਧ ਵਿੱਚ ਦਿੱਲੀ ਵਿੱਚ ਦੀਵਾਰਾਂ ਅਤੇ ਖੰਭਿਆਂ ’ਤੇ ਲਗਾਏ ਗਏ ਪੋਸਟਰਾਂ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਨੇ 100 ਐਫ.ਆਈ.ਆਰ.ਦਰਜ ਕੀਤੀਆਂ ਹਨ।
ਇਨ੍ਹਾਂ ਪੋਸਟਰਾਂ ਵਿੱਚੋਂ ਇਕ ਪੋਸਟਰ ’ਤੇ ‘ਮੋਦੀ ਹਟਾਓ, ਦੇਸ਼ ਬਚਾਓ’ ਦੇ ਨਾਅਰੇ ਲਿਖ਼ੇ ਗਏ ਸਨ।
ਇਨ੍ਹਾਂ ਐਫ.ਆਈ.ਆਰ.ਦੇ ਆਧਾਰ ’ਤੇ ਹੁਣ ਤਕ 6 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ ਹਾਲਾਂਕਿ ਬਾਅਦ ਵਿੱਚ ਇਨ੍ਹਾਂ ਨੂੰ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਗਿਆ।
ਸੂਤਰਾਂ ਅਨੁਸਾਰ ਪੁਲਿਸ ਨੇ ਇਸ ਤਰ੍ਹਾਂ ਦੇ ਲਗਪਗ 2000 ਪੋਸਟਰ ਰਾਜਧਾਨੀ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਉਤਾਰੇ ਗਏ ਹਨ।
ਅਖ਼ਬਾਰ ਏਜੰਸੀ ਆਈ.ਏ.ਐੱਨ.ਐੱਸ. ਨੇ ਇਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ‘ਇਹ ਕੇਸ ਪ੍ਰਿੰਟਿੰਗ ਪ੍ਰੈੱਸ ਐਕਟ ਅਤੇ ਡਿਫੇਸਮੈਂਟ ਆਫ਼ ਪ੍ਰਾਪਰਟੀ ਐਕਟ’ ਤਹਿਤ ਦਰਜ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ‘ਪੁਲਿਸ ਨੂੰ ਜਾਣਕਾਰੀ ਮਿਲਣ ’ਤੇ ਇਕ ਵੈਨ ਨੂੰ ‘ਆਮ ਆਦਮੀ ਪਾਰਟੀ’ ਦੇ ਦਫ਼ਤਰ ਤੋਂ ਨਿਕਲਣ ਤੋਂ ਤੁਰੰਤ ਬਾਅਦ ਰੋਕਿਆ ਗਿਆ ਜਿਸ ਵਿੱਚੋਂ ਪੋਸਟਰ ਬਰਾਮਦ ਹੋਏ ਹਨ।’
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ