33.1 C
Delhi
Thursday, May 23, 2024
spot_img
spot_img
spot_img

ਸੰਘ ਅਤੇ ਭਾਜਪਾ ਦੀ ਸ਼ਹਿ ’ਤੇ ਹਰਿਆਣਾ ਵੱਲੋਂ ਚੰਡੀਗੜ੍ਹ ਵਿੱਚ ਵੱਖਰੀ ਅਸੈਂਬਲੀ ਲਈ ਥਾਂ ਦੀ ਮੰਗ ਕੇਂਦਰ ਦੀ ਖ਼ਤਰਨਾਕ ਚਾਲ: ਪਾਸਲਾ, ਜਾਮਾਰਾਏ

ਯੈੱਸ ਪੰਜਾਬ
ਜਲੰਧਰ, 22 ਨਵੰਬਰ, 2022:
ਪੰਜਾਬ ਨਾਲ ਕੇਂਦਰੀ ਹੁਕਮਰਾਨਾਂ ਵੱਲੋਂ ਅਤੀਤ ’ਚ ਕੀਤੀਆਂ ਗਈਆਂ ਤੇ ਹੁਣ ਵੀ ਜਾਰੀ ਘੋਰ ਬੇਇਨਸਾਫ਼ੀਆਂ ਤੇ ਦੇਸ਼ ਦੇ ਸੰਘਾਤਮਕ ਢਾਂਚੇ ਉਪਰ ਕੀਤੇ ਜਾ ਰਹੇ ਮਾਰੂ ਹੱਲਿਆਂ ਦੀ ਕੜੀ ਵਜੋਂ ਹਰਿਆਣਾ ਸਰਕਾਰ ਵੱਲੋਂ ਸੰਘ-ਭਾਜਪਾ ਤੇ ਮੋਦੀ ਸਰਕਾਰ ਦੀ ਸ਼ਹਿ ’ਤੇ ਆਪਣੀ ਨਵੀਂ ਅਸੈਂਬਲੀ ਬਣਾਉਣ ਲਈ ਚੰਡੀਗੜ੍ਹ ’ਚ 10 ਏਕੜ ਜ਼ਮੀਨ ਅਲਾਟ ਕੀਤੇ ਜਾਣ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਆਰ.ਐਮ.ਪੀ.ਆਈ. ਦੇ ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਤੇ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਇਸਨੂੰ ਕੇਂਦਰ ਦੀ ਬਹੁਤ ਹੀ ਖ਼ਤਰਨਾਕ ਚਾਲ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਅਜੋਕੀਆਂ ਪ੍ਰਸਥਿਤੀਆਂ ਅੰਦਰ ਇਹ ਮੰਗ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੇ ਨਾਲ-ਨਾਲ ਦੋਨੋਂ ਪ੍ਰਾਂਤਾਂ ਦੇ ਲੋਕਾਂ ਦੇ ਮਨਾਂ ਅੰਦਰ ਇਕ-ਦੂਸਰੇ ਪ੍ਰਤੀ ਬੇਵਿਸ਼ਵਾਸ਼ੀ ਤੇ ਮੰਦਭਾਵਨ ਪੈਦਾ ਕਰਨ ਦਾ ਕਾਰਨ ਵੀ ਬਣ ਸਕਦੀ ਹੈ।

ਦੋਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ’ਤੇ ਕੇਂਦਰੀ ਏਜੰਸੀਆਂ ਦੀ ਹੱਥ ਠੋਕੇ, ਜੋ ਪੰਜਾਬ ਨਾਲ ਹੋ ਰਹੇ ਧੱਕਿਆਂ ਨੂੰ ਧਾਰਮਿਕ ਤੇ ਵੰਡਵਾਦੀ ਰੰਗਤ ਦੇ ਕੇ ਸਥਿਤੀ ਨੂੰ ਗੰਭੀਰ ਬਣਾ ਸਕਦੇ ਹਨ, ਨੂੰ ਉਕਤ ਅਨਿਆਈਂ ਮੰਗ ਨਾਲ ਹੋਰ ਹੱਲਾਸ਼ੇਰੀ ਹੀ ਮਿਲੇਗੀ। ਪ੍ਰਾਂਤ ਨੂੰ ਚੰਡੀਗੜ੍ਹ ਦੀ ਹੱਕੀ ਮਾਲਕੀ ਤੋਂ ਦਰ ਕਿਨਾਰ ਕਰਨ ਨਾਲ ਇਨ੍ਹਾਂ ਤੱਤਾਂ, ਜੋ ਆਪਣੀਆਂ ਫਿਰਕੂ ਕਾਰਵਾਈਆਂ ਤੇ ਵੰਡਵਾਦੀ ਬਿਆਨਬਾਜ਼ੀ ਰਾਹੀਂ ਪੰਜਾਬ ਦੇ ਸ਼ਾਂਤੀਪੂਰਨ ਮਹੌਲ ਨੂੰ ਲਾਂਬੂੰ ਲਾਉਣ ਲਈ ਉਤਾਵਲੇ ਹਨ, ਨੂੰ ਹੀ ਬਲ ਮਿਲੇਗਾ।

ਆਰ.ਐਮ.ਪੀ.ਆਈ. ਨੇ ਲੰਘੀ 16 ਨਵੰਬਰ ਨੂੰ ਜਲੰਧਰ ਵਿਖੇ ਸੂਬਾਈ ਇਕੱਠ ਕਰਕੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦੇ ਨਾਲ-ਨਾਲ ਦੂਸਰੀਆਂ ਹੱਕੀ ਮੰਗਾਂ , ਜੋ ਕੇਂਦਰੀ ਹੁਕਮਰਾਨਾਂ ਦੀ ਬਦਨੀਅਤ ਕਰਕੇ ਦਹਾਕਿਆਂ ਤੋਂ ਲਮਕਦੀਆਂ ਤੁਰੀਆਂ ਆ ਰਹੀਆਂ ਹਨ, ਦੇ ਠੋਸ ਹੱਲ ਲਈ ਆਵਾਜ਼ ਬੁਲੰਦ ਕੀਤੀ ਹੈ। ਪ੍ਰੰਤੂ ਹਰਿਆਣਾ ਸਰਕਾਰ ਤੇ ਭਾਜਪਾ ਆਗੂ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਦੀ ਬਜਾਏ ਵਿਧਾਨ ਸਭਾ ਲਈ ਚੰਡੀਗੜ੍ਹ ’ਚ ਜਗ੍ਹਾ ਦੇਣ ਦੀ ਮੰਗ ਕਰਕੇ ਅੱਗ ਨਾਲ ਖੇਡਣ ਦੇ ਯਤਨ ਕਰ ਰਹੇ ਹਨ।

ਸਾਥੀ ਪਾਸਲਾ ਤੇ ਜਾਮਾਰਾਏ ਨੇ ਕਿਹਾ ਕਿ ਆਰ.ਐਮ.ਪੀ.ਆਈ. ਜਿੱਥੇ ਪੰਜਾਬ ਨਾਲ ਸਬੰਧਤ ਮੁੱਦਿਆਂ ’ਤੇ ਜਨਤਕ ਲਹਿਰ ਉਸਾਰਨ ਲਈ ਪੂਰੀ ਵਾਹ ਲਾ ਰਹੀ ਹੈ ਉਥੇ ਪੰਜਾਬ ਦੇ ਸਮੂਹ ਲੋਕਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੇ ਸੰਘਾਤਮਕ ਢਾਂਚੇ ਉਪਰ ਕੀਤੇ ਜਾ ਰਹੇ ਹੱਲਿਆਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਵੀ ਕਰਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION