ਯੈੱਸ ਪੰਜਾਬ
ਚੰਡੀਗੜ੍ਹ, 14 ਸਤੰਬਰ, 2022:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਅੱਜ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਏ.ਡੀ.ਜੀ.ਪੀ. ਸ੍ਰੀ ਐਲ.ਕੇ.ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਏ ਜਿਸ ਨੇ ਉਨ੍ਹਾਂ ਤੋਂ ਲਗਪਗ 6 ਘੰਟੇ ਪੁੱਛ ਗਿੱਛ ਕੀਤੀ।
ਲਗਪਗ 6 ਘੰਟ ਬਾਅਦ ਸਵਾਲਾਂ ਜਵਾਬਾਂ ਦੇ ਘੇਰੇ ਵਿੱਚੋਂ ਬਾਹਰ ਆਏ ਸ: ਸੁਖ਼ਬੀਰ ਸਿੰਘ ਬਾਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਅਤੇ ਹੁਣ ‘ਆਪ’ ਸਰਕਾਰ ਇਨ੍ਹਾਂ ਮਾਮਲਿਆਂ ਵਿੱਚ ਇਨਸਾਫ਼ ਦੇਣ ਦੀ ਬਜਾਏ ਰਾਜਨੀਤੀ ਕਰਦੀਆਂ ਆਈਆਂ ਹਨ।
ਉਨ੍ਹਾਂ ਆਖ਼ਿਆ ਕਿ ਮੈਂ ਐਸ.ਆਈ.ਟੀ. ਨੂੰ ਕਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਦੀ ਸਾਖ਼ ਵੀ ਦਾਅ ’ਤੇ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਐਸ.ਆਈ.ਟੀ. ਕੇਵਲ ਜਾਂਚ ਹੀ ਨਾ ਕਰਦੀ ਰਹੇ ਸਗੋਂ ਦੋਸ਼ੀਆਂ ਨੂੰ ਵੀ ਫ਼ੜੇ। ਉਨ੍ਹਾਂ ਆਖ਼ਿਆ ਕਿ ਜੇ ਐਸ.ਆਈ.ਟੀ. ਮੈਨੂੰ 100 ਵਾਰ ਵੀ ਬੁਲਾਏਗੀ ਤਾਂ ਮੈਂ ਆਵਾਂਗਾ।
ਅੱਜ ਵੀ ਸ: ਸੁਖ਼ਬੀਰ ਸਿੰਘ ਬਾਦਲ ਦੇ ਐਸ.ਆਈ.ਟੀ. ਸਾਹਮਣੇ ਪੇਸ਼ ਹੋਣ ਸਮੇਂ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਰਹੇ ਜਿਹੜੇ ਸ: ਸੁਖ਼ਬੀਰ ਸਿੰਘ ਬਾਦਲ ਦੇ ਪੇਸ਼ੀ ਲਈ ਪਹੁੰਚਣ ਤੋਂ ਲੈ ਕੇ ਉਨ੍ਹਾਂ ਦੇ ਪੇਸ਼ੀ ਤੋਂ ਫ਼ਾਰਿਗ ਹੋ ਕੇ ਵਾਪਸ ਆਉਣ ਤੋਂ ਬਾਅਦ ਤਕ ਇੱਥੇ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਇਸੇ ਐਸ.ਆਈ.ਟੀ. ਨੇ ਪਹਿਲਾਂ ਸ: ਬਾਦਲ ਨੂੰ 30 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਸ ਵੇਲੇ ਸੰਮਨ ਨਾ ਮਿਲਣ ਦੀ ਗੱਲ ਕਹਿ ਕੇ ਅਤੇ ਫ਼ਿਰ 30 ਅਗਸਤ ਨੂੰ ਹੀ ਜ਼ੀਰਾ ਅਦਾਲਤ ਵਿੱਚ ਆਪਣੀ ਇਕ ਪੇਸ਼ੀ ਦਾ ਹਵਾਲਾ ਦਿੰਦਿਆਂ ਸ: ਸੁਖ਼ਬੀਰ ਸਿੰਘ ਬਾਦਲ ਐਸ.ਆਈ.ਟੀ.ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ ਜਿਸ ’ਤੇ ਅਗਲੀ ਤਾਰੀਖ਼ 14 ਸਤੰਬਰ ਨਿਰਧਾਰਿਤ ਕੀਤੀ ਗਈ ਸੀ।
ਇਸੇ ਦੌਰਾਨ 6 ਸਤੰਬਰ ਨੂੰ ਸ: ਸੁਖ਼ਬੀਰ ਸਿੰਘ ਬਾਦਲ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਆਈ.ਜੀ. ਸ: ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਐਸ.ਆਈ.ਟੀ. ਸਾਹਮਣੇ ਪੇਸ਼ ਹੋਏ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ