26.7 C
Delhi
Thursday, May 9, 2024
spot_img
spot_img

ਫ਼ੌਜਾ ਸਿੰਘ ਸਰਾਰੀ: ਕੀ ਇਕ ਵਾਰ ਫ਼ਿਰ ਫ਼ਸੇਗੀ ‘ਕੱਟੜ ਇਮਾਨਦਾਰ’ ਸਰਕਾਰ ਦੀ ਗਰਾਰੀ?

ਯੈੱਸ ਪੰਜਾਬ
ਚੰਡੀਗੜ੍ਹ, 13 ਸਤੰਬਰ, 2022:
ਪੰਜਾਬ ਦੇ ਕੈਬਨਿਟ ਮੰਤਰੀ ਸ: ਫ਼ੌਜਾ ਸਿੰਘ ਸਰਾਰੀ ਦੀ ਇਕ ਵਾਇਰਲ ਹੋਈ ਆਡੀਓ ਨੇ ਇਕ ਵਾਰ ਫ਼ਿਰ ਪੰਜਾਬ ਦੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੂੰ ਕਟਘਰੇ ਵਿੱਚ ਖੜ੍ਹੇ ਕਰ ਦਿੱਤਾ ਹੈ।

ਰਾਜਨੀਤਕ ਪਾਰੀ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਏ.ਐਸ.ਆਈ.ਰਹੇ ਅਤੇ ਗੁਰੂ ਹਰਸਹਾਏ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਸ: ਫ਼ੌਜਾ ਸਿੰਘ ਸਰਾਰੀ ਨੂੰ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪਹਿਲੇ ਵਿਸਥਾਰ ਸਮੇਂ 4 ਜੁਲਾਈ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਕੋਲ ਫ਼ਰੀਡਮ ਫ਼ਾਈਟਰਜ਼, ਡਿਫ਼ੈਂਸ ਸਰਵਿਸਿਜ਼ ਵੈਲਫ਼ੇਅਰ, ਫ਼ੂਡ ਪ੍ਰੋਸੈਸਿੰਗ ਅਤੇ ਹਾਰਟੀਕਲਚਰ ਦੇ ਮਹਿਕਮੇ ਹਨ।

ਉਨ੍ਹਾਂ ਦੀ ਵਾਇਰਲ ਹੋਈ ਆਡੀਓ ਵਿੱਚ ਇਕ ਬੰਨੇ ਮੰਤਰੀ ਸਾਹਿਬ ਆਪ ਅਤੇ ਦੂਜੇ ਬੰਨੇ ਉਨ੍ਹਾਂ ਦਾ ਹੀ ਇਕ ਵਿਸ਼ਵਾਸਪਾਤਰ ਤਰਸੇਮ ਲਾਲ ਕਪੂਰ ਦੱਸਿਆ ਜਾ ਰਿਹ ਹੈ। ਆਪਣੇ ਹੇਠਲੇ ਮਹਿਕਮੇ ਵਿੱਚ ਢਾਈ ਕਰੋੜ ਦਾ ਘਪਲਾ ਸਾਹਮਣੇ ਆਉਣ ਦੀ ਗੱਲ ਕਰਦਿਆਂ ਗੱਲ ਇਸ ਘਪਲੇ ਨੂੰ ਬੇਨਕਾਬ ਕਰਕੇ ਸਰਕਾਰੀ ਖਜ਼ਾਨਾ ਭਰਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਨਹੀਂ ਹੋ ਰਹੀ ਸਗੋਂ ਮੰਤਰੀ ਅਤੇ ਉਸਦਾ ਵਿਸ਼ਵਾਸਪਾਤਰ ਇਹ ਗੱਲ ਕਰਦੇ ਸੁਣੇ ਜਾਂਦੇ ਹਨ ਕਿ ਇਸ ਢਾਈ ਕਰੋੜੀ ਘਪਲੇ ਦੇ ਦੋਸ਼ੀਆਂ ਨੂੰ ਦਾੜ੍ਹ ਹੇਠ ਲਿਆ ਕੇ ਉਨ੍ਹਾਂ ਨਾਲ ਇਕ ‘ਸੇਫ਼ ਅਤੇ ਵੱਡੀ ਡੀਲ’ ਕਿਵੇਂ ਕੀਤੀ ਜਾ ਸਕਦੀ ਹੈ।

ਜਦ ਇਹ ਆਡੀਓ ਵਾਇਰਲ ਹੋਈ ਲਗਪਗ ਉਸੇ ਹੀ ਸਮੇਂ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਪਹਿਲਾਂ ਹੀ ਮਿੱਥੇ ਪ੍ਰੋਗਰਾਮ ਅਨੁਸਾਰ ਜਰਮਨੀ ਲਈ ਰਵਾਨਾ ਹੋ ਗਏ ਇਸ ਕਰਕੇ ਉਨ੍ਹਾਂ ਦੀ 17 ਸਤੰਬਰ ਦੀ ਵਾਪਸੀ ਤਕ ਇਹ ਸਪਸ਼ਟ ਨਹੀਂ ਹੋਣ ਲੱਗਾ ਕਿ ਸਰਕਾਰ ਜਾਂ ਫ਼ਿਰ ਕਹਿ ਲਉ ਮੁੱਖ ਮੰਤਰੀ ਦਾ ਇਸ ਬਾਰੇ ਕੀ ਰੁਖ਼ ਰਹੇਗਾ।

ਉਂਜ ਇਹ ਬਹੁਤ ਦਿਲਚਸਪ ਗੱਲ ਹੈ ਕਿ ਸੋਮਵਾਰ ਨੂੰ ਫਿਰੋਜ਼ਪੁਰ ਵਿੱਚ ਪੱਤਰਕਾਰਾਂ ਵੱਲੋਂ ਵਾਰ ਵਾਰ ਪੁੱਛੇ ਜਾਣ ’ਤੇ ਵੀ ਸ: ਫ਼ੌਜਾ ਸਿੰਘ ਸਰਾਰੀ ਨੇ ਵਾਇਰਲ ਆਡੀਓ ਬਾਰੇ ਇਕ ਅੱਖਰ ਵੀ ਬੋਲਣ ਤੋਂ ਗੁਰੇਜ਼ ਹੀ ਨਹੀਂ ਕੀਤਾ ਸਗੋਂ ਉਹ ਬੜੀ ਕਾਹਲੀ ਨਾਲ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਹੋਏ ਨਿਕਲਦੇ ਨਜ਼ਰ ਆਏ। ਉਂਜ ਇਹ ਸਮਝਿਆ ਜਾਂਦਾ ਹੈ ਕਿ ਜੇ ਕੋਈ ਆਡੀਓ ਸਹੀ ਨਾ ਹੋਵੇ ਤਾਂ ਸੰਬੰਧਤ ਵਿਅਕਤੀ ਨੂੰ ਡੱਟ ਕੇ ਆਪਣੇ ਆਪ ਨੂੰ ‘ਡਿਫ਼ੈਂਡ’ ਕਰਨਾ ਬਣਦਾ ਹੈ।

6 ਮਹੀਨਿਆਂ ਦੇ ਸਮੇਂ ਵਿੱਚ ਹੀ ਕਈ ਵੱਡੇ ਫ਼ੈਸਲੇ ਕਰਨ ਵਾਲੀ ‘ਆਮ ਆਦਮੀ ਪਾਰਟ’ ਦੀ ਸਰਕਾਰ ਆਪਣੇ ਮੰਤਰੀਆਂ ਕਰਕੇ ਤਾਜ਼ਾ ਮਾਮਲੇ ਸਣੇ ਤੀਜੀ ਵਾਰ ਘਿਰੀ ਹੈ ਜਾਂ ਫ਼ਿਰ ਕਹਿ ਲਉ ਸਵਾਲਾਂ ਦੇ ਘੇਰੇ ਵਿੱਚ ਆਈ ਹੈ।

ਉਂਜ ਪਹਿਲੀ ਵਾਰ ਇਹ ਸਰਕਾਰ ਘਿਰੀ ਨਹੀਂ ਸੀ ਸਗੋਂ ਖ਼ੁਦ ਸ: ਭਗਵੰਤ ਸਿੰਘ ਮਾਨ ਨੇ ਆਪਣੀ ਹੀ ਸਰਕਾਰ ਦੇ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਨੂੰ ‘ਐਕਸਪੋਜ਼’ ਕੀਤਾ ਸੀ ਅਤੇ ਕਿਹਾ ਸੀ ਕਿ ਡਾ: ਸਿੰਗਲਾ ਨੇ ਕਿਸੇ ਟੈਂਡਰ ਵਿੱਚ ਇਕ ਪ੍ਰਤੀਸ਼ਤ ਕਮਿਸ਼ਨ ਦੀ ਮੰਗ ਕੀਤੀ ਸੀ ਅਤੇ ਇਸ ਬਾਰੇ ਸ਼ਿਕਾਇਤ ਉਨ੍ਹਾਂ ਕੋਲ ਪੁੱਜੀ ਤਾਂ ਉਨ੍ਹਾਂ ਨੇ ਸਭ ਕੁਝ ‘ਵੈਰੀਫ਼ਾਈ’ ਕਰਨ ਉਪਰੰਤ ਡਾ: ਸਿੰਗਲਾ ਨੂੰ ਬੁਲਾਇਆ ਜਿਨ੍ਹਾਂ ਨੇ ਆਪਣਾ ‘ਗੁਨਾਹ’ ਕਬੂਲ ਕਰ ਲਿਆ ਇਸ ਲਈ ਉਹ ਉਨ੍ਹਾਂ ਨੂੰ ਬਰਖ਼ਾਸਤ ਹੀ ਨਹੀਂ ਕਰ ਰਹੇ ਸਗੋਂ ਉਨ੍ਹਾਂ ਖਿਲਾਫ਼ ਕੇਸ ਵੀ ਦਰਜ ਹੋ ਰਿਹਾ ਹੈ। ਇਸ ਦੇ ਨਾਲ ਹੀ ਡਾ: ਸਿੰਗਲਾ ਦੀ ਗ੍ਰਿਫ਼ਤਾਰੀ ਹੋ ਗਈ ਜਿਸ ਮਗਰੋਂ ਸਮਾਂ ਪਾ ਕੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਜੋ ਕਿ ਨਿਆਂਇਕ ਪ੍ਰਕ੍ਰਿਆ ਦਾ ਇਕ ਹਿੱਸਾ ਹੈ ਪਰ ਉਨ੍ਹਾਂ ਨੂੰ ਸਰਕਾਰ ਵਿੱਚੋਂ ਕੱਢਣਾ ਅਤੇ ਪਾਰਟੀ ਵਿੱਚ ਰੱਖਣਾ ‘ਆਪ’ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ ਤੇ ਵਿਰੋਧੀ ਧਿਰਾਂ ਇਸ ’ਤੇ ਲਗਾਤਾਰ ਸਵਾਲ ਉਠਾ ਰਹੀਆਂ ਹਨ। ਸਵਾਲ ਇਹ ਉੱਠ ਰਿਹਾ ਹੈ ਕਿ ਜਿਹੜਾ ਵਿਅਕਤੀ ਮੁੱਖ ਮੰਤਰੀ ਨੇ ਖ਼ੁਦ ‘ਭ੍ਰਿਸ਼ਟਾਚਾਰੀ’ ਪਾਇਆ, ਉਸਨੂੰ ਕੈਬਨਿਟ ਵਿੱਚੋਂ ਬਰਖ਼ਾਸਤ ਕੀਤਾ ਅਤੇ ਉਸ ਖਿਲਾਫ਼ ਕੇਸ ਦਰਜ ਕਰਵਾਕੇ ਉਸਦੀ ਗ੍ਰਿਫ਼ਤਾਰੀ ਕਰਵਾ ਦਿੱਤੀ, ਉਸਨੂੰ ਪਾਰਟੀ ਵਿੱਚ ਰੱਖਣਾ ਉਚਿਤ ਕਿਵੇਂ ਠਹਿਰਾਇਆ ਜਾ ਸਕਦਾ ਹੈ।

ਦੂਜੀ ਵੇਰਾਂ ਸਰਕਾਰ ਉਸ ਵੇਲੇ ਘਿਰਦੀ ਨਜ਼ਰ ਆਈ ਸੀ ਜਦ ਸਿਹਤ ਮੰਤਰੀ ਸ:ਚੇਤਨ ਸਿੰਘ ਜੌੜਾਮਾਜਰਾ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀ.ਸੀ. ਡਾ: ਰਾਜ ਬਹਾਦੁਰ ਨੂੰ ਹਸਪਤਾਲ ਦੇ ਇਕ ਵਾਰਡ ਵਿੱਚ ਉਸ ਗੱਦੇ ’ਤੇ ਲੇਟ ਕੇ ਵਿਖ਼ਾਉਣ ਲਈ ਕਹਿ ਦਿੱਤਾ ਜਿਸ ਦੀ ਹਾਲਤ ਉਨ੍ਹਾਂ ਨੂੰ ਸਹੀ ਨਹੀਂ ਜਾਪੀ ਸੀ। ਗੱਦੇ ਦੀ ਹਾਲਤ ਵਾਕਿਆ ਹੀ ਸਹੀ ਨਹੀਂ ਸੀ ਪਰ ਇਹ ਗੱਲ ਵੀ ਰਹੀ ਕਿ ਬਹੁਤ ਸਾਰੇ ਲੋਕਾਂ ਅਤੇ ਖ਼ਾਸਕਰ ਵਿਰੋਧੀਆਂ ਨੇ ਸ: ਜੌੜਾਮਾਜਰਾ ਦਾ ਵਤੀਰਾ ਵੀ ਸਹੀ ਨਹੀਂ ਸਮਝਿਆ। ਉਸ ਵੇਲੇ ਮੁੱਖ ਮੰਤਰੀ ਵੱਲੋਂ ਖ਼ੁਦ ਖ਼ੇਦ ਪ੍ਰਗਟਾਉਣ ਦੇ ਬਾਵਜੂਦ ਜਦ ਡਾ: ਰਾਜ ਬਹਾਦੁਰ ਆਪਣੇ ਅਸਤੀਫ਼ੇ ’ਤੇ ਅੜੇ ਰਹੇ ਤਾਂ ਸਰਕਾਰ ਕੋਲ ਮੰਤਰੀ ਜਾਂ ਵੀ.ਸੀ. ਵਿੱਚੋਂ ਇਕ ਨੂੂੰ ਚੁਨਣ ਦਾ ਰਾਹ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਕਿਸੇ ਵੀ ਗੱਲ ਕਰਕੇ ਦੂਜੇ ਮੰਤਰੀ ਦੀ ‘ਵਿਕਟ ਡਾਊਨ’ ਕਰ ਦੇਣਾ ਸਰਕਾਰ ਲਈ ਸਹੀ ਨਾ ਮੰਨਦਿਆਂ ਸ: ਜੌੜਾਮਾਜਰਾ ਦੇ ਹੱਕ ਵਿੱਚ ਖੜ੍ਹਣ ਦਾ ਫ਼ੈਸਲਾ ਲਿਆ ਗਿਆ ਅਤੇ ਡਾ: ਰਾਜ ਬਹਾਦੁਰ ਦੀ ਥਾਂ ਨਵਾਂ ਵੀ.ਸੀ. ਲਗਾ ਦਿੱਤਾ ਗਿਆ।

ਹੁਣ ਤੀਜਾ ਮਾਮਲਾ ਆਇਆ ਹੈ ਸ: ਫ਼ੌਜਾ ਸਿੰਘ ਸਰਾਰੀ ਦਾ। ਇਸ ਮਾਮਲੇ ਵਿੱਚ ਵਿਰੋਧੀ ਧਿਰਾਂ ਹਮਲਾਵਰ ਰੁਖ਼ ਅਪਨਾ ਰਹੀਆਂ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਸ: ਬਿਕਰਮ ਸਿੰਘ ਮਜੀਠੀਆ ਨੇ ਸੀ.ਬੀ.ਆਈ. ਦੀ ਜਾਂਚ ਅਤੇ ਸ: ਫ਼ੌਜਾ ਸਿੰਘ ਸਰਾਰੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਤਾਂ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਤੋਂ ਮੰਤਰੀ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸ: ਸਰਾਰੀ ਦੇ ਮਾਮਲੇ ਨੂੰ ‘ਉਪਨ ਐਂਡ ਸ਼ੱਟ ਕੇਸ’ ਦੱਸਦਿਆਂ ਸ: ਸਰਾਰੀ ਨੂੰ ਵੀ ਡਾ:ਸਿੰਗਲਾ ਦੀ ਰਾਹ ਤੋਰਣ ਦੀ ਮੰਗ ਮੁੱਖ ਮੰਤਰੀ ਤੋਂ ਕੀਤੀ ਹੈ। ਕਾਂਗਰਸ ਦੇ ਵਿਧਾਇਕ ਸ: ਸੁਖ਼ਪਾਲ ਸਿੰਘ ਖ਼ਹਿਰਾ ਨੇ ਇਕ ਪੈਰ ਹੋਰ ਅਗਾਂਹ ਜਾਂਦਿਆਂ ਕਿਹਾ ਹੈ ਕਿ ਮੰਤਰੀ ਤਾਂ ‘ਟਰੈਪ’ ਲਾ ਕੇ ‘ਫ਼ਿਰੌਤੀ’ ਮੰਗਣ ਦੀ ਸਾਜ਼ਿਸ਼ ਰਚ ਰਿਹਾ ਸੀ, ਇਹ ਕੇਵਲ ਭ੍ਰਿਸ਼ਟਾਚਾਰ ਨਹੀਂ, ਸਗੋਂ ‘ਐਕਸਟੌਰਸ਼ਨ ਅਤੇ ਬਲੈਕਮੇਲ’ ਹੈ। ਉਨ੍ਹਾਂ ਕਿਹਾ ਹੈ ਕਿ ਇਸ ਦਾ ਮਤਲਬ ਹੈ ਕਿ ਡਾ: ਵਿਜੇ ਸਿੰਗਲਾ ਖਿਲਾਫ਼ ਕੀਤੀ ਗਈ ਕਾਰਵਾਈ ਸੰਗਰੂਰ ਚੋਣ ਜਿੱਤਣ ਲਈ ਰਾਜਨੀਤੀ ਤੋਂ ਪ੍ਰੇਰਿਤ ਐਕਸ਼ਨ ਸੀ।

‘ਆਮ ਆਦਮੀ ਪਾਰਟੀ’ ਦੇ ਹੀ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਸ: ਸਰਾਰੀ ਦੇੇ ਇਸ ਆਡੀਓ ਦੇ ਖਿਲਾਫ਼ ਮੂੰਹ ਨਾ ਖੋਲ੍ਹਣ ਤੋਂ ਇਹ ਤਾਂ ਇਸ਼ਾਰਾ ਮਿਲਦਾ ਹੀ ਹੈ ਕਿ ਆਡੀਓ ਸਹੀ ਹੈ ਹਾਲਾਂਕਿ ਅਜੇ ਵੀ ਵੇਖ਼ਣਾ ਹੋਵੇਗਾ ਕਿ ਜਦ ਸ: ਸਰਾਰੀ ਜਾਂ ਫ਼ਿਰ ਸਰਕਾਰ ਕੁਝ ਕਹਿੰਦੀ ਹੈ ਤਾਂ ਕੀ ਕਹਿੰਦੀ ਹੈ। ਇਸ ਆਗੂ ਦਾ ਕਹਿਣਾ ਹੈ ਕਿ ਦਰਅਸਲ ਸ: ਫ਼ੌਜਾ ਸਿੰਘ ਸਰਾਰੀ ’ਤੇ ਲੱਗਾ ਇਲਜ਼ਾਮ ਡਾ: ਸਿੰਗਲਾ ’ਤੇ ਲੱਗੇ ਇਲਜ਼ਾਮ ਤੋਂ ਰਤਾ ‘ਅਗਲੇ ਲੈਵਲ’ ਦਾ ਹੈ।

ਉਹਨਾਂ ਕਿਹਾ ਕਿ ਡਾ: ਸਿੰਗਲਾ ’ਤੇ ਤਾਂ ਇਹ ਦੋਸ਼ ਸੀ ਕਿ ਉਹ ਸਿਹਤ ਮਹਿਕਮੇ ਵਿੱਚ ਖ਼ਰੀਦ ਲਈ ਇਕ ਪ੍ਰਤੀਸ਼ਤ ਕਮਿਸ਼ਨ ਮੰਗ ਰਹੇ ਸਨ ਜਿਹੜੀ ਪਹਿਲਾਂ ਚੱਲੀਆਂ ਆਉਂਦੀਆਂ ਰਵਾਇਤਾਂ ਨਾਲੋਂ ਕਾਫ਼ੀ ‘ਡਿਸਕਾਊਂਟਿਡ ਰੇਟ’ ’ਤੇ ਸੀ ਜਦਕਿ ਸ: ਫ਼ੌਜਾ ਸਿੰਘ ਸਰਾਰੀ ਤਾਂ (ਜੇ ਉਨ੍ਹਾਂ ਦੀ ਆਡੀਓ ਸਹੀ ਹੈ ਅਤੇ ਜਿਸ ਬਾਰੇ ਉਨ੍ਹਾਂ ਅਜੇ ਤਕ ਨਹੀਂ ਕਿਹਾ ਕਿ ਗ਼ਲਤ ਹੈ) ਢਾਈ ਕਰੋੜ ਦਾ ਘਪਲਾ ਸਾਹਮਣੇ ਆਉਣ ’ਤੇ ਇਸ ਘਪਲੇ ਦੇ ਕਥਿਤ ਦੋਸ਼ੀਆਂ ਨੂੰ ਚੰਗੀ ਤਰ੍ਹਾਂ ਫ਼ਸਾਉਣ ’ਤੇ ਫ਼ਿਰ ਉਨ੍ਹਾਂ ਨਾਲ ਇਕ ਚੰਗੀ ਡੀਲ’ ਕਰਨ ਦੀਆਂ ਗੱਲਾਂ ਕਰਦੇ ਪਾਏ ਗਏ ਹਨ।

ਇਹ ਵੇਖ਼ਣਾ ਦਿਲਚਸਪ ਹੋਵੇਗਾ ਕਿ ਇਸ ਮਾਮਲੇ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਕੀ ਰੁਖ਼ ਅਪਨਾਉਂਦੇ ਹਨ ਕਿਉਂਕਿ ਸ: ਮਾਨ ਦੀ ਜਰਮਨੀ ਤੋਂ ਵਾਪਸੀ ’ਤੇ ਇਸ ਮਾਮਲੇ ਵਿੱਚ ਵਿਰੋਧੀਆਂ ਦੇ ਹਮਲੇ ਹੋਰ ਤਿੱਖੇ ਹੋਣ ਦੀ ਉਮੀਦ ਹੈ। ‘ਆਪ’ ਸਰਕਾਰ ਲਈ ਇਹ ਇਕ ਹੋਰ ਦੁਚਿੱਤੀ ਵਾਲੀ ਘੜੀ ਹੋਵੇਗੀ। ਉਂਜ ਸਰਕਾਰ ਬਣਨ ਦੇ 6 ਮਹੀਨਿਆਂ ਦੇ ਅੰਦਰ ਅੰਦਰ ਹੀ ਤਿੰਨ ਮੰਤਰੀਆਂ ਦੇ ਵਿਵਾਦ ਅਤੇ ਇਕ ਦੀ ਬਰਖ਼ਾਸਤਗੀ ਤੋਂ ਬਾਅਦ ਇਕ ਹੋਰ ਮੰਤਰੀ ਦੀ ਬਰਖ਼ਾਸਤਗੀ ਨਾ ਤਾਂ ‘ਕੱਟੜ ਇਮਾਨਦਾਰ’ ਸਰਕਾਰ ਵਾਲੇ ਅਕਸ ਦੇ ਮੁਤਾਬਕ ਹੋਵੇਗੀ ਅਤੇ ਨਾ ਹੀ ਹਿਮਾਚਲ, ਹਰਿਆਣਾ ਅਤੇ ਗੁਜਰਾਤ ਚੋਣਾਂ ਵਿੱਚ ਹੀ ਸਹਾਈ ਹੋਵੇਗੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION